August 27, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ:ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ 37 ਸਾਲ ਪਹਿਲਾਂ ਜਹਾਜ ਅਗਵਾਹ ਕਰਨ ਦੇ ਕੇਸ ਵਿੱਚ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤੇਜਿੰਦਰਪਾਲ ਸਿੰਘ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਇਸ ਘਟਨਾ ਸਬੰਧੀ 29 ਸਤੰਬਰ 2011 ਨੂੰ ਦਿੱਲੀ ਅਦਾਲਤ ਵਿਚ ਸਟੇਟ ਵਿਰੁੱਧ ਜੰਗ ਝੇੜਨ ਦੀਆਂ ਮੱਦਾਂ ਤਹਿਤ “ਸਪਲੀਮੈਂਟਰੀ ਚਲਾਨ” ਦਿੱਲੀ ਅਦਾਲਤ ਵਿਚ ਪੇਸ਼ ਕੀਤਾ ਸੀ, ਜਿਸ ਵਿਚ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਅਤੇ ਭਾਈ ਤੇਜਿੰਦਰਪਾਲ ਸਿੰਘ ਨੂੰ 36 ਸਾਲ ਪਹਿਲਾਂ ਦਰਜ ਕੀਤੇ ਮਾਮਲੇ ਵਿਚ ਮੁੜ ਨਾਮਜ਼ਦ ਕੀਤਾ ਗਿਆ ਸੀ।
ਦਿੱਲੀ ਪੁਲਿਸ ਦੀ ਉਕਤ ਕਾਰਵਾਈ ਖਿਲਾਫ ਦੋਹਾਂ ਸਿੱਖਾਂ ਨੇ ਦਸੰਬਰ 2012 ਵਿਚ ਦਿੱਲੀ ਹਾਈ ਕੋਰਟ ਵਿਚ ਅਰਜੀ ਦਾਖਲ ਕਰਕੇ ਦਿੱਲੀ ਪੁਲਿਸ ਵੱਲੋਂ ਮੁੜ ਦਾਖਲ ਕੀਤੇ ਚਲਾਣ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਰ 18 ਮਈ 2017 ਨੂੰ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਖਿਲਾਫ ਹੇਠਲੀ ਅਦਾਲਤ ਵਲੋਂ ਜਾਰੀ ਕੀਤੇ ਗੈਰ ਜਮਾਨਤੀ ਵਰੰਟ ਖਤਮ ਕਰਦਿਆਂ ਉਹਨਾਂ ਨੂੰ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤ ਦੀ ਅਰਜੀ ਦਾਖਲ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਦਿੱਲੀ ਦੀ ਅਦਾਲਤ ਵਿੱਚ ਉਨ੍ਹਾਂ ਖਿਲਾਫ ਮੁੜ ਮੁਕਦਮੇਂ ਦੀ ਕਾਰਵਾਈ ਸ਼ੁਰੂ ਹੋਈ। ਅੱਜ ਉਹ ਇਸੇ ਮੁਕਦਮੇਂ ਵਿਚੋਂ ਬਰੀ ਹੋਏ ਹਨ।
1981 ਜਹਾਜ਼ ਅਗਵਾਹ ਮਾਮਲੇ ਵਿੱਚ ਸਿੱਖ ਸਿਆਸਤ ਦੇ ਸੰਪਾਦਕ ਵੱਲੋਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨਾਲ ਕੀਤੀ ਗਈ ਗੱਲਬਾਤ ਸੁਣੋ:
ਜ਼ਿਕਰਯੋਗ ਹੈ ਕਿ 20 ਸਤੰਬਰ, 1981 ਨੂੰ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਅਤੇ ਮਹਿਤਾ ਚੌਂਕ ਪੁਲਿਸ ਵੱਲੋਂ ਗੋਲੀਆਂ ਚਲਾ ਕੇ 19 ਸਿੱਖਾਂ ਨੂੰ ਸ਼ਹੀਦ ਕਰਨ ਦੀ ਕਾਰਵਾਈ ਦੇ ਵਿਰੋਧ ਵਿੱਚ ਪੰਜ ਸਿੱਖਾਂ- ਭਾਈ ਗਜਿੰਦਰ ਸਿੰਘ, ਭਾਈ ਕਰਨ ਸਿੰਘ, ਭਾਈ ਜਸਬੀਰ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਜਿੰਦਰਪਾਲ ਸਿੰਘ ਨੇ 29 ਸਤੰਬਰ, 1981 ਨੂੰ ਸ਼੍ਰੀ ਨਗਰ ਤੋਂ ਦਿੱਲੀ ਆ ਰਿਹਾ ਇਕ ਯਾਤਰੀ ਜਹਾਜ਼ ਅਗਵਾ ਕਰ ਕਰਕੇ ਉਸ ਨੂੰ ਪਾਕਿਸਤਾਨ ਲੈ ਗਏ ਸਨ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਜਹਾਜ਼ ਦੇ ਕਰਿੰਦੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ। ਪੰਜਾਂ ਸਿੱਖਾਂ ਨੂੰ ਜਹਾਜ਼ ਅਗਵਾਹ ਕਰਨ ਲਈ ਪਾਕਿਸਤਾਨ ਵਿੱਚ ਉਮਰ ਕੈਦ ਦੀ ਸਜਾ ਦਿੱਤੀ ਗਈ ਸੀ। ਸਜਾ ਪੂਰੀ ਕਰਕੇ ਭਾਈ ਤਜਿੰਦਰਪਾਲ ਸਿੰਘ ਅਤੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਪੰਜਾਬ ਵਾਪਸ ਆ ਗਏ ਸਨ ਜਦੋਂਕਿ ਭਾਈ ਗਜਿੰਦਰ ਸਿੰਘ ਅਜੇ ਵੀ ਜਲਾਵਤਨ ਹਨ ਤੇ ਜਸਬੀਰ ਸਿੰਘ ਅਤੇ ਕਰਨ ਸਿੰਘ ਸਵਿਟਜ਼ਰਲੈਂਡ ਵਿੱਚ ਰਾਜਸੀ ਸ਼ਰਨ ਉੱਤੇ ਹਨ।
Related Topics: Bhai Satnam Singh Paonta Sahib, Dal Khalsa International, Tejinder Singh Hijacker