ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਕੌਣ ਵਿਚਾਰਾ; ਆਰਥਿਕ ਮੰਦੀ, ਅਧਿਆਪਕ ਹੜਤਾਲ ‘ਤੇ

October 5, 2018 | By

ਫਤਹਿਗੜ੍ਹ ਸਾਹਿਬ: ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਢਾਂਚੇ ਵਿਚ ਆਏ ਨਿਘਾਰ ਦਾ ਅਸਰ ਹੁਣ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਵਿਿਦਅਕ ਸੰਸਥਾਵਾਂ ’ਤੇ ਵੀ ਨਜ਼ਰ ਆਉਣ ਲੱਗਿਆ ਹੈ। ਜਿੱਥੇ ਸ਼ਰੋਮਣੀ ਕਮੇਟੀ ਵਲੋਂ ਗੁਰਦੁਆਰਾ ਪ੍ਰਬੰਧ ਅਤੇ ਧਰਮ ਪ੍ਰਚਾਰ ਦੇ ਕਾਰਜ ਵਿਚ ਆਈਆਂ ਖਾਮੀਆਂ ਕਾਰਨ ਸਿੱਖ ਸੰਗਤਾਂ ਵਿਚ ਰੋਸ ਹੈ ਉੱਥੇ ਹੁਣ ਕਮੇਟੀ ਆਪਣੇ ਵਿਿਦਅਕ ਅਦਾਰਿਆਂ ਨੂੰ ਚਲਾਉਣ ਵਿਚ ਵੀ ਅਸਮਰੱਥ ਹੋ ਰਹੀ ਹੈ। ਅਜਿਹਾ ਇਕ ਮਾਮਲਾ ਸ਼ਰੋਮਣੀ ਕਮੇਟੀ ਵਲੋਂ 2004 ਵਿਚ ਬਣਾਈ ਗਈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਸਾਹਮਣੇ ਆਇਆ ਹੈ। ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਗੈਰ ਅਧਿਆਪਨ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਹੜਤਾਲ ਕਰ ਦਿੱਤੀ।

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਮੁਲਾਜ਼ਮਾਂ ਨੇ ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਉਨ੍ਹਾਂ ਨੂੰ ਤਨਖਾਹਾਂ ਸਹੀ ਸਮੇਂ ‘ਤੇ ਨਹੀਂ ਦਿੱਤੀਆਂ ਜਾਂਦੀਆਂ ਤੇ ਕਈ-ਕਈ ਮਹੀਨਿਆਂ ਬਾਅਦ ਵੀ ਥੋੜੀ-ਥੋੜੀ ਰਕਮ ਕਰਕੇ ਦਿੱਤੀਆਂ ਜਾਂਦੀਆਂ ਹਨ।

ਗੋਬਿੰਦ ਸਿੰਘ ਲੌਂਗੋਵਾਲ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਸ਼ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਮਿਲ ਕੇ ਸਾਰੇ ਮਾਮਲੇ ਤੋਂ ਜਾਣੂ ਕਰਵਾ ਚੁੱਕੇ ਹਨ। ਪਰ ਇਸ ਦੇ ਬਾਵਜੂਦ ਕੁਝ ਵੀ ਸਹੀ ਨਹੀਂ ਹੋਇਆ ਤੇ ਅੱਜ ਆਖਿਰ ਉਨ੍ਹਾਂ ਨੂੰ ਹੜਤਾਲ ਦਾ ਫੈਂਸਲਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮਈ ਮਹੀਨੇ ਦੀ ਤਨਖਾਹ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮਿਲੀ ਹੈ।

ਇਸ ਸਬੰਧੀ ਜਦੋਂ ਸਿੱਖ ਸਿਆਸਤ ਵਲੋਂ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਦਲਿਤ ਵਿਿਦਆਰਥੀਆਂ ਨੂੰ ਦਿੱਤੇ ਜਾਂਦੇ ਵਜ਼ੀਫੇ ਦੀ ਰਕਮ ਜੋ ਕਰੀਬ 10 ਕਰੋੜ ਬਣਦੀ ਹੈ, ਉਸਦਾ ਭੁਗਤਾਨ ਨਹੀਂ ਕੀਤਾ ਗਿਆ ਜਿਸ ਕਾਰਨ ਯੂਨੀਵਰਸਿਟੀ ਨੂੰ ਇਸ ਵਿਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਮਸਲੇ ਦਾ ਹੱਲ ਕਰ ਲਿਆ ਜਾਵੇਗਾ।

ਜਦੋਂ ਸ਼ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਟ੍ਰਸਟੀ ਦਰਬਾਰਾ ਸਿੰਘ ਗੁਰੂ ਨਾਲ ਗੱਲ ਕਰੋ।

ਜਦੋਂ ਸਿੱਖ ਸਿਆਸਤ ਨੇ ਦਰਬਾਰਾ ਸਿੰਘ ਗੁਰੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੱਲ ਕਰ ਦਿੱਤਾ ਜਾਵੇਗਾ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਛੇਤੀ ਨੂੰ ਕਿੰਨਾ ਸਮਾਂ ਲੱਗੇਗਾ ਤਾਂ ਉਨ੍ਹਾਂ ਜਵਾਬ ਦੇਣ ਤੋਂ ਟਾਲਾ ਵੱਟ ਲਿਆ।

ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ (ਫਾਈਲ ਫੋਟੋ)

ਹੜਤਾਲ ’ਤੇ ਬੈਠੇ ਮੁਲਾਜ਼ਮਾਂ ਕੋਲ ਅੱਜ ਸ਼ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਗੱਲ ਸੁਣਨ ਤੋਂ ਬਾਅਦ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਬਾਰੇ ਕਮੇਟੀ ਪ੍ਰਬੰਧਕਾਂ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਸਵੇਰ ਤੋਂ ਸ਼ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੇਰ ਸ਼ਾਮ ਤਕ ਕਮੇਟੀ ਪ੍ਰਧਾਨ ਦਾ ਫੋਨ ਬੰਦ ਆ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਇਸ ਮਾਮਲੇ ਬਾਰੇ ਸ਼ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਫ ਕਹਿ ਦਿੱਤਾ ਕਿ ਸ਼ਰੋਮਣੀ ਕਮੇਟੀ ਕੋਲ ਪੈਸਾ ਨਹੀਂ ਹੈ।

ਸ. ਪੰਜੋਲੀ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਜੋ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਖਰਾਬੀ ਕਾਰਨ ਸਿੱਖ ਸੰਗਤ ਵਿਚ ਰੋਹ ਵੱਧ ਰਿਹਾ ਹੈ।

ਸ਼ਰੋਮਣੀ ਕਮੇਟੀ ਦੇ ਹੋਰ ਵਿਿਦਅਕ ਅਦਾਰਿਆਂ ਵਿਚ ਵੀ ਸਥਿਤੀ ਮਾੜੀ:
ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੋਂ ਇਲਾਵਾ ਸ਼ਰੋਮਣੀ ਕਮੇਟੀ ਵਲੋਂ ਚਲਾਏ ਜਾਂਦੇ ਹੋਰ ਵਿਿਦਅਕ ਅਦਾਰਿਆਂ ਵਿਚ ਵੀ ਹਾਲਤ ਕੁਝ ਅਜਿਹੇ ਹੀ ਹਨ। ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਸ਼ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਬੀਬੀਆਂ ਝਾੜ ਸਾਹਿਬ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ, ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਬੀਬੀਆਂ ਕਰਹਾਲਾ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਕੜ ਵਿਚ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਸਹੀ ਸਮੇਂ ‘ਤੇ ਨਹੀਂ ਮਿਲ ਰਹੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,