ਸਿੱਖ ਖਬਰਾਂ

ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦਾ ੨੭ਵਾਂ ਸ਼ਹੀਦੀ ਦਿਹਾੜਾ

January 6, 2016 | By

ਅੰਮ੍ਰਿਤਸਰ ਸਾਹਿਬ: ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਮੇਤ ੩੭ ਹੋਰ ਗੁਰਧਾਮਾਂ ‘ਤੇ ਫੌਜੀ ਹਮਲੇ ਦਾ ਆਦੇਸ਼ ਦੇਣ ਵਾਲੀ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਮਾਰ ਮੁਕਾਉਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦਾ ੨੭ ਵਾਂ ਸ਼ਹੀਦੀ ਦਿਹਾੜਾ ਮਨਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਅਰਦਾਸੀਆ ਸਿੰਘ ਨੇ ਅਰਦਾਸ ਕੀਤੀ ਕਿ ‘ਹੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸਿੱਖਾਂ ਨੂੰ ਸ਼ਹੀਦਾਂ ਦੇ ਪਾਏ ਨਕਸ਼ੇ ਕਦਮਾਂ ਤੇ ਚੱਲਣ ਦਾ ਬੱਲ ਬਖਸ਼ਣਾ,ਅਜੋਕੇ ਸਮੇਂ ਅੰਦਰ ਆਪਣੇ ਸਿੱਖਾਂ ਅੰਦਰ ਗੈਰਤ,ਅਣਖ ਤੇ ਕੁਰਬਾਨੀ ਦਾ ਜ਼ਜ਼ਬਾ ਸੁਰਜੀਤ ਰੱਖਣਾ।

ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਣ ਵੇਲੇ ਦਾ ਦ੍ਰਿਸ਼

ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਣ ਵੇਲੇ ਦਾ ਦ੍ਰਿਸ਼

ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਦੇ ੨੭ ਵੇਂ ਸ਼ਹੀਦੀ ਦਿਹਾੜੇ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਰਾਗੀ ਜਥੇ ਨੇ ਬੀਰਰਸੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।

ਇਸ ਮੌਕੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਮਾਤਾ ਬੀਬੀ ਪਿਆਰ ਕੌਰ,ਭਰਾਤਾ ਸ੍ਰ ਗੁਰਨਾਮ ਸਿੰਘ ,ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ,ਗਿਆਨੀ ਗੁਰਬਚਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ,ਭਾਈ ਮਨਜੀਤ ਸਿੰਘ,ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ੍ਰ ਜਰਨੈਲ ਸਿੰਘ ਸਖੀਰਾ,ਦਫਤਰ ਸਕੱਤਰ ਹਰਬੀਰ ਸਿੰਘ ਸੰਧੂ,ਸ੍ਰ ਬਲਵਿੰਦਰ ਸਿੰਘ ਕਾਲਾ,ਦਲ ਖਾਲਸਾ ਦੇ ਸ੍ਰ ਕੰਵਰਪਾਲ ਸਿੰਘ ,ਭਾਈ ਪਰਮਜੀਤ ਸਿੰਘ,ਅਕਾਲੀ ਦਲ ਅੰਮ੍ਰਿਤਸਰ ਦੇ ਬੀਬੀ ਕੁਲਵੰਤ ਕੌਰ ਪੁਜੇ ਹੋਏ ਸਨ।ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਆ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ।

ਗਿਆਨੀ ਮਾਨ ਸਿੰਘ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਮਾਤਾ ਬੀਬੀ ਪਿਆਰ ਕੌਰ ,ਭਰਾਤਾ ਸ੍ਰ ਗੁਰਨਾਮ ਸਿੰਘ,ਕਰੀਬੀ ਰਿਸ਼ਤੇਦਾਰ ਸ੍ਰ ਭਗਵਾਨ ਸਿੰਘ ਅਤੇ ਆਤਮਾ ਸਿੰਘ ਨੂੰ ਸਿਰੋਪਾਉ ਦੀ ਬਖਸ਼ਿਸ਼  ਕੀਤੀ।ਉਧਰ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਗਿਆਨੀ ਗੁਰਬਚਨ ਸਿੰਘ ਵੀ ਗੁਰਦੁਆਰਾ ਝੰਡਾ ਬੁੰਗਾ ਵਿਖੇ ਪੁਜ ਗਏ ।ਪੰਥਕ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਅਧਿਕਾਰੀ ਹਰਜਿੰਦਰ ਸਿੰਘ ਜਿੰਦਾ,ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸੁਲੱਖਣ ਸਿੰਘ,ਵਧੀਕ ਮੈਨੇਜਰ ਜਤਿੰਦਰ ਸਿੰਘ,ਸੁਖਰਾਜ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਇੰਚਾਰਜ,ਟਾਸਕ ਫੋਰਸ ਅਤੇ ਸੁੱਰਖਿਆ ਦਸਤੇ ਦੇ ਮੁਲਾਜਮ ਲੈਕੇ ਪੁਜ ਗਏ।

ਜਿਉਂ ਹੀ ਗਿਆਨੀ ਮਾਨ ਸਿੰਘ ਹੁਰਾਂ ਨੇ ਹੁਕਮਨਾਮਾ ਸ਼ੁਰੂ ਕੀਤਾ ਤਾਂ ਦਲ ਖਾਲਸਾ ਦੇ ਸ੍ਰ ਕੰਵਰਪਾਲ ਸਿੰਘ ਨੇ  ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਕਹਿ ਦਿੱਤਾ ਕਿ ਸ਼ਹੀਦ ਪ੍ਰੀਵਾਰਾਂ ਦੇ ਸਤਿਕਾਰ ਨੂੰ ਮੁਖ ਰੱਖਦਿਆਂ ਸਿਰੋਪਾਉ ਦੀ ਬਖਸ਼ਿਸ਼ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਾਂ ਗਿਆਨੀ ਮਾਨ ਸਿੰਘ ਹੁਰੀ ਹੀ ਕਰਨ ।ਇਸਤੇ ਤੁਰੰਤ ਅਮਲ ਕਰਦਿਆਂ ਪ੍ਰਬੰਧਕਾਂ ਨੇ ਇਹ ਕਾਰਜ ਗਿਆਨੀ ਮਾਨ ਸਿੰਘ ਤੋਂ ਕਰਵਾਇਆ।ਸਿਰੋਪਾਉ ਬਖਸ਼ਿਸ਼ ਕਰਨ ਦੌਰਾਨ ਹੀ ਗਿਆਨੀ ਗੁਰਬਚਨ ਸਿੰਘ ਚੁੱਪ ਚੁੱਪੀਤੇ ਆਪਣੇ ਨਿਵਾਸ ਅਸਥਾਨ ਵੱਲ ਚਲੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,