ਸਿੱਖ ਖਬਰਾਂ

ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਵਿਸ਼ਾਲ ਨਗਰ ਕੀਰਤਨ ਨਾਲ਼ ਸਮਾਪਤ

December 26, 2009 | By

ਫਤਿਹਗੜ੍ਹ ਸਾਹਿਬ (26 ਦਸੰਬਰ, 2009 – ਪਰਦੀਪ ਸਿੰਘ) : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ ਮੇਲ ਅੱਜ ਇੱਥੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ ਤੇ ਅਰਦਾਸ ਉਪਰੰਤ ਰਸਮੀ ਤੌਰ ਤੇ ਸਮਾਪਤ ਹੋ ਗਿਆ। ਇਸ ਨਗਰ ਕੀਰਤਨ ਦੌਰਾਨ ਜਿੱਥੇ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਸ਼ਹੀਦਾਂ ਨੂੰ ਅਪਣੀ ਸ਼ਰਧਾਂਜਲੀ ਭੇਂਟ ਕੀਤੀ ਉ¤ਥੇ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਥਾਂ-ਥਾਂ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਨਗਰ ਕੀਰਤਨ ਦੇ ਨਾਲ-ਨਾਲ ਸ਼ਮੂਲੀਅਤ ਕਰਨ ਲਈ ਪ੍ਰੇਰਣ ਵਾਲੇ ਵਾਲੇ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਪੂਰੇ ਨਗਰ ਕੀਰਤਨ ਦੌਰਾਨ ਆਪ ਕਿਧਰੇ ਵੀ ਨਜ਼ਰ ਨਾ ਆਏ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸੰਗਤਾਂ ਦਾ ਇਕੱਠ ਘੱਟ ਵੇਖਣ ਨੂੰ ਮਿਲਿਆ

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਵੇਰੇ 9 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਜਸਵਿੰਦਰ ਸਿੰਘ ਵੱਲੋਂ ਹੁਕਮ ਨਾਮਾ ਲਿਆ ਗਿਆ ਅਤੇ ਇਸਤੋਂ ਪਹਿਲਾਂ ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਫੁੱਲਾਂ ਨਾਲ਼ ਬੜੇ ਹੀ ਸੁੰਦਰ ਢੰਗ ਨਾਲ਼ ਸਜਾਈ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਸੁਨਹਿਰੀ ਚੌਰ ਸਾਹਿਬ ਦੀ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਿਭਾ ਰਹੇ ਸਨ ਜਦੋਂ ਕਿ ਪਾਲਕੀ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਤਾਬਿਆ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਜਸਵਿੰਦਰ ਸਿੰਘ ਹੈਡ ਗਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ, ਗਿਆਨੀ ਹਰਪਾਲ ਸਿੰਘ ਹੈਡ ਗਰੰਥੀ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਬੈਠੇ ਸਨ। ਜ਼ਿਕਰਯੋਗ ਹੈ ਕਿ ਹਰ ਸਾਲ ਇਸ ਨਗਰ ਕੀਰਤਨ ਦੌਰਾਨ ਹੈਲੀਕਪਾਟਰ ਦੁਆਰਾ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ ਪਰ ਇਸ ਵਾਰ ਹੈਲੀਕਪਾਟਰ ਦੀ ਥਾਂ ਜੀਪ ਵਿਚ ਰੱਖੀ ਗਈ ਇੱਕ ਮਸ਼ੀਨ ਰਾਹੀਂ ਫੁੱਲ ਵਰਸਾਏ ਗਏ ਅਤੇ ਇਸ ਵਰਤਾਰੇ ਦਾ ਸ਼ਰਧਾਲੂਆਂ ਨੇ ਬਹੁਤ ਬੁਰਾ ਮਨਾਇਆ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਸ਼ਾਇਦ ਸ਼ਬਦ ਗੁਰੂ ਦੇ ਸਤਿਕਾਰ ਪ੍ਰਤੀ ਸ਼੍ਰੋਮਣੀ ਕਮੇਟੀ ਦੀ ਸ਼ਰਧਾ ਘਟ ਗਈ ਹੈ।

ਪੂਰੇ ਜਾਹੋ ਜਲਾਲ ਨਾਲ਼  ਸ਼ੁਰੂ ਹੋਏ ਨਗਰ ਕੀਰਤਨ ਦੌਰਾਨ ਰਸਤੇ ਵਿੱਚ ਪਾਲਕੀ ਸਾਹਿਬ ਦੇ ਆਲ਼ੇ ਦੁਆਲ਼ੇ ਵੱਡੀ ਤਾਦਾਦ ਵਿੱਚ ਸੰਗਤ ਫੁੱਲਾਂ ਅਤੇ ਮਾਇਆ ਦੀ ਵਰਖਾ ਕਰਕੇ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ’ਬੋਲੇ ਸੋ ਨਿਹਾਲ ਅਤੇ ਸਤਿ ਸ਼੍ਰੀ ਅਕਾਲ’ ਦੇ ਅਕਾਸ਼ ਗੁੰਜਾਊ ਜੈਕਾਰਿਆਂ ਦੇ ਨਾਲ਼ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀ ਸੀ। ਪਾਲਕੀ ਸਾਹਿਬ ਦੇ ਅੱਗੇ ਨਗਰ ਕੀਰਤਨ ਵਿੱਚ ਦਰਜਨਾਂ ਰਾਗੀ ਜਥੇ, ਗੱਤਕਾ ਪਾਰਟੀਆਂ, ਸੇਵਾ ਦਲ, ਸੁਖਮਨੀ ਸੇਵਾ ਸੁਸਾਇਟੀਆਂ ਦੇ ਨਾਲ਼ ਨਾਲ਼ ਸਰਵ ਧਰਮ ਸੇਵਾ ਸੁਸਾਇਟੀ ਵੀ ਗੁਰੂ ਜਸ ਗਾਉਂਦੀਆਂ ਜਾ ਰਹੀਆ ਸਨ।ਨਿਹੰਗ ਸਿੰਘਾਂ ਦੀਆਂ ਗੱਤਕਾ ਪਾਰਟੀਆਂ ਤੋਂ ਇਲਾਵਾ ਬੀਬੀਆਂ ਦੀ ਗੱਤਕਾ ਪਾਰਟੀ ਨੇ ਵੀ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਅਕਾਲ ਅਕਾਦਮੀਜ਼ ਬੜੂ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਨਗਰ ਕੀਰਤਨ ਸਮੇਂ ਸਲਾਮੀ ਦਿੱਤੀ ਗਈ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਅਤੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਮੰਡੀ ਗੋਬਿੰਦਗੜ੍ਹ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰੂਣ ਹੱਤਿਆ ਖਿਲਾਫ ਜਾਰੀ ਹੋਏ ਹੁਕਨਾਮੇ ਦੀਆਂ 10 ਹਜ਼ਾਰ ਕਾਪੀਆਂ ਸੰਗਤਾਂ ਨੂੰ ਵੰਡੀਆਂ ਗਈਆਂ। ਇਸੇ ਸਮਾਜਿਕ ਬੁਰਾਈ ਵਿਰੁੱਧ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਵੀ ਹੱਥਾਂ ਵਿੱਚ ਬੈਨਰ ਫੜ ਕੇ ਸੰਗਤਾਂ ਨੂੰ ਜਾਗਰੂਕ ਕੀਤਾ। ਪਾਲਕੀ ਸਾਹਿਬ ਦੇ ਅੱਗੇ ਅੱਗੇ ਸ਼੍ਰੀ ਦੀਦਾਰ ਸਿੰਘ ਭੱਟੀ ਐਮ.ਐਲ.ਏ ਸਰਹਿੰਦ, ਜਥੇਦਾਰ ਸਵਰਨ ਸਿੰਘ ਚਨਾਰਥਲ, ਸ; ਦਿਲਮੇਘ ਸਿੰਘ ਸਕੱਤਰ ਐਸ.ਜੀ.ਪੀ.ਸੀ, ਯੂਥ ਅਕਾਲੀ ਨੇਤਾ ਅਤੇ ਪ੍ਰਧਾਨ ਨਗਰ ਕੌਂਸਲ ਸਰਹਿੰਦ-ਫਤਿਹਗੜ੍ਹ ਸਾਹਿਬ ਗੁਰਵਿੰਦਰ ਸਿੰਘ ਭੱਟੀ, ਭਾਈ ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤ੍ਰਿਗ ਕਮੇਟੀ, ਰਵਿੰਦਰ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ., ਸਾਬਕਾ ਕਾਂਗਰਸੀ ਮੰਤਰੀ ਡਾ. ਹਰਬੰਸ ਲਾਲ, ਬੀਬੀ ਸੁਰਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ., ਮਲਕੀਤ ਸਿੰਘ ਮਠਾੜੂ, ਗੁਰਮੀਤ ਸਿੰਘ ਧਾਰੀਵਾਲ਼, ਬਾਬਾ ਹਰੀ ਸਿੰਘ ਰੰਧਾਵੇ ਵਾਲ਼ੇ ਸਮੇਤ ਵੱਖ ਵੱਖ ਧਾਰਮਿਕ ਅਤੇ ਰਾਜਸੀ ਜਥੇਬੰਦੀਆਂ ਨੁੰਮਾਇੰਦੇ ਵੀ ਚੱਲ ਰਹੇ ਸਨ।

ਨਗਰ ਕੀਰਤਨ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਉਪਰੰਤ 1-30 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਕੀਰਤਨ ਸੋਹਿਲਾ ਦੇ ਪਾਠ ਉਪਰੰਤ ਗਿਆਨੀ ਤ੍ਰਿਲੋਚਨ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਸਮਾਪਤ ਹੋ ਗਿਆ ਅਤੇ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਵਾਕ ਲਿਆ।ਇਸ ਮੌਕੇ ਇਕੱਤਰ ਸੰਗਤ ਨੂੰ ਅਰਦਾਸ ਮੌਕੇ ਸ਼ਰਧਾਂਜਲੀ ਵਿੱਚ ਸ਼ਮੂਲੀਅਤ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਾਇਰਨ ਵੀ ਵਜਾਇਆ ਗਿਆ ਤਾਂ ਜੋ ਜੋੜ ਮੇਲ ਵਿੱਚ ਸ਼ਾਮਲ ਸਮੂਹ ਸੰਗਤ ਪੂਰਨ ਇਕਾਗਰਤਾ ਨਾਲ਼ ਦੋ ਮਿਨਟ ਦਾ ਮੌਨ ਧਾਰਨ ਕਰਕੇ ਮਹਾਨ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਂਟ ਕਰ ਸਕੇ।

ਕੌਮ ਦੇ ਨਾਂ ਸੰਦੇਸ਼ ਵਿੱਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ  ਅਕਾਲ ਤਖਤ ਸਾਹਿਬ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੂਰੋਂ ਨੇੜਿਓਂ ਆਈ ਸਮੂਹ ਸੰਗਤ ਦਾ ਜੋੜ ਮੇਲ ਮੌਕੇ ਪਹੁੰਚਣ ਤੇ ਧੰਨਵਾਦ ਕੀਤਾ। ਉਹਨਾਂ ਇਸ ਮੌਕੇ ਸਿੱਖ ਸੰਗਤਾਂ ਆਪ ਅਤੇ ਆਪਣੇ ਬੱਚਿਆਂ ਨੂੰ ਅਮ੍ਰਿੰਤਧਾਰੀ ਬਣਨ ਦੀ ਅਪੀਲ ਕੀਤੀ ਅਤੇ ਸਿੱਖ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਸਿੱਖੀ ਦੇ ਪ੍ਰਸਾਰ ਲਈ ਕੰਮ ਕਰਨ ਲਈ ਕਿਹਾ ਅਤੇ ਸਿੱਖੀ ਨੂੰ ਢਾਅ ਲਾਉਣ ਦੀਆਂ ਆਪਣੀਆਂ ਕੋਝੀਆਂ ਚਾਲਾਂ ਚੱਲਣ ਵਾਲੀਆਂ ਕੋਸ਼ਿਸ਼ਾਂ ਕਰ ਰਹੀਆਂ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ ਜਾਣ। ਉਹਨਾਂ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਵੀ ਸਿੱਖ ਸੰਗਤ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸਿੱਖੀ ਸਿਧਾਂਤਾਂ ਤੇ ਚੱਲਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ. ਸ਼੍ਰੀ ਕੌਸਤੁਭ ਸ਼ਰਮਾ ਨੇ ਜੋੜ ਮੇਲ ਅਮਨ ਅਮਾਨ ਨਾਲ਼ ਸਮਾਪਤ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਈ ਸੰਗਤ, ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਧਾਰਮਿਕ ਅਤੇ ਸਵੈ ਸੇਵੀ ਜਥੇਬੰਦੀਆਂ ਵੱਲੋਂ ਮਿਲੇ ਸਹਿਯੋਗ ਬਦਲੇ ਉਹਨਾਂ ਦਾ ਧੰਨਵਾਦ ਕੀਤਾ।  ਉਹਨਾਂ ਕਿਹਾ ਕਿ ਸਮੁੱਚੇ ਜੋੜ ਮੇਲ ਦੌਰਾਨ ਕਿਧਰੇ ਤੋਂ ਵੀ ਕੋਈ ਅਣ ਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਮੇਲਾ ਪੁਰ ਅਮਨ ਢੰਗ ਨਾਲ਼ ਸਮਾਪਤ ਹੋ ਗਿਆ। ਰਸਮੀ ਤੌਰ ਤੇ ਭਾਵੇਂ ਇਹ ਜੋੜ ਮੇਲ ਅੱਜ ਸਮਾਪਤ ਹੋ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,