ਸਿੱਖ ਖਬਰਾਂ

ਪੰਜ ਪਿਆਰਿਆਂ ਦੀ ਹਮਾਇਤ ‘ਚ ਨਿਤਰੇ ਜਥੇਦਾਰ ਵੇਦਾਂਤੀ ਤੋਂ ਕਮੇਟੀ ਨੇ ਵਾਪਿਸ ਲਈ ਦਫਤਰੀ ਗੱਡੀ ਅਤੇ ਸੇਵਾਦਾਰ

January 13, 2016 | By

‘ਮੁੱਲਾਂ ਦੀ ਦੌੜ ਮਸੀਤ ਤੀਕ’:ਜਥੇਦਾਰ ਵੇਦਾਂਤੀ

ਅੰਮ੍ਰਿਤਸਰ ਸਾਹਿਬ: ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟਾਉਣ ਲਈ ਸਮੁੱਚੀ ਕੌਮ ਅਤੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲੇ ਪੰਜ ਪਿਆਰਿਆਂ ਦੀ ਸਿੱਧੀ ਹਮਾਇਤ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਪਾਸੋਂ ਸ਼੍ਰੋਮਣੀ ਕਮੇਟੀ ਨੇ ਦਫਤਰੀ ਗੱਡੀ ਅਤੇ ਸੇਵਾਦਾਰ ਵਾਪਿਸ ਲੈ ਲਏ ਹਨ। ਕਮੇਟੀ ਦੀ ਇਸ ਕਾਰਵਾਈ ਨਾਲ ਜਥੇਦਾਰ ਵੇਦਾਂਤੀ ਦੀ ਅਗਵਾਈ ਵਿੱਚ ਸਾਲ 2008 ਵਿੱਚ ਸ਼ੁਰੂ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦਾ ਵੀ ਭੋਗ ਪੈ ਗਿਆ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਦੱਸਿਆ ਕਿ ਸਾਲ 2008 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਦੇ ਅਹੁਦੇ ਤੋਂ ਮੁਕਤ ਹੁੰਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀਨ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨੂੰ ਦਿੱਲੀ ਕਮੇਟੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀਆਂ ਸੇਵਾਵਾਂ ਨਿਭਾਉਣ ਲਈ ਸਨਿਮਰ ਬਿਨੈ ਕੀਤੀ ਸੀ ਜਿਸਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਨਿੱਜੀ ਦਿਲਚਸਪੀ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਸਥਾਪਿਤ ਕੀਤਾ ਅਤੇ ਉਨ੍ਹਾਂ ਨੂੰ ਇਸ ਕੇਂਦਰ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੌਪ ਦਿੱਤੀ।

ਗਿਆਨੀ ਵੇਦਾਂਤੀ ਨੇ ਦੱਸਿਆ ਕਿ ਉਨ੍ਹਾਂ ਨੇ ਕਮੇਟੀ ਪਾਸੋਂ ਇਸ ਸੇਵਾ ਲਈ ਕੋਈ ਵੀ ਭੇਟਾ ਨਹੀ ਲਈ ਬਲਕਿ ਕਮੇਟੀ ਨੇ ਉਨ੍ਹਾਂ ਦੇ ਧਾਰਮਿਕ ਰੁਝੇਵਿਆਂ ਨੂੰ ਵੇਖਦਿਆਂ ਆਪ ਹੀ ਰਿਹਾਇਸ਼ ,ਗੱਡੀ ਅਤੇ ਸੇਵਾਦਾਰ ਮੁਹਈਆ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫੀ ਦਿੱਤੇ ਜਾਣ ਦੇ ਮਾਮਲੇ ਵਿੱਚ ਜਥੇਦਾਰਾਂ ਖਿਲਾਫ ਉਠੇ ਸੰਗਤੀ ਰੋਸ ਤੇ ਰੋਹ ਕਾਰਣ ਉਹ ਵੀ ਜਥੇਦਾਰਾਂ ਦਾ ਸਾਥ ਨਾ ਦੇ ਸਕੇ ਜਿਸਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਪਾਸੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚਲੀ ਰਿਹਾਇਸ਼ ਬਹਾਨੇ ਨਾਲ ਖਾਲੀ ਕਰਵਾ ਲਈ।

ਗਿਆਨੀ ਵੇਦਾਂਤੀ ਨੇ ਦੱਸਿਆ ਕਿ ਜਥੇਦਾਰਾਂ ਪ੍ਰਤੀ ਪੰਜ ਪਿਆਰਿਆਂ ਵਲੋਂ ਕੀਤੇ ਫੈਸਲਿਆਂ ਖਿਲਾਫ ਜਦੋਂ ਸ਼੍ਰੋਮਣੀ ਕਮੇਟੀ ਨੇ ਪੰਚ ਪਰਧਾਨੀ ਸੰਸਥਾ ਨੂੰ ਹੀ ਚਣੌਤੀ ਦੇਣ ਦੀ ਕੋਸ਼ਿਸ਼ ਕੀਤਾ ਤਾਂ ਉਨ੍ਹਾਂ (ਵੇਦਾਂਤੀ) ਸੰਸਥਾ ਨੂੰ ਬਚਾਉਣ ਦੀ ਤਰਜੀਹ ਦਿੱਤੀ। ਗਿਆਨੀ ਵੇਦਾਂਤੀ ਨੇ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਪਰਧਾਨ ਨੂੰ ਇਹ ਨਹੀ ਪਤਾ ਕਿ ਉਹ ਜਿਸ ਪੰਚ ਪ੍ਰਧਾਨੀ ਸੰਸਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਉਸਦੀ ਸਿਰਜਣਾ ਦਸਮੇਸ਼ ਪਿਤਾ ਕਰ ਰਹੇ ਹਨ ਤਾਂ ਉਹ ਕਮੇਟੀ ਦੀ ਬਜਾਏ ਸੰਸਥਾ ਦੇ ਹੱਕ ਵਿੱਚ ਸਾਹਮਣੇ ਆਏ।

ਗਿਆਨੀ ਵੇਦਾਂਤੀ ਨੇ ਕਿਹਾ ਕਿ ਪੰਜ ਪਿਆਰਿਆਂ ਵਲੋਂ ਜਿਸ ਤਰ੍ਹਾਂ  ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਆਪਣੀ ਰੋਜ਼ੀ ਰੋਟੀ ਦੇ ਸਾਧਨ ਦੀ ਵੀ ਪ੍ਰਵਾਹ ਨਹੀ ਕੀਤੀ ਗਈ ਉਹ ਉਸਦੇ ਪੂਰੀ ਤਰ੍ਹਾਂ ਕਾਇਲ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਇਕ ਹੁਕਮ ਰਾਹੀਂ ਉਨ੍ਹਾਂ ਨੂੰ ਦਿੱਤੀ ਹੋਈ ਦਫਤਰੀ ਗੱਡੀ ਅਤੇ ਸੇਵਾਦਾਰ ਵਾਪਿਸ ਲੈ ਲਏ ਹਨ ਜਿਸ ਬਾਰੇ ਉਹ ਸਿਰਫ ਇਹੀ ਕਹਿ ਸਕਦੇ ਹਨ ਕਿ ‘ਮੁੱਲਾਂ ਦੀ ਦੌੜ ਮਸੀਤ ਤੀਕ’। ਕਮੇਟੀ ਪਰਧਾਨ ਦੀ ਸੋਚ ਤੇ ਪਹੁੰਚ ਇਸਤੋਂ ਵੱਧ ਨਹੀ ਹੈ।

ਜਥੇਦਾਰ ਵੇਦਾਂਤੀ ਨੇ ਕਿਹਾ ‘ਮੇਰੇ ਲਈ ਸਿਧਾਂਤ ਪਹਿਲਾਂ ਹਨ ,ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਂਦਿਆਂ ਅਥਾਹ ਪਿਆਰ ਸਤਿਕਾਰ ਦਿੱਤਾ ਹੈ,ਇਹੀ ਮੇਰੀ ਪੂੰਜੀ ਹੈ’।ਜਿਕਰਯੋਗ ਹੈ ਕਿ ਪੰਥਕ ਸਿਧਾਤਾਂ ਨੂੰ ਬਚਾਉਣ ਲਈ ਜਥੇਦਾਰ ਵੇਦਾਂਤੀ ਦੇ ਸੱਦੇ ਤੇ 10 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਅਕਾਲ ਪੁਰਖ ਵਾਹਿਗੁਰੂ ਅੱਗੇ ਸੰਗਤੀ ਅਰਦਾਸ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,