
December 6, 2009 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (6 ਦਸੰਬਰ, 2009): ਕੱਲ ਲੁਧਿਆਣਾ ਵਿਖੇ ਇੱਕ ਦੇਹਧਾਰੀ ਪਾਖੰਡੀ ਆਸ਼ੂਤੋਸ਼ ਦੇ ਸਮਾਗਮ ਰੋਕਣ ਦੇ ਯਤਨਾਂ ਤਹਿਤ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣੇ ਭਾਈ ਦਰਸ਼ਨ ਸਿੰਘ ਵਾਸੀ ਪਿੰਡ ਲੋਹਾਰਾ ਨੇੜੇ ਲੁਧਿਆਣਾ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਇਸ ਮੌਕੇ ਸਿੱਖ ਆਗੂਆਂ, ਧਾਰਮਿਕ ਸ਼ਖਸੀਅਤਾਂ ਤੇ ਸਿੱਖ ਸੰਗਤ ਦੇ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਮੱਦੇ-ਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ।
ਸ਼ਹੀਦ ਭਾਈ ਦਰਸ਼ਨ ਸਿੰਘ (ਲੋਹਾਰਾ)
ਕੱਲ ਦੇਰ ਸ਼ਾਮ ਸਾਰੇ ਲੁਧਿਆਣਾ ਸ਼ਹਿਰ ਵਿੱਚ ਹੀ ਕਰਫਿਊ ਲਗਾ ਦਿੱਤਾ ਗਿਆ ਸੀ ਤੇ ਭਾਰੀ ਤਦਾਦ ਵਿੱਚ ਪੁਲਿਸ ਅਤੇ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਸਨ। ਜਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਸਿੱਖ ਸੰਗਤ ਨੂਰਮਹਿਲ ਦੇ ਇੱਕ ਬਿਹਾਰੀ ਡੇਰੇਦਾਰ ਆਸ਼ੂਤੋਸ਼ ਦੇ ਸਮਾਗਮਾਂ ਦਾ ਵਿਰੋਧ ਕਰ ਰਹੀ ਸੀ, ਪਰ ਪ੍ਰਸ਼ਾਸਨ ਨੇ ਸਰਕਾਰੀ ਤੇ ਰਾਜਸੀ ਦਬਾਅ ਹੇਠ ਸਿੱਖ ਸੰਗਤ ਦੇ ਤਿੱਖੇ ਵਿਰੋਧ ਨੂੰ ਅੱਖੋਂ ਪਰੋਖੇ ਕਰ ਦਿੱਤਾ। ਇੱਕ ਪਾਸੇ 4 ਦਸੰਬਰ ਨੂੰ ਬਿਹਾਰੀ ਮਜਦੂਰਾਂ ਵੱਲੋਂ ਲੁਧਿਆਣਾ ਵਿਖੇ ਕੀਤੀ ਗਈ ਭਾਰੀ ਹਿੰਸਾ, ਜਿਸ ਵਿੱਚ ਕਈ ਵਾਹਨ ਅੱਗ ਦੀ ਭੇਟ ਕਰ ਦਿੱਤੇ ਗਏ ਅਤੇ ਆਮ ਮੁਸਾਫਿਰਾਂ ਨੂੰ ਲੁਟਿੱਆ-ਕੁੱਟਿਆ ਗਿਆ, ਸਮੇਂ ਪੁਲਿਸ ਮੂਕ ਦਰਸ਼ਕ ਬਣੀ ਦੇਖਦੀ ਰਹੀ। ਪਰ ਦੂਸਰੇ ਪਾਸੇ ਕੱਲ ਜਦੋਂ ਸਿੱਖ ਸੰਗਤ ਵੱਲੋਂ ਗੁਰਦੋਖੀ ਦੇ ਸਮਾਗਮ ਬੰਦ ਕਰਵਾਉਣ ਲਈ ਵਿਰੋਧ ਪ੍ਰਦਸ਼ਨ ਕੀਤੇ ਜਾ ਰਹੇ ਸਨ ਤਾਂ ਪੁਲਿਸ ਵੱਲੋਂ ਸਿੱਖ ਸੰਗਤ ਉੱਤੇ ਸਿੱਧੀ ਗੋਲੀ ਚਲਾ ਕੇ ਇੱਕ ਸਿੰਘ ਸ਼ਹੀਦ ਅਤੇ ਕਈ ਜਖਮੀ ਕਰ ਦਿੱਤੇ ਗਏ।
ਅੱਜ ਦੀਆਂ ਅਖਬਾਰੀ ਖਬਰਾਂ ਮੁਤਾਬਿਕ ਬਾਬਾ ਹਰਨਾਮ ਸਿੰਘ, ਮੁਖੀ ਦਮਦਮੀ ਟਕਸਾਲ ਸਮੇਤ ਕਈ ਪੰਥਕ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਬਿਨਾ ਭੜਕਾਹਟ ਅਤੇ ਬਿਨਾ ਚੇਤਾਵਨੀ ਦੇ ਹੀ ਸਿੱਖਾਂ ਉੱਤੇ ਸਿੱਧੀ ਗੋਲੀ ਚਲਾ ਦਿੱਤੀ।
ਦਲ ਖਾਲਸਾ, ਪੰਚ ਪ੍ਰਧਾਨੀ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਅਜੇ ਵੀ ਹਾਲਾਤ ਨਾਜੁਕ ਬਣੇ ਹੋਏ ਹਨ ਤੇ ਸਿੱਖ ਸੰਗਤਾਂ ਅੰਦਰ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਤੇ ਗੁੱਸਾ ਹੈ। ਸਿੱਖ ਸੰਗਤ ਵੱਲੋਂ ਅੱਜ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਹੈ।
Related Topics: Akali Dal Panch Pardhani, Anti-Sikh Deras, Dal Khalsa International, Khalsa Action Committee, Ludhiana Kand, Sikh organisations, Sikh Sangat