ਖਾਸ ਖਬਰਾਂ » ਚੋਣਵੀਆਂ ਲਿਖਤਾਂ » ਲੇਖ

ਸ. ਜਰਨੈਲ ਸਿੰਘ ਨੇ ਦਿੱਲੀ ਵਿਧਾਨ ਸਭਾ ਵਿੱਚ ਸਿੱਖ ਨਸਲਕੁਸ਼ੀ 1984 ਦਾ ਮਤਾ ਪਾਸ ਕਰਵਾਇਆ ਸੀ

May 15, 2021 | By

ਸਾਬਕਾ ਪੱਤਰਕਾਰ, ਸਿੱਖ ਸਿਆਸਤਦਾਨ ਅਤੇ ਪੰਥ ਦਰਦੀ ਸਿਰਦਾਰ ਜਰਨੈਲ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਸਿਰਦਾਰ ਜਰਨੈਲ ਸਿੰਘ ਹੋਰਾਂ ਵੱਲੋਂ ਅਪਰੈਲ 2009 ਵਿੱਚ ਪੀ. ਚਿਤੰਬਰਮ ਦੀ ਪ੍ਰੈਸ ਕਾਨਫਰੰਸ ਦੋਰਾਨ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੀ ਘਟਨਾ ਤੋਂ ਤਕਰੀਬਨ ਹਰ ਕੋਈ ਵਾਕਿਫ ਹੈ ਪਰ ਇਹ ਗੱਲ ਬਹੁਤ ਚੁਣਵੇਂ ਲੋਕ ਹੀ ਜਾਣਦੇ ਹਨ ਕਿ ਸਿਰਦਾਰ ਜਰਨੈਲ ਸਿੰਘ ਨੇ ਦਿੱਲੀ ਦੀ ਵਿਧਾਨ ਸਭਾ ਵਿੱਚ ਸਿੱਖ ਨਸਲਕੁਸ਼ੀ ਦਾ ਤੱਥ ਵੀ ਬਕਾਇਦਾ ਤਸਲੀਮ ਕਰਵਾਇਆ ਸੀ। ਅੱਜ ਵੀ ਜਦੋਂ ਦੁਨੀਆ ਦੇ ਹੋਰ ਮੁਲਕ ਵਿਚਲੇ ਸਰਕਾਰੀ ਅਦਾਰੇ ਸਿੱਖ ਨਸਲਕੁਸ਼ੀ ਦਾ ਤੱਥ ਤਸਲੀਮ ਕਰਦੇ ਹਨ ਤਾਂ ਇੰਡੀਆ ਦੀ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਪਰ ਇੰਡੀਆ ਵਿੱਚ ਦਿੱਲੀ ਅਜਿਹਾ ਸੂਬਾ ਹੈ ਜਿਸ ਦੀ ਵਿਧਾਨ ਸਭਾ ਨੇ ਬਕਾਇਦਾ ਮਤੇ (ਮੋਸ਼ਨ) ਵਿੱਚ ਨਵੰਬਰ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਮੰਨਿਆ ਹੈ।

ਇਹ ਮਤਾ ਸ. ਜਰਨੈਲ ਸਿੰਘ ਹੋਰਾਂ ਨੇ 30 ਜੂਨ 2015 ਨੂੰ ਸ਼ਾਮ 4:49 ਵਜੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ ਅਤੇ ਇਹ ਮਤਾ ਸਰਬਸੰਮਤੀ ਨਾਲ (ਸਮੇਤ ਭਾਜਪਾ ਦੇ ਤਿੰਨਾਂ ਐਮ.ਐਲ. ਇਆਂ ਦੀ ਸਹਿਮਤੀ ਦੇ) ਪ੍ਰਵਾਣ ਕੀਤਾ ਗਿਆ ਸੀ। ਇਸ ਤੱਥ ਦੀ ਜਾਣਕਾਰੀ ਜ਼ਿਆਦਾ ਨਹੀਂ ਫੈਲ ਸਕੀ ਕਿਉਂਕਿ ਇੰਡੀਅਨ ਮੀਡੀਏ ਨੇ ਇਸ ਗੱਲ ਨੂੰ ਜ਼ਿਆਦਾ ਨਸ਼ਰ ਨਹੀਂ ਕੀਤਾ।

ਇਸ ਬਾਰੇ ਸਿੱਖ ਸਿਆਸਤ ਨੂੰ ਵੀ ਉਦੋਂ ਪਤਾ ਲੱਗਾ ਸੀ ਜਦੋਂ ਸਿੱਖ ਨਸਲਕੁਸ਼ੀ ਦੀ ਕੌਮਾਂਤਰੀ ਮਾਨਤਾ ਬਾਰੇ ਇੰਡੀਆ ਦੇ ਵਿਰੋਧ ਬਾਰੇ ਇੱਕ ਲਿਖਤ ਅਸੀਂ ਸਿੱਖ ਸਿਆਸਤ ਉੱਤੇ ਸਾਂਝੀ ਕੀਤੀ ਸੀ ਜਿਸ ਵਿੱਚ ਸਿੱਖ ਨਸਲਕੁਸ਼ੀ ਦੀ ਮਾਨਤਾ ਦੇ ਕੌਮਾਂਤਰੀ ਹਵਾਲੇ ਸ਼ਾਮਿਲ ਸਨ। ਇਸ ਲਿਖਤ ਨੂੰ ਪੜ੍ਹ ਕੇ ਸਿਰਦਾਰ ਜਰਨੈਲ ਸਿੰਘ ਹੋਰਾਂ ਇਸ ਤੱਥ ਦੀ ਸਾਂਝ ਪਾਈ ਕਿ ਅਜਿਹਾ ਮਤਾ ਦਿੱਲੀ ਵਿਧਾਨ ਸਭਾ ਵੀ ਪਾਸ ਹੋਇਆ ਹੈ ਅਤੇ ਉਹਨਾਂ ਇਸ ਮਤੇ ਦੀ ਨਕਲ ਵੀ ਸਿੱਖ ਸਿਆਸਤ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕਿਵੇਂ ਇਸ ਮਤੇ ਵਿਚੋਂ ‘ਨਸਲਕੁਸ਼ੀ’ (genocide) ਸ਼ਬਦ ਕੱਢਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਹੋਈ ਸੀ ਪਰ ਉਹ ਇਸ ਗੱਲ ਉੱਤੇ ਕਾਇਮ ਰਹੇ ਅਤੇ ਇਹ ਮਤਾ ਮੂਲ ਰੂਪ ਵਿੱਚ ਹੀ ਪ੍ਰਵਾਣ ਕਰਵਾਇਆ। ਇਹ ਮਤਾ ਦਿੱਲੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹੈ ਅਤੇ ਇਸ ਦੀ ਨਕਲ ਦਿੱਲੀ ਵਿਧਾਨ ਸਭਾ ਦੀ ਵੈਬਸਾਈਟ ਉੱਤੇ ਮੌਜੂਦ ਹੈ। ਸਿਰਦਾਰ ਜਰਨੈਲ ਸਿੰਘ ਦੇ ਕੀਤੇ ਕਾਰਜ ਸਦਾ ਯਾਦ ਰੱਖੇ ਜਾਣਗੇ ਅਤੇ ਸਿੱਖ ਨਸਲਕੁਸ਼ੀ ਦਾ ਮਤਾ ਦਿੱਲੀ ਵਿਧਾਨ ਸਭਾ ਵਿੱਚ ਕਰਾਉਣਾ ਅਜਿਹਾ ਹੀ ਇੱਕ ਇਤਿਹਾਸਕ ਕਾਰਜ ਸੀ। ਅਕਾਲ ਪੁਰਖ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,