ਲੇਖ

ਸ਼੍ਰੋਮਣੀ ਕਮੇਟੀ ਚੋਣ ਨਤੀਜੇ: ਭਾਈ ਕੁਲਵੀਰ ਸਿੰਘ ਬੜਾਪਿੰਡ – ਹਨੇਰੇ ਵਿਚ ਆਸ ਦੀ ਕਿਰਨ

October 10, 2011 | By

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਨੂੰ ਨਿਰਾਸ਼ ਕੀਤਾ ਹੈ ਅਤੇ ਵੋਟਾਂ ਬਣਨ ਤੋਂ ਲੈ ਕੇ ਨਤੀਜੇ ਐਲਾਨਣ ਤੱਕ ਹਰ ਤਰ੍ਹਾਂ ਦੀ ਬੇਨਿਯਮੀ, ਧੱਕੇਸ਼ਾਹੀ ਤੇ ਧਾਂਦਲੀ ਹੋਈ ਹੈ। ਸਿੱਖਾਂ ਦੀ ਗੁਰਦਆਰਾ ਪ੍ਰਬੰਧ ਨੂੰ ਸੁੱਚਜੇ ਹੱਥਾਂ ਵਿਚ ਸੌਂਪਣ ਦੀ ਲੜਾਈ ਕੇਵਲ ਇਕ ਧਿਰ ਬਾਦਲ ਦਲ ਨਾਲ ਨਹੀਂ ਸੀ ਸਗੋਂ ਬਾਦਲ ਦਲ ਦੇ ਨਾਲ, ਪੰਜਾਬ ਸਰਕਾਰ, ਪੰਜਾਬ ਪੁਲਿਸ, ਪੰਜਾਬ ਪ੍ਰਸ਼ਾਸ਼ਨ, ਗੁਰਦੁਆਰਾ ਚੋਣ ਕਮਿਸ਼ਨ, ਕੇਂਦਰ ਸਰਕਾਰ, ਕੇਂਦਰੀ ਏਜੰਸੀਆਂ ਅਤੇ ਸਭ ਤੋਂ ਵੱਧ ਕੇ ਕੁਝ ਸਾਡੇ ਆਪਣੇ ਵੀ ਇਹਨਾਂ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਸਨ। ਕਿਸੇ ਵੀ ਚੋਣ ਦਾ ਨਤੀਜਾ ਕਈ ਪੱਖ ਨਿਰਧਾਰਤ ਕਰਦੇ ਹਨ ਅਤੇ ਚੋਣ ਨਤੀਜਿਆਂ ਵਿਚ ਜਿਆਦਾ ਪੱਖ ਮੌਜੂਦਾ ਪ੍ਰਬੰਧਕਾਂ ਦੇ ਹੱਕ ਵਿਚ ਸਨ।

ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੇ ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਇਕ ਵਾਰ ਬੋਲਦਿਆਂ ਇਕ ਕਹਾਣੀ ਸੁਣਾਈ ਸੀ ਕਿ ਜਦੋਂ ਦੁਨੀਆਂ ਵਿਚ ਪਹਿਲੀ ਵਾਰ ਰਾਤ ਪੈਣ ਲੱਗੀ ਤਾਂ ਦੁਨੀਆਂ ਦੇ ਸਾਰੇ ਲੋਕ ਹੈਰਾਨ ਪ੍ਰੈਸ਼ਾਨ ਹੋ ਗਏ ਕਿ ਹੁਣ ਕੀ ਹੋਵੇਗਾ ਤਾਂ ਦੂਰ ਇਕ ਘਰ ਚੋ ਇਕ ਛੋਟੇ ਜਿਹੇ ਦੀਵੇ ਨੇ ਆਪਣੀ ਰੋਸ਼ਨੀ ਨਾਲ ਹਨੇਰੇ ਨੂੰ ਚੈਲੰਜ ਕੀਤਾ ਤੇ ਆਪਣੇ ਨੇੜੇ-ਤੇੜਿਓ ਹਨੇਰੇ ਨੂੰ ਦੂਰ ਭਜਾ ਦਿੱਤਾ ਤਾਂ ਦੁਨੀਆਂ ਦੇ ਲੋਕਾਂ ਨੇ ਉਸ ਇਕ ਦੀਵੇ ਤੋਂ ਰੋਸ਼ਨੀ ਲੈ ਕੇ ਅਨੇਕਾਂ ਦੀਵੇ ਜਗਾਏ ਤਾਂ ਕਾਫੀ ਹੱਦ ਤਕ ਹਨੇਰਾ ਦੂਰ ਹੋਇਆ ਤੇ ਰੋਸ਼ਨੀ ਹੋ ਗਈ ਤੇ ਸਵੇਰ ਹੋਣ ਦੀ ਰੋਸ਼ਨੀ ਹੋਣ ਤੱਕ ਦੀਵਿਆਂ ਨੇ ਆਪਣੇ ਸਿਰਾਂ ਤੇ ਅੱਗ ਬਾਲ ਕੇ ਲੋਕਾਈ ਨੂੰ ਹਨੇਰੇ ਤੋਂ ਬਚਾਈ ਰੱਖਿਆ। ਭਾਵ ਕਿ ਕੀਤਾ ਹੋਏ ਇਕ ਛੋਟੇ ਜਿਹਾ ਯਤਨ ਵੱਡੇ ਪੱਧਰ ਉੱਤੇ ਅਸਰਦਾਇਕ ਸਿੱਧ ਹੋ ਸਕਦਾ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹਲਕਾ ਫਿਲ਼ੌਰ ਤੋਂ ਸਿੱਖ ਸੰਗਤਾਂ ਦੇ ਪਿਆਰ ਸਦਕਾ ਜਿੱਤ ਨੇ ਭਾਈ ਕੁਲਵੀਰ ਸਿੰਘ ਬੜਾਪਿੰਡ ਦੇ ਚਰਨ ਚੁੰਮ ਕੇ ਆਪਣੀ ਹੈਸੀਅਤ ਨੂੰ ਵਧਾ ਲਿਆ ਹੈ। ਭਾਵੇਂ ਪੰਥ ਦਰਦੀਆਂ ਵਿਚ ਨਿਰਾਸ਼ਾ ਦਾ ਆਲਮ ਸੀ ਪਰ ਇਸ ਇਕ ਰੋਸ਼ਨੀ ਦੇ ਸੋਮੇ ਨੇ ਆਸ ਦੀ ਕਿਰਨ ਜਗਾ ਦਿੱਤੀ ਹੈ ਕਿ ਕੁਚੱਜੇ ਪ੍ਰਬੰਧ ਦਾ ਹਨੇਰਾ ਦੂਰ ਹੋਵੇਗਾ।
ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਸੰਖੇਪ ਜੀਵਨ ਬਿਓਰਾ:

ਭਾਈ ਕੁਲਵੀਰ ਸਿੰਘ ਦਾ ਜਨਮ 7 ਅਪਰੈਲ 1964 ਨੂੰ ਪਿਤਾ ਸ. ਜੀਤ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਦੇ 4 ਭਰਾ ਤੇ 1 ਭੈਣ ਹਨ। ਆਪ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸਕੂਲ ਬੜਾਪਿੰਡ ਤੋਂ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ ਮੰਜਕੀ ਵਿਚ 1983 ਵਿਚ ਗਰੈਜੂਏਸ਼ਨ ਵਿਚ ਦਾਖਲਾ ਲਿਆ।ਕਾਲਜ਼ ਜੀਵਨ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ ਤੇ ਪੰਥਕ ਸਰਗਰਮੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ।1984 ਵਿਚ ਦਰਬਾਰ ਸਹਿਬ ‘ਤੇ ਹਮਲੇ ਤੋਂ ਬਾਅਦ ਆਪ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਗੁਰਾਇਆ ਸਰਕਲ ਦੇ ਪ੍ਰਧਾਨ ਬਣੇ।1985 ਵਿਚ ਖਾੜਕੂ ਸਿੰਘਾਂ ਵਲੋਂ ਫਿਲੌਰ ਵਿਖੇ ਸਿਵ ਸੈਨਾ ਦੇ ਦੋ ਬੰਦੇ ਮਾਰ ਦਿੱਤੇ ਤਾਂ ਗੁਰਾਇਆ ਪੁਲਿਸ ਵਲੋਂ ਆਪ ਜੀ ਦੀ ਗ੍ਰਿਫਤਾਰੀ ਲਈ ਘਰ ਵਿਚ ਛਾਪਾ ਮਾਰਿਆ ਤਾਂ ਆਪ ਉਸ ਸਮੇਂ ਘਰ ਨਾ ਮਿਲੇ ਤਾਂ ਪੁਲਿਸ ਨੇ 12 ਨਵੰਬਰ 1985 ਦੀਵਾਲੀ ਦੀ ਰਾਤ ਆਪਦੇ ਮਾਤਾ-ਪਿਤਾ ਤੇ ਭਰਾਤਾ ਨੂੰ 3-4 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਤੇ ਜਲੀਲ ਕੀਤਾ ਉਪਰੰਤ ਇਲਾਕੇ ਦੇ ਮੋਹਤਬਾਰਾਂ ਵਲੋਂ ਆਪ ਜੀ ਨੂੰ ਪੇਸ਼ ਕਰਾਉਣ ਤੇ ਬੇਸ਼ੱਕ ਆਪ ਦੇ ਘਰਦਿਆਂ ਨੂੰ ਤਾਂ ਛੱਡ ਦਿੱਤਾ ਗਿਆ ਪਰ ਆਪ ਜੀ ਨੂੰ 4-5 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਦਾ ਲੰਮਾ ਦੌਰ ਚਲਾਇਆ ਗਿਆ ਅਤੇ ਜਦੋਂ ਕੁਝ ਨਹੀਂ ਨਿਕਲਿਆ ਤਾਂ ਛੱਡ ਦਿੱਤਾ ਗਿਆ। ਆਪ ਉਸ ਤੋਂ ਬਾਅਦ ਵੀ ਪੰਥਕ ਜਥੇਬੰਦੀਆਂ ਵਿਚ ਵਿਚਰਦਿਆਂ ਪੰਥ ਦੀ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ। ਖਾੜਕੂ ਜਥੇਬੰਦੀਆਂ ਵਲੋਂ 26 ਦਸੰਬਰ 1986 ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਵੀ ਲੁਧਿਆਣਾ ਪੁਲਿਸ ਵਲੋਂ ਆਪ ਜੀ ਨੂੰ ਸਾਥੀਆਂ ਸਮੇਤ 10 ਦਿਨ ਨਾਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ। ਇਸੇ ਸਮੇਂ ਦੌਰਾਨ ਕਸਬਾ ਗੁਰਾਇਆ ਦੇ ਵਾਸੀ ਤੇ ਦਸਵੀਂ ਜਮਾਤ ਦੇ ਵਿਦਿਆਰਥੀ ਰਾਜੇਸ਼ਵਰ ਰਾਜ ਸਿੰਘ ਬਿੱਟਾ ਨੂੰ ਪਿੰਡ ਲੋਹਗੜ ਵਿਖੇ ਪੰਜਾਬ ਪੁਲਿਸ ਤੇ ਸੀ.ਆਰ.ਪੀ ਦੀ ਸਾਂਝੀ ਟੁਕੜੀ ਨੇ ਸ਼ਹੀਦ ਕਰ ਦਿੱਤਾ। ਉਸ ਨੌਜਵਾਨ ਦਾ ਕਸੂਰ ਏਨਾ ਹੀ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹੋਲੇ-ਮਹੱਲੇ ਦੇ ਪੋਸਟਰ ਕੰਧਾਂ ਉੱਤੇ ਲਗਾ ਰਿਹਾ ਸੀ।ਪੁਲਿਸ ਦੀ ਇਸ ਅਣਮਨੁੱਖੀ ਕਾਰਵਾਈ ਖਿਲਾਫ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਸਾਥੀ ਸਿੰਘਾਂ ਨੇ ਰੋਸ ਜਤਾਇਆ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਾਉਂਣ ਲਈ ਲੋਕਾਂ ਨੂੰ ਲਾਮਬੱਧ ਕੀਤਾ। ਭਾਈ ਸਾਹਿਬ ਹੁਰਾਂ ਨੇ ਸ਼ਹੀਦ ਰਾਜੇਸ਼ਵਰ ਰਾਜ ਸਿੰਘ ਬਿੱਟਾ ਦੇ ਅੰਤਮ ਸੰਸਕਾਰ ਕਰਨ ਵਿਚ ਯੋਗਦਾਨ ਪਾਇਆ। ਭਾਈ ਕੁਲਵੀਰ ਸਿੰਘ ਦੀਆਂ ਇਹਨਾਂ ਕਾਰਵਾਈਆਂ ਕਾਰਨ ਪੁਲਿਸ ਹੁਣ ਉਹਨਾਂ ਦੇ ਖਿਲਾਫ ਹਰ ਸਮੇਂ ਕਾਰਵਾਈ ਕਰਨ ਨੂੰ ਬਹਾਨੇ ਘੜ੍ਹਦੀ ਰਹਿੰਦੀ। 1987 ਵਿਚ ਵੀ ਕਈ ਕਾਰਵਾਈਆਂ ਵਿਚ ਨਾਮ ਜੋੜ ਕੇ ਉਹਨਾਂ ਨੂੰ ਕਈ ਵਾਰ ਨਜ਼ਾਇਜ਼ ਪੁਲਿਸ ਹਿਰਾਸਤ ਵਿਚ ਰੱਖਿਆ ਜਾਂਦਾ ਰਿਹਾ। ਇਸ ਉਪਰੰਤ ਭਾਈ ਕੁਲਵੀਰ ਸਿੰਘ ਰੂਪੋਸ਼ ਹੋ ਗਏ ਤੇ ਪੰਥਕ ਸਫਾਂ ਵਿਚ ਸੇਵਾਵਾਂ ਨਿਭਾਉਂਦੇ ਰਹੇ। 1988 ਵਿਚ ਨਕੋਦਰ ਪੁਲਿਸ ਨੇ ਪਿੰਡ ਰਹੀਮਪੁਰ ਤੋਂ ਗ੍ਰਿਫਤਾਰ ਕਰਕੇ ਤਸ਼ੱਦਦ ਕਰਕੇ ਅਨੇਕਾਂ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਜਿੱਥੋਂ ਕਰੀਬ 7-8 ਮਹੀਨਿਆਂ ਬਾਅਦ ਭਾਈ ਕੁਲਵੀਰ ਸਿੰਘ ਬੜਾਪਿੰਡ ਰਿਹਾਅ ਹੋਏ।

ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਪਿੰਡ ਆ ਕੇ ਖੇਤੀਬਾੜੀ ਕਰਨ ਲੱਗੇ ਪਰ ਪੁਲਿਸ ਉਹਨਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੰਦੀ।ਆਖਰ 20 ਅਪਰੈਲ਼ 1990 ਨੂੰ ਜਦੋਂ ਭਾਈ ਕੁਲਵੀਰ ਸਿੰਘ ਬੜਾਪਿੰਡ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਜਲੰਧਰ ਜਿਲ੍ਹੇ ਦੇ ਪ੍ਰਧਾਨ ਸਨ ਤਾਂ ਉਹਨਾਂ ਨੂੰ ਆਪਣੇ ਪਿੰਡ ਤੇ ਘਰ ਨੂੰ ਅਲਵਿਦਾ ਕਹਿਣੀ ਪਈ ਕਿਉਂਕਿ ਇਸ ਸਮੇਂ ਪੁਲਿਸ ਕਿਸੇ ਵੀ ਰੂਪ ਵਿਚ ਸਿੱਖ ਸੰਘਰਸ਼ ਨਾਲ ਜੁੜੇ ਰਹਿਣ ਵਾਲਿਆਂ ਨੂੰ ਖਤਮ ਕਰਨ ਦੀਆਂ ਸਕੀਮਾਂ ਨੂੰ ਅੰਜ਼ਾਮ ਦੇਣ ਲੱਗ ਪਈ ਸੀ। ਭਾਈ ਸੱਤਪਾਲ ਸਿੰਘ ਢਿੱਲੋਂ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਕਿ ਪਿੰਡ ਡੱਲੇਵਾਲ ਦੇ ਵਾਸੀ ਸਨ, ਦੀ ਸ਼ਹੀਦੀ ਤੋਂ ਬਾਅਦ 1992 ਵਿਚ ਪੰਥਕ ਕਮੇਟੀ ਨੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਜਥੇਬੰਦਕ ਸਕੱਤਰ ਦੀ ਸੇਵਾ ਸੌਂਪੀ।

1993 ਵਿਚ 40-50 ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਕੁਲਵੀਰ ਸਿੰਘ ਨੇ ਪੰਥਕ ਫਰਜ਼ ਨੂੰ ਨਿਭਾਉਂਣ ਲਈ ਪੰਜਾਬ ਤੋਂ ਬਾਹਰ ਜਾ ਕੇ ਸੰਘਰਸ਼ ਨੂੰ ਮੁੜ ਵਿਉਂਤਣ ਦੀ ਯੁੱਧਨੀਤੀ ਤਹਿਤ 12 ਅਪਰੈਲ 1993 ਨੂੰ ਨੇਪਾਲ ਤੇ 24 ਅਪਰੈਲ 1993 ਨੂੰ ਅਮਰੀਕਾ ਵਿਚ ਉਡਾਰੀ ਭਰੀ। ਉਸ ਸਮੇਂ ਭਾਈ ਸਾਹਿਬ ਉੱਤੇ ਸਰਕਾਰ ਵਲੋਂ 10 ਲੱਖ ਦਾ ਇਨਾਮ ਰੱਖਿਆ ਹੋਇਆ ਸੀ ਤੇ ਪੰਥਕ ਹਲਾਤ ਅਜਿਹੇ ਬਣ ਚੁੱਕੇ ਸਨ ਕਿ ਮਾਇਆ ਦੇ ਲਾਲਚ ਤੇ ਸਰਕਾਰ ਦੀ ਟਾਊਟੀ ਤਹਿਤ ਪੰਥ ਵਿਰੋਧੀਆਂ ਨੇ ਸਿੰਘਾਂ ਨੂੰ ਫੜਵਾਉਂਣਾ ਸ਼ੁਰੂ ਕਰ ਦਿੱਤਾ ਸੀ।

ਅਮਰੀਕਾ ਪਹੁੰਚਣ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਨਾਮ ਸਿੱਖ ਖਾੜਕੂਆਂ ਦੀ ਸੂਚੀ ਵਿਚ ਹੋਣ ਕਾਰਨ ਅਮਰੀਕਾ ਦੀ ਖੁਫੀਆ ਏਜੰਸੀ ਐੱਫ.ਬੀ.ਆਈ ਨੇ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨੇ 52 ਵੱਖ-ਵੱਖ ਕੇਸਾਂ ਵਿਚ ਲੋਂੜੀਦਾ ਖਾੜਕੂ ਦੱਸ ਕੇ ਭਾਰਤ ਵਾਪਸ ਲਿਆਉਂਣ ਦੀ ਮੰਗ ਕੀਤੀ ਅਤੇ 13 ਸਾਲ 2 ਮਹੀਨੇ ਦੀ ਲੰਮੀ ਪੈਰਵਾਈ ਤੋਂ ਬਾਅਦ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਆਪ ਵਾਪਸ ਪੰਜਾਬ ਭੇਜੇ ਜਾਣ ਦੀ ਗੱਲ ਕੀਤੀ ਤਾਂ ਅਮਰੀਕਾ ਸਰਕਾਰ ਨੇ ਹਵਾਲਗੀ ਸੰਧੀ ਤਹਿਤ ਭਾਈ ਕੁਲਵੀਰ ਸਿੰਘ ਬੜਾਪਿੰਡ ਉੱਤੇ ਕੇਵਲ 3 ਕੇਸ ਚਲਾਉਂਣ ਦੀ ਇਜ਼ਾਜ਼ਤ ਦੇ ਕੇ 18 ਜੂਨ 2006 ਨੂੰ ਭਾਰਤ ਵਾਪਸ ਭੇਜ ਦਿੱਤਾ।ਜ਼ਿਕਰਯੋਗ ਹੈ ਜੇ ਭਾਈ ਕੁਲਵੀਰ ਸਿੰਘ ਬੜਾਪਿੰਡ ਚਾਹੁੰਦੇ ਤਾਂ 52 ਵਿਚੋਂ ਬਾਕੀ ਰਹਿ ਗਏ 3 ਕੇਸ ਵੀ ਪੈਰਵਾਈ ਕਰਕੇ ਉੱਥੇ ਹੀ ਨਿਬੇੜੇ ਜਾ ਸਕਦੇ ਸਨ ਪਰ ਉੁਹਨਾਂ ਨੇ ਵਾਪਸ ਪੰਜਾਬ ਆ ਕੇ ਪੰਥ ਦੇ ਸੰਘਰਸ਼ ਨੂੰ ਬਦਲੇ ਹਲਾਤਾਂ ਮੁਤਾਬਕ ਚਲਾਉਂਣ ਦਾ ਮਾਨ ਬਣਾਇਆ।

20 ਜੂਨ 2006 ਨੂੰ ਪੰਜਾਬ ਲਿਆ ਕੇ ਆਪ ਉੱਤੇ 3 ਕੇਸ ਚਲਾਏ ਗਏ ਅਤੇ ਕਰੀਬ 1 ਸਾਲ 2 ਮਹੀਨੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਰਹਿ ਕੇ 29 ਅਪਰੈਲ 2008 ਨੂੰ ਸਾਰੇ ਕੇਸਾਂ ਵਿਚੋਂ ਬਰੀ ਹੋ ਕੇ ਰਿਹਾਈ ਹੋਈ।

ਭਾਈ ਕੁਲਵੀਰ ਸਿੰਘ ਦਾ ਜੀਵਨ ਸਿੱਖ ਸਿਧਾਂਤਾਂ ਨਾਲ ਓਤ-ਪੋਤ ਹੈ ਉਹਨਾਂ ਹਥਿਆਰਬੰਦ ਸੰਘਰਸ਼ ਵਿਚ ਸ਼ਾਮਲ ਹੋਣ ਤੇ ਵੀ ਹਥਿਆਰ ਦੀ ਵਰਤੋਂ ਸਿਧਾਂਤ ਦੇ ਅਧੀਨ ਰਹਿ ਕੇ ਹੀ ਕੀਤੀ ਤਾਂ ਹੀ ਤਾਂ ਲੋਕਾਂ ਵਿਚ ਭਾਈ ਕੁਲਵੀਰ ਸਿੰਘ ਬੜਾਪਿੰਡ ਤੇ ਉਹਨਾਂ ਦੇ ਅਨੇਕਾਂ ਸਿੰਘਾਂ ਸਾਥੀਆਂ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਪਿੰਡ ਹੇਰਾਂ, ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਪਿੰਡ ਡੱਲੇਵਾਲ ਤੇ ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰਾ ਪਿੰਡ ਪੰਡੋਰੀ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਗੁਰਬਾਣੀ ਦੇ ਪਿਆਰ ਸਦਕਾ ਆਪ ਨੇ ਲੰਮਾ ਜੇਲ੍ਹ ਦਾ ਸਮਾਂ ਵੀ ਭਾਣੇ ਵਿਚ ਗੁਜ਼ਾਰਿਆ।

ਭਾਈ ਕੁਲਵੀਰ ਸਿੰਘ ਬੜਾਪਿੰਡ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਿਚ ਪਹਿਲਾਂ ਕੌਮੀ ਜਨਰਲ ਸਕੱਤਰ ਤੇ ਮੌਜੂਦਾ ਸਮੇਂ ਵਿਚ ਕੌਮੀ ਪੰਚ ਵਜੋਂ ਸੇਵਾ ਕਰ ਰਹੇ ਹਨ। ਗੁਰੂ ਸਾਹਿਬਾਨ ਦੇ ਹੁਕਮਾਂ ਮੁਤਾਬਕ ਸਤੰਬਰ 2009 ਵਿਚ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਅਨੰਦ ਕਾਰਜ ਬੀਬੀ ਕਸ਼ਮੀਰ ਕੌਰ ਜੀ ਨਾਲ ਹੋਇਆ। ਅੱਜ ਕੱਲ੍ਹ ਉਹ ਪੰਥਕ ਸੇਵਾਵਾਂ ਦੇ ਨਾਲ-ਨਾਲ ਖੇਤੀ-ਬਾੜੀ ਦੀ ਕਿਰਤ ਕਮਾਈ ਕਰ ਰਹੇ ਹਨ।

ਪਿਛਲੇ ਸਮੇਂ ਦੌਰਾਨ ਪੰਥ ਦੋਖੀਆਂ ਵਲੋਂ ਉਹਨਾਂ ਨੂੰ ਸਰੀਰਿਕ ਤੌਰ ਤੇ ਖਤਮ ਕਰਨ ਦੀਆਂ ਕੋਝੀਆਂ ਹਰਕਤਾਂ ਵੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਹਨਾਂ ਨੂੰ ਗੁਰੂ ਦੇ ਆਸ਼ੇ ਤੇ ਸੰਗਤਾਂ ਦੇ ਪਿਆਰ ਸਦਕਾ ਟਾਲ ਦਿੱਤਾ ਗਿਆ।
ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਚੁਣੇ ਜਾਣਾ ਸਿੱਧ ਕਰਦਾ ਹੈ ਕਿ ਸਿੱਖ ਸੰਗਤਾਂ ਵਿਚ ਕੌਮੀ ਸੰਘਰਸ਼ ਦੇ ਜੋਧਿਆਂ ਦਾ ਮਾਣ-ਸਤਿਕਾਰ ਕਰਨ ਦੀ ਭਾਵਨਾ ਅੱਜ ਵੀ ਪਰਬਲ ਹੈ। ਭਾਈ ਕੁਲਵੀਰ ਸਿੰਘ ਬੜਾਪਿੰਡ ਦੀ ਜਿੱਤ ਸਿੱਖਾਂ ਵਿਚ ਕੌਮੀ ਸੰਘਰਸ਼ ਪ੍ਰਤੀ ਸਹਿਰਦਤਾ ਨੂੰ ਦਰਸਾਉਂਦੀ ਹੈ ਅਤੇ ਪੰਥ ਦਰਦੀਆਂ ਨੂੰ ਆਸ ਹੈ ਕਿ ਰੋਸ਼ਨੀ ਦਾ ਇਹ ਇਕ ਸੋਮਾ ਪੰਥ ਦੇ ਅਗਲੇਰੇ ਰਾਹਾਂ ਲਈ ਚਾਨਣ -ਮੁਨਾਰਾ ਬਣੇਗਾ।

– ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,