ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਸਿੱਖ ਅਤੇ ਦਲਿਤ ਜਥੇਬੰਦੀਆਂ ਨੇ ਦਲਿਤਾਂ ਅਤੇ ਘੱਟਗਿਣਤੀਆਂ ‘ਤੇ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਕੀਤਾ

August 5, 2016 | By

ਹੁਸ਼ਿਆਰਪੁਰ: ਹੁਸ਼ਿਆਰਪੁਰ ਵਿਖੇ ਸਿੱਖ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਗੁਜਰਾਤ ਵਿੱਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆਂ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਦਲਿਤ ਨੌਜਵਾਨਾਂ ਵਿਚੋਂ ਇੱਕ ਦੀ ਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰੈਸ ਨਾਲ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਨੌਜਵਾਨ ਨੇ ਸਮਾਜ ਨੂੰ ਜਗਾਉਣ ਖਾਤਿਰ ਆਤਮ-ਹੱਤਿਆ ਵਰਗਾ ਜ਼ੋਖਮ ਭਰਿਆ ਕਦਮ ਪੁੱਟਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਦਲਿਤਾਂ ਦੇ ਦੁੱਖ ਨੂੰ ਹਾਲੇ ਵੀ ਸਮਾਜ ਦੇ ਵੱਡੇ ਹਿੱਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਅਖੌਤੀ ਉਚ ਜਾਤੀ ਵਲੋਂ ਦਲਿਤਾਂ ਉਪਰ ਲਗਾਤਾਰ ਜ਼ੁਲਮ ਢਾਹਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਗਊ ਰੱਖਿਆ ਦੇ ਨਾਮ ਹੇਠ ਸਰੀਰਿਕ ਤਸੀਹੇ ਦਿੱਤੇ ਜਾ ਰਹੇ ਹਨ ਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤਾਂ ਦੀ ਇਸ ਪੀੜਾ ਪਿੱਛੇ ਮਨੂੰਵਾਦੀ ਵਿਚਾਰਧਾਰਾ ਕੰਮ ਕਰ ਰਹੀ ਹੈ ਜਿਸ ਕਾਰਨ ਇਹ ਦੁੱਖ ਭਰੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।

ਉਹਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇ ਕੇਂਦਰ ਵਿੱਚ ਤਾਕਤ ਵਿੱਚ ਆਉਣ ਤੋਂ ਬਾਅਦ ਸੰਘ ਪਰਿਵਾਰ ਬੇਖੋਫ ਹੋ ਕੇ ਆਪਣੀਆਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ। ਜਦਕਿ ਭਾਜਪਾ ਹਕੂਮਤ ਇਹਨਾਂ ਕਾਰਵਾਈਆਂ ਨੂੰ ਪਰਦੇ ਪਿੱਛੇ ਹੱਲਾਸ਼ੇਰੀ ਦੇ ਰਹੀ ਹੈ ਜਦਕਿ ਅਕਾਲੀ ਦਲ ਜੋ ਕਿ ਭਾਜਪਾ ਸਰਕਾਰ ਵਿੱਚ ਭਾਈਵਾਲ ਹੈ, ਨੇ ਇਸ ਪ੍ਰਤੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਵਰਗੀਆਂ ਪਾਰਟੀਆਂ ਵੀ ਇਸ ਉਪਰ ਮਗਰਮੱਛ ਵਾਲੇ ਹੰਝੂ ਵਹਾ ਰਹੀਆਂ ਹਨ ਦਿਲੋਂ ਕੋਈ ਵੀ ਸਥਾਪਿਤ ਪਾਰਟੀ ਦਲਿਤਾਂ ਦੀ ਇਸ ਪੀੜ ਪ੍ਰਤੀ ਇਮਾਨਦਾਰ ਨਹੀਂ ਹੈ।

ਉਹਨਾਂ ਕਿਹਾ ਕਿ ਕੇਂਦਰ ’ਚ ਬੀਜੇਪੀ ਸਰਕਾਰ ਦੇ ਆਉਣ ਤੋਂ ਬਾਅਦ ਜਿਥੇ ਦਲਿਤਾਂ ਅਤੇ ਮੁਸਲਮਾਨਾਂ ਉਤੇ ਸਰੀਰਿਕ ਹਮਲੇ ਤੇਜ਼ ਹੋਏ ਹਨ ਉਥੇ ਸਿੱਖਾਂ ਉਪਰ ਵਿਚਾਰਧਾਰਕ ਹਮਲਿਆਂ ਵਿਚ ਵੀ ਤੇਜ਼ੀ ਆਈ ਹੈ। ਉਹਨਾਂ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਪਿੱਛਲੇ ਦਿਨੀਂ ਹੀ ਫਗੜਾਵਾ ਸ਼ਹਿਰ ਵਿੱਚ ਹਿੰਦੂਤਵੀ ਤਾਕਤਾਂ ਵਲੋਂ ਮਜਜਿਦ ਉਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦਾ ਵਿਰੋਧ ਮੁਸਲਮਾਨ, ਸਿੱਖ ਅਤੇ ਵਾਲਮੀਕ ਭਾਈਚਾਰੇ ਵਲੋਂ ਰਲ ਕੇ ਕੀਤਾ ਗਿਆ ਸੀ। ਉਹਨਾਂ ਘੱਟ-ਗਿਣਤੀ ਕੌਮਾਂ ਅਤੇ ਦਲਿਤ ਭਾਈਚਾਰੇ ਦੀ ਇਸ ਏਕਤਾ ਨੂੰ ਮਿਸਾਲੀ ਦੱਸਦੇ ਹੋਏ ਕਿਹਾ ਕਿ ਸਾਨੂੰ ਇਸ ਏਕਤਾ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ ਤਾਂ ਕਿ ਹਿੰਦੂਤਵੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ।

ਹੁਸ਼ਿਆਰਪੁਰ ਵਿਖੇ ਸਿੱਖ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆਗੂ

ਹੁਸ਼ਿਆਰਪੁਰ ਵਿਖੇ ਸਿੱਖ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆਗੂ

ਉਹਨਾਂ ਆਪਣੀ ਗੱਲ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤੀ ਰਾਜ ਪ੍ਰਣਾਲੀ ਘੱਟ ਗਿਣਤੀ ਕੌਮਾਂ ਤੇ ਦਲਿਤ ਵਰਗ ਨੂੰ ਸਵੈ ਮਾਣ ਵਾਲੀ ਜ਼ਿੰਦਗੀ ਅਤੇ ਇਨਸਾਫ ਦੇਣ ਤੋਂ ਅਸਮਰਥ ਰਹੀ ਹੈ ਕਿਉਂਕਿ ਇਸ ਦੀਆਂ ਜੜ੍ਹਾਂ ਮਨੂੰਵਾਦੀ ਵਿਚਾਰਧਾਰਾ ਵਿੱਚ ਪਈਆਂ ਹੋਈਆਂ ਹਨ। ਇਸ ਕਾਰਨ ਹੀ ਘੱਟਗਿਣਤੀ ਕੌਮਾਂ ਅਤੇ ਦਲਿਤਾਂ ਉਪਰ ਵਾਰ-ਵਾਰ ਜਬਰ-ਜ਼ੁਲਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਹਨਾਂ ਘਟਨਾਵਾਂ ਦਾ ਕੋਈ ਅੰਤ ਨਹੀਂ ਹੈ। ਉਹਨਾਂ ਦਲਿਤ ਭਰਾਵਾਂ ਨੂੰ ਕਿਹਾ ਕਿ ਉਹਨਾਂ ਨੂੰ ਹੁਣ ਇਸ ਰਾਜ ਪ੍ਰਣਾਲੀ ਤੋਂ ਹੋਰ ਕੋਈ ਆਸ ਨਹੀਂ ਰੱਖਣੀ ਚਾਹੀਦੀ ਅਤੇ ਸੰਘਰਸ਼ਸ਼ੀਲ ਕੌਮਾਂ ਨਾਲ ਰਲ ਕੇ ਭਾਰਤੀ ਰਾਜ ਦੇ ਖਿਲ਼ਾਫ ਸੰਘਰਸ਼ ਕਰਨਾ ਚਾਹੀਦਾ ਹੈ।

ਫਿਲਮ ਮਾਈਕਲ ਮਿਸ਼ਰਾ ਵਿੱਚ ਵਾਲਮੀਕ ਜੀ ਦੀ ਸ਼ਖਸੀਅਤ ‘ਤੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦੀ ਜਥੇਬੰਦੀਆਂ ਵਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਨਾਂ ਕਿਹਾ ਕਿ ਇਸ ਫਿਲਮ ਨੇ ਵਾਲਮੀਕ ਸਮਾਜ ਦੇ ਹਿਰਦੇ ਵਲੂੰਧਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਸੂਝ ਤੋਂ ਕੰਮ ਲੈਂਦਿਆਂ ਫਿਲਮਾਂ ਵਿੱਚੋਂ ਅਜਿਹੇ ਦ੍ਰਿਸ਼ ਪਹਿਲਾਂ ਹੀ ਕੱਟ ਦੇਣੇ ਚਾਹੀਦੇ ਹਨ ਜਿਹੜੇ ਕਿਸੇ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਸੱਟ ਮਾਰਦੇ ਹੋਣ।

ਇਸ ਮੌਕੇ ਦਲ ਖਾਲਸਾ ਦੇ ਰਣਵੀਰ ਸਿੰਘ ਗੀਗਨਵਾਲ, ਨੋਬਲਜੀਤ ਸਿੰਘ, ਸ਼ਰਨਜੀਤ ਸਿੰਘ, ਸ਼੍ਰੋਮਣੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਵਲੋਂ ਚੇਅਰਮੈਨ ਸੁਰਿੰਦਰ ਸਿੰਘ ਸੰਧੂ ਜਗਦੀਸ਼ ਬੱਧਣ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ, ਸਲਾਹਕਾਰ ਪ੍ਰਭਜੋਤ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ, ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਮੋਹਨ ਲਾਲ ਭਟੋਆਂ, ਗੁਰਦੀਪ ਸਿੰਘ, ਦਲਿਤ ਯੁਵਾ ਦਲ ਵਲੋਂ ਪ੍ਰਧਾਨ ਅਨਿਲ ਬਾਘਾ, ਭਗਵਾਨ ਵਾਲਮੀਕ ਧਰਮ ਰਖਸ਼ਾ ਸਮਿਤੀ ਵਲੋਂ ਚੇਅਰਮੈਨ ਸੁਰਿੰਦਰਪਾਲ ਭੱਟੀ, ਜ਼ਿਲ੍ਹਾ ਪ੍ਰਧਾਨ ਵਿਕਾਸ ਹੰਸ, ਬਿੰਦਰ ਸੜੋਆਂ, ਬੇਗਮਪੁਰਾ ਯੂਥ ਹੈਲਪਲਾਈਨ ਵਲੋਂ ਪਰਮਜੀਤ ਸਿੰਘ, ਰਵਿਦਾਸੀਆ ਯੂਥ ਫੈਡਰੇਸ਼ਨ ਵਲੋ ਹਰਦੀਪ ਬੱਧਣ, ਰਮਨ ਅਤੇ ਗੁਰਜੀਤ ਮਾਹੀ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,