October 14, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਵੱਡੇ ਇਤਿਹਾਸਕ ਵਰਤਾਰੇ ਕੌਮਾਂ ਦੀ ਸਮੂਹਕ ਯਾਦ ਦਾ ਹਿੱਸਾ ਹੁੰਦੇ ਹਨ ਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਵਿਚ ਇਤਿਹਾਸਕ ਨਿਸ਼ਾਨੀਆਂ ਖਾਸ ਅਹਿਮੀਅਤ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਹਰੇਕ ਕੌਮ ਆਪਣੇ ਇਤਿਹਾਸਕ ਵਿਰਸੇ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੀ ਹੈ।
ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅਤੇ ਹਰੋਨਾਂ ਗੁਰਧਾਮਾਂ ਉਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸੀ। ਇਸ ਮੌਕੇ ਜੂਝ ਕੇ ਸ਼ਹਾਦਤਾਂ ਪਾਉਣ ਵਾਲੇ ਸੂਰਬੀਰ ਯੋਧਿਆਂ ਦੀ ਯਾਦਗਾਰ ਤਾਂ ਸਿੱਖਾਂ ਵੱਲੋਂ ਦਰਬਾਰ ਸਾਹਿਬ ਸਮੂਹ ਵਿਚ ਸਥਾਪਤ ਕਰ ਲਈ ਗਈ ਹੈ ਪਰ ਇਸ ਘੱਲੂਘਾਰੇ ਦੀ ਸਵੈ-ਸਿੱਧ ਯਾਦਗਾਰ ਲੰਘੇ 35 ਵਰ੍ਹਿਆਂ ਦੌਰਾਨ ‘ਖਜਾਨਾ ਡਿਓੜੀ’ ਦੀ ਜਖਮੀ ਇਮਾਰਤ ਦੇ ਰੂਪ ਵਿਚ ਉਭਰੀ ਹੈ।
ਖਜਾਨਾ ਡਿਓੜੀ ਦੀ ਛੱਤ ਉੱਤੇ ਬਣਿਆ ਪਾਲਕੀ ਨੁਮਾ ਦਰਵਾਜ਼ਾ ਜਿਸ ਵਿਚ ਕਈ ਗੋਲੀਆਂ ਦੇ ਨਿਸ਼ਾਨ ਹਨ
ਭਾਰਤੀ ਫੌਜ ਦੇ ਹਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਖਮੀ ਹੋਈ ਇਮਾਰਤ ਦੀ ਤਾਂ ਸਰਕਾਰ ਵੱਲੋਂ ਉਦੋਂ ਹੀ ਮੁਰੰਮਤ ਕਰਵਾ ਦਿੱਤੀ ਗਈ ਸੀ, ਜਿਸ ਨੂੰ ਸਿੱਖ ਪੰਥ ਨੇ ਪ੍ਰਵਾਣ ਨਹੀਂ ਸੀ ਕੀਤਾ ਅਤੇ ਉਸ ਇਮਾਰਤ ਨੂੰ ਢਾਹ ਕੇ ਪੰਥ ਵੱਲੋਂ ਉਥੇ ਤਖ਼ਤ ਸਾਹਿਬ ਦੀ ਮੌਜੂਦਾ ਇਮਾਰਤ ਉਸਾਰੀ ਗਈ ਸੀ।
ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਇਮਾਰਤਾਂ ਉਤੇ ਗੋਲੀਆਂ ਦੇ ਨਿਸ਼ਾਨਾਂ ਦੇ ਰੂਪ ਵਿਚ ਭਾਰਤੀ ਫੌਜ ਦੇ ਹਮਲੇ ਦੇ ਨਿਸ਼ਾਨ ਮੌਜੂਦ ਸਨ ਉਹ ਹੌਲੀ- ਹੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਟਾ ਦਿੱਤੇ ਗਏ।
ਦਰਬਾਰ ਸਾਹਿਬ ਦੀ ਡਿਓੜੀ ਤੋਂ ਹਮਲੇ ਦੇ ਨਿਸ਼ਾਨ ਕਿਵੇਂ ਮਿਟਾਏ ਗਏ:
ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਉਤੇ ਕਈ ਗੋਲੀਆਂ ਦੇ ਨਿਸ਼ਾਨ ਸਨ ਪਰ ਸ਼੍ਰੋ.ਗੁ.ਪ੍ਰ.ਕ. ਨੇ ਦਰਸ਼ਨੀ ਡਿਓੜੀ ਤੋਂ ਗੋਲੀਆਂ ਦੇ ਨਿਸ਼ਾਨਾਂ ਵਾਲੀਆਂ ਸੰਗਮਰਮਰ ਦੀਆਂ ਸਿੱਲਾਂ ਹਟਾ ਕੇ ਉਨ੍ਹਾਂ ਦੀ ਥਾਵੇਂ ਨਵੀਆਂ ਸਿੱਲਾਂ ਲਾ ਦਿੱਤੀਆਂ। ਉਸ ਵੇਲੇ ਕਿਹਾ ਇਹ ਗਿਆ ਸੀ ਕਿ ਦਰਸ਼ਨੀ ਡਿਓੜੀ ’ਤੇ ਜਿੱਥੇ- ਜਿੱਥੇ ਵੀ ਗੋਲੀਆਂ ਦੇ ਨਿਸ਼ਾਨ ਸਨ ਉਥੇ ਸਟੀਲ ਦੇ ਚੱਕਰ ਲਾਏ ਜਾਣਗੇ ਤਾਂ ਕਿ ਗੋਲੀਆਂ ਦੇ ਨਿਸ਼ਾਨ ਵਾਲੀ ਥਾਂ ਦਾ ਪਤਾ ਲੱਗ ਸਕੇ। ਅਜਿਹੇ ਚੱਕਰ ਲਾਏ ਵੀ ਗਏ ਸਨ ਪਰ ਹੁਣ ਉਨ੍ਹਾਂ ਵਿਚੋਂ ਬਹੁਤੇ ਚੱਕਰ ਹਟ/ਡਿੱਗ ਚੁੱਕੇ ਹਨ।
ਆਖਰੀ ਬਚੀ ਯਾਦਗਾਰ:
ਅੱਜ ਦੇ ਸਮੇਂ ਵਿਚ ਸਿਰਫ ਖਜਾਨਾ ਡਿਓੜੀ ਦੀ ਹੀ ਅਜਿਹੀ ਇਮਾਰਤ ਹੈ ਜਿਸ ਨਾਲ ਹਾਲੀ ਹਮਲੇ ਤੋਂ ਬਾਅਦ ਬਹੁਤੀ ਛੇੜਛਾੜ ਨਹੀਂ ਕੀਤੀ ਗਈ।
ਖਜਾਨਾ ਡਿਓੜੀ ਕਿੱਥੇ ਸਥਿਤ ਹੈ?
ਖਜਾਨਾ ਡਿਓੜੀ ਦਰਬਾਰ ਸਾਹਿਬ ਸਮੂਹ ਵਿਚ ਅਕਾਲ ਤਖ਼ਤ ਸਾਹਿਬ ਦੇ ਸੱਜੇ ਹੱਥ ਸਥਿਤ ਹੈ। ਇਹ ਇਮਾਰਤ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਖੱਬੇ ਹੱਥ ਹਨ, ਦੇ ਬਿਲਕੁਲ ਸਾਹਮਣੇ ਹੈ।
ਖਜਾਨਾ ਡਿਓੜੀ ਦੀ ਛੱਤ ਉੱਤੇ ਬਣਿਆ ਪਾਲਕੀ ਨੁਮਾ ਦਰਵਾਜ਼ਾ ਜਿਸ ਵਿਚ ਕਈ ਗੋਲੀਆਂ ਦੇ ਨਿਸ਼ਾਨ ਹਨ
ਸ਼੍ਰੋ.ਗੁ.ਪ੍ਰ.ਕ. 2011 ਵਿਚ ਖਜਾਨਾ ਦੇ ਸੱਜੀ ਵੱਖੀ ’ਤੇ ਪਲਸਤਰ ਫੇਰ ਚੁੱਕੀ ਹੈ:
ਦੱਸਣਾ ਬਣਦਾ ਹੈ ਕਿ ਸਾਲ 2011 ਵਿਚ ਸ਼੍ਰੋ.ਗੁ.ਪ੍ਰ.ਕ. ਵੱਲੋਂ ਇਸ ਡਿਓੜੀ ਦੀ ਸੱਜੀ ਵੱਖੀ ਪਲਸਤਰ ਕਰ ਦਿੱਤੀ ਗਈ ਸੀ ਪਰ ਹਾਲੀ ਵੀ ਡਿਓੜੀ ਦਾ ਮੁਹਰਲਾ ਪਾਸਾ, ਅੰਦਰਲਾ ਹਿੱਸਾ ਅਤੇ ਇਸ ਉਤੇ ਬਣਿਆ ਪਾਲਕੀ-ਨੁਮਾ ਦਰਵਾਜਾ ਘੱਲੂਘਾਰਾ 1984 ਦੀ ਸਵੈ-ਸਿੱਧ ਯਾਦਗਾਰ ਵੱਜੋਂ ਹਮਲੇ ਦੇ ਨਿਸ਼ਾਨ ਸਾਂਭੀ ਬੈਠਾ ਹੈ।
ਖਜਾਨਾ ਡਿਓੜੀ ਦੀ ਸੱਜੀ ਵੱਖੀ ਸ਼੍ਰੋ.ਗੁ.ਪ੍ਰ.ਕ. ਨੇ ਸਾਲ 2011 ਵਿਚ ਪਲਸਤਰ ਕਰ ਦਿੱਤੀ ਸੀ
ਖਜਾਨਾ ਡਿਓੜੀ ਦੀ ‘ਕਾਰਸੇਵਾ’ ਸ਼ੁਰੂ ਹੋਣ ਜਾ ਰਹੀ ਹੈ:
ਸ਼੍ਰੋ.ਗੁ.ਪ੍ਰ.ਕ. ਵੱਲੋਂ ਬੀਤੇ ਕੱਲ੍ਹ (13 ਅਕਤੂਬਰ, 2019) ਨੂੰ ਇਸ ਡਿਓੜੀ ਦੀ ਸਾਂਭ-ਸੰਭਾਲ ਲਈ ਕਾਰਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਰੂਪ ਸਿੰਘ, ਕਾਰਜਕਾਰਨੀ ਦੇ ਹਿੱਸੇਦਾਰ ਰਜਿੰਦਰ ਸਿੰਘ ਮਹਿਤਾ ਵੱਲੋਂ ਕਾਰਸੇਵਾ ਸੰਪਰਦਾ ਭੂਰੀ ਵਾਲਿਆਂ ਦੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਤੇ ਹੋਰਨਾਂ ਨਾਲ ਮਿਲ ਕੇ ਇਸ ‘ਸਾਂਭ-ਸਭਾਲ’ ਕਾਰਸੇਵਾ ਦਾ ਉਧਘਾਟਨ ਕੀਤਾ ਹੈ।
13 ਅਕਤੂਬਰ, 2019 ਨੂੰ ਖਜਾਨਾ ਡਿਓੜੀ ਦੀ ਕਾਰਸੇਵਾ ਦਾ ਉਧਘਾਟਨ ਕਰਨ ਮੌਕੇ ਦੀ ਇਕ ਤਸਵੀਰ
ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਰੂਪ ਸਿੰਘ ਨੇ ਕਿਹਾ ਹੈ ਕਿ ਇਸ ਕਾਰਜ ਦੌਰਾਨ ਡਿਓੜੀ ਉਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਸਟੀਲ ਦੇ ਚੌਖਟਿਆਂ ਵਿਚ ਸ਼ੀਸ਼ਾ ਲਾ ਕੇ ਸਾਂਭਿਆ ਜਾਵੇਗਾ।
ਸਿੱਖ ਸੰਗਤ ਸੁਚੇਤ ਰਹੇ:
ਭਾਵੇਂ ਸ਼੍ਰੋ.ਗੁ.ਪ੍ਰ.ਕ. ਵੱਲੋਂ ਨਿਸ਼ਾਨਾਂ ਦੀ ਸਾਂਭ-ਸੰਭਾਲ ਦੀ ਹੀ ਗੱਲ ਕਹੀ ਜਾ ਰਹੀ ਹੈ ਪਰ ਇਸ ਗੱਲ ਦਾ ਭਾਰੀ ਖਦਸ਼ਾ ਹੈ ਕਿ ਦਰਸ਼ਨੀ ਡਿਓੜੀ ਵਿਖੇ ਲਾਏ ਗਏ ਸਟੀਲ ਦੇ ਚੱਕਰਾਂ ਵਾਙ ਇਹ ਸਟੀਲ ਦੇ ਚੌਖਟੇ ਤੇ ਸ਼ੀਸ਼ਾ ਇਸ ਇਤਿਹਾਸਕ ਯਾਦ ਨੂੰ ਮੇਟਣ ਵੱਲ ਪੁੱਟਿਆ ਜਾ ਰਿਹਾ ਕਦਮ ਹੋ ਸਕਦਾ ਹੈ। ਇਸ ਲਈ ਸਿੱਖ ਸੰਗਤਾਂ ਤੇ ਸੁਹਿਰਦ ਸਿੱਖ ਧਿਰਾਂ ਨੂੰ ਇਸ ਬਾਰੇ ਸੁਚੇਤ ਰਹਿਣ ਤੇ ਇਸ ਇਤਿਹਾਸਕ ਯਾਦਗਾਰ ਦੀ ਸੰਭਾਲ ਲਈ ਉਦਮ ਕਰਨ ਦੀ ਲੌੜ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਦਸ਼ੇ ਹਕੀਕਤ ਵਿਚ ਨਾ ਬਦਲ ਸਕਣ।
ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਮਾਮਲੇ ਤੋਂ ਸਬਕ ਲੈਣ ਦੀ ਲੋੜ:
ਇਸ ਸਬੰਧ ਵਿਚ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਦਾ ਮਾਮਲਾ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿਉਂਕਿ ਸਤੰਬਰ 2018 ਵਿਚ ਕਾਰਸੇਵਾ ਬਾਬਾ ਜਗਤਾਰ ਸਿੰਘ ਵੱਲੋਂ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤੇ ਜਾਣ ਉਤੇ ਇਹ ਕਾਰਵਾਈ ਰੋਕ ਦਿੱਤੀ ਗਈ। ਜਿਸ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਦੇ ਅਹੁਦੇਦਾਰਾਂ, ਜਿਨ੍ਹਾਂ ਵਿਚ ਮੌਜੂਦਾ ਮੁੱਖ ਸਕੱਤਰ ਰੂਪ ਸਿੰਘ ਵੀ ਸ਼ਾਮਲ ਸਨ, ਨੇ ਭਰੋਸਾ ਦਿਵਾਇਆ ਸੀ ਕਿ ਦਰਸ਼ਨੀ ਡਿਓੜੀ ਦੀ ਇਤਿਹਾਸਕ ਇਮਾਰਤ ਨਹੀਂ ਢਾਹੀ ਜਾਵੇਗੀ। ਪਰ ਫਿਰ 30 ਮਾਰਚ 2019 ਦੀ ਰਾਤ ਹਨੇਰੇ ਵਿਚ ਦਰਸ਼ਨੀ ਡਿਓੜੀ ਦਾ ਕਾਫੀ ਹਿੱਸਾ ਢਾਹ ਦਿੱਤਾ ਗਿਆ। ਭਾਵੇਂ ਕਿ ਸੰਗਤਾਂ ਦੇ ਵਿਰੋਧ ਤੋਂ ਬਾਅਦ ਡਿਓੜੀ ਦਾ ਬਾਕੀ ਹਿੱਸਾ ਤਾਂ ਢਹਿਣੋਂ ਬਚ ਗਿਆ ਪਰ ਇਸ ਇਤਿਹਾਸਤਕ ਵਿਰਾਸਤ ਦਾ ਸਿਰ ਤੇ ਮੱਥਾ ਢਾਹੇ ਜਾਣ ਨਾਲ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਖਜਾਨਾ ਡਿਓੜੀ ਦੇ ਮਾਮਲੇ ਵਿਚ ਸਿੱਖ ਸੰਗਤਾਂ ਤੇ ਸੁਹਿਰਦ ਧਿਰਾਂ ਨੂੰ ਹੁਣੇ ਹੀ ਸੁਚੇਤ ਹੋ ਜਾਣ ਦੀ ਲੋੜ ਹੈ ਤਾਂ ਕਿ ਤੀਜੇ ਘੱਲੂਘਾਰੇ ਦੀਆਂ ਇਤਿਹਾਸਕ ਨਿਸ਼ਾਈਆਂ ਬਚੀਆਂ ਰਹਿਣ।
⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ ⇒ Sikh Sangat Need to Remain Vigilant as SGPC Moves to “Preserve” Defacto Memorial of Ghallughara June 1984
Related Topics: Bunga Maharaja Sher Singh, Darbar Sahib, Ghallughara June 1984, June 1984 attack on Sikhs, Khajana Deori, Third Ghallughara of Sikh History