July 21, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਹੋਂਦ ਚਿੱਲੜ ਸਿੱਖ ਕਤਲੇਆਮ (ਨਵੰਬਰ 1984) ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ 34 ਸਾਲ ਬੀਤਣ ਤੋਂ ਬਾਅਦ ਵੀ ਹੋਂਦ ਚਿੱਲੜ ਕੇਸ ਨੂੰ ਛਪਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਹਰਿਆਣਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਸੀ।
ਹੋਂਦ ਚਿੱਲੜ ਪਿੰਡ ਜਿੱਥੇ ਨਵੰਬਰ 1984 ‘ਚ 32 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ (ਫਾਈਲ ਫੋਟੋ)
ਲੌਂਗੋਵਾਲ ਨੇ ਆਪਣੇ ਪੱਤਰ ਵਿਚ ਕਿਹਾ ਕਿ ਭਜਨ ਲਾਲ ਸਰਕਾਰ ਵੱਲੋਂ ਇਨ੍ਹਾਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੰਦਿਆਂ ਐਸ.ਪੀ. ਸਤਿੰਦਰ ਕੁਮਾਰ ਨੂੰ ਡੀ.ਜੀ.ਪੀ. ਹੋਮ ਗਾਰਡ ਬਣਾਇਆ ਗਿਆ। ਇਸੇ ਤਰ੍ਹਾਂ ਡੀ.ਐਸ.ਪੀ. ਰਾਮ ਭੱਜ ਨੂੰ ਐਸ.ਪੀ., ਐਸ.ਆਈ. ਰਾਮ ਕਿਸ਼ੋਰ ਨੂੰ ਐਸ.ਪੀ. ਅਤੇ ਆਈ.ਓ. ਰਾਮ ਕੁਮਾਰ ਨੂੰ ਡੀ.ਐਸ.ਪੀ. ਤੱਕ ਤਰੱਕੀ ਦੇ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਾਤਲ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਚੜ੍ਹ ਕੇ ਆਏ ਸਨ। ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬੇਕਸੂਰ ਸਿੱਖਾਂ ਨੂੰ ਜਿਊਂਦੇ ਜੀਅ ਸਾੜਨ ਵਾਲੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਨਵੰਬਰ 1984 ‘ਚ ਦਿੱਲੀ ਸਮੇਤ ਸਮੁੱਚੇ ਭਾਰਤੀ ਉਪ-ਮਹਾਦੀਪ ‘ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਮਾਰਚ 2011 ਵਿਚ ਹੋਂਦ ਚਿੱਲੜ (ਹਰਿਆਣਾ) ਦੀ ਜਾਂਚ ਲਈ ਗਠਿਤ ਕੀਤੇ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ ਚਾਰ ਪੁਲਿਸ ਅਧਿਕਾਰੀਆਂ ਦੇ ਨਾਂ ਸਾਹਮਣੇ ਲਿਆਂਦੇ ਸਨ, ਜਿਨ੍ਹਾਂ ਨੇ ਪੁਲਿਸ ਜਾਂਚ ਦੌਰਾਨ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ 34 ਵਰ੍ਹੇ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਹਾਲੇ ਤਕ ਸਜ਼ਾ ਨਹੀਂ ਮਿਲੀ ਸਗੋਂ ਉਹ ਤਰੱਕੀਆਂ ਅਤੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ।
Related Topics: Gobind Singh Longowal, Hond Chilar Massacre, Hondh Massacre, SGPC, ਸਿੱਖ ਨਸਲਕੁਸ਼ੀ 1984 (Sikh Genocide 1984)