ਸਿੱਖ ਖਬਰਾਂ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਵਾਲੇ ਪੁਲਸੀਆਂ ‘ਤੇ ਕਾਰਵਾਈ ਹੋਵੇ: ਸ਼੍ਰੋ.ਗੁ.ਪ੍ਰ.ਕ.

February 29, 2020 | By

ਅੰਮ੍ਰਿਤਸਰ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਮੁੜਨ ਵਾਲੀ ਸੰਗਤ ਨੂੰ ਪੰਜਾਬ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਆਖਿਆ ਕਿ ਇਹ ਇੱਕ ਮੰਦਭਾਗਾ ਰੁਝਾਨ ਹੈ ਜਿਸ ਨੇ ਸੰਗਤਾਂ ਅੰਦਰ ਡਰ ਪੈਦਾ ਕਰ ਦਿੱਤਾ ਹੈ। ਜੇਕਰ ਇਸ ‘ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਇਸ ਦਾ ਲਾਂਘੇ ‘ਤੇ ਅਸਰ ਪਵੇਗਾ।

ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਜੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਬਿਆਨ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਹੁਣ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਹੈ। ਪੰਜਾਬ ਸਰਕਾਰ ਦੀ ਇਹ ਹਰਕਤ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਸ਼ੱਕੀ ਬਣਾਉਣ ਵਾਲੀ ਹੈ। ਉਹ ਆਪਣੇ ਹੀ ਸੂਬੇ ਵਿਚ ਬੇਗਾਨਾ ਮਹਿਸੂਸ ਕਰ ਰਹੇ ਹਨ।

ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਕਿਹਾ ਕਿ ਪੌਣੀ ਸਦੀ ਦੀਆਂ ਅਰਦਾਸਾਂ ਨਾਲ ਗੁਰ ਅਸਥਾਨ ਦਾ ਇਹ ਲਾਂਘਾ ਖੁਲਿ੍ਹਆ ਹੈ ਅਤੇ ਸੰਗਤਾਂ ਨੂੰ ਪਾਵਨ ਅਸਥਾਨ ਦੇ ਦਰਸ਼ਨ ਨਸੀਬ ਹੋਏ ਹਨ ਪਰ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਾਰਵਾਈ ਨੇ ਪੰਜਾਬ ਸਰਕਾਰ ਦੀ ਲਾਂਘੇ ਪ੍ਰਤੀ ਮਨਸ਼ਾ ਇੱਕ ਵਾਰ ਫਿਰ ਸਾਫ ਕਰ ਦਿੱਤੀ ਹੈ।

ਇਸ ਤਰ੍ਹਾਂ ਲਗਦਾ ਹੈ ਜਿਵੇਂ ਪੰਜਾਬ ਸਰਕਾਰ ਲਾਂਘਾ ਬੰਦ ਕਰਵਾਉਣਾ ਚਾਹੁੰਦੀ ਹੋਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ‘ਤੇ ਸ਼ੱਕ ਕਰਨਾ ਜਾਇਜ਼ ਨਹੀਂ।

ਕਿਉਂਕਿ ਹਰ ਸ਼ਰਧਾਲੂ ਦੇ ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਉਸ ਦੀ ਪੁਲਿਸ ਰਿਪੋਰਟ ਲਈ ਜਾਂਦੀ ਹੈ। ਜੇਕਰ ਪੁਲਿਸ ਨੂੰ ਆਪਣੀ ਹੀ ਜਾਂਚ ਰਿਪੋਰਟ ‘ਤੇ ਯਕੀਨ ਨਹੀਂ ਹੈ ਤਾਂ ਜਾਣ ਤੋਂ ਪਹਿਲੀ ਜਾਂਚ ਪੜਤਾਲ ਕਿਸ ਕੰਮ ਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,