ਵੀਡੀਓ » ਸਿਆਸੀ ਖਬਰਾਂ » ਸਿੱਖ ਖਬਰਾਂ

ਧੱਕੇ ਨਾਲ ਲਾਪਤਾ ਕਰ ਦਿੱਤੇ ਗਏ ਲੋਕਾਂ ਨੂੰ ਸਿੱਖ ਜਥੇਬੰਦੀਆਂ ਨੇ ਯਾਦ ਕੀਤਾ (ਵੀਡੀਓ)

December 12, 2016 | By

ਬਟਾਲਾ: ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਦੀ 68ਵੀਂ ਵਰ੍ਹੇਗੰਢ ‘ਤੇ ਪੰਜਾਬ ਵਿਚ ਚੱਲੇ ਸੰਘਰਸ਼ ਦੌਰਾਨ ਲਾਪਤਾ ਕੀਤੇ ਗਏ ਅਤੇ ਹਿਰਾਸਤ ਵਿਚ ਮਾਰੇ ਗਏ ਲੋਕਾਂ ਦੇ ਮਾਪਿਆਂ ਅਤੇ ਬੱਚਿਆਂ ਦੀ ਦਰਦ ਭਰੀ ਦਾਸਤਾਨ ਨੂੰ ਯਾਦ ਕੀਤਾ ਗਿਆ।

ਬਟਾਲਾ ਵਿਖੇ 9 ਦਸੰਬਰ, 2016 (ਸ਼ੁੱਕਰਵਾਰ) ਨੂੰ ਮਾਰਚ ਅਤੇ ਇਕੱਤਰਤਾ ਕੀਤੀ ਗਈ ਜਿਸ ਵਿਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਪ੍ਰਬੰਧਕ ਦਲ ਖ਼ਾਲਸਾ ਅਤੇ ਸ਼ਾਮਿਲ ਲੋਕਾਂ ਨੇ ਇਸ ਇਕੱਤਰਤਾ ਬਾਰੇ ਕਿਹਾ ਕਿ ਇਹ ਇਕੱਠ ਦੁਨੀਆ ਨੂੰ ਉਹ ਦੁੱਖ ਅਤੇ ਮੁਸ਼ਕਿਲਾਂ ਯਾਦ ਕਰਾਉਣ ਲਈ ਕੀਤਾ ਗਿਆ ਹੈ ਜੋ ਪੰਜਾਬ ਦੇ ਲੋਕਾਂ ਨੇ ਬੀਤੇ ਦਹਾਕਿਆਂ ਵਿਚ ਆਪਣੇ ਸ਼ਰੀਰਾਂ ‘ਤੇ ਝੱਲੀਆਾਂ ਹਨ।

ਅਨੇਕਾਂ ਪੀੜਤ ਪਰਿਵਾਰ, ਸਰਕਾਰ ਨੂੰ ਝੰਜੋੜਣ ਲਈ ਆਪਣੇ ਉਨ੍ਹਾਂ ਸਾਕ ਸਬੰਧੀਆਂ ਦੀਆਂ ਤਸਵੀਰਾਂ ਚੁੱਕ ਕੇ ਮਾਰਚ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਬੀਤੇ ਦਹਾਕਿਆਂ ਦੌਰਾਨ ਲਾਪਤਾ ਕਰ ਦਿੱਤਾ ਗਿਆ ਸੀ। ਪਰਿਵਾਰਾਂ ਦਾ ਕਹਿਣਾ ਸੀ ਕਿ ਜਾਂ ਤਾਂ ਸਰਕਾਰ ਜਬਰੀ ਲਾਪਤਾ ਕੀਤੇ ਸਾਡੇ ਆਪਣਿਆਂ ਨੂੰ ਮ੍ਰਿਤਕ ਕਰਾਰ ਦੇਵੇ ਜਾ ਫਿਰ ਉਹਨਾਂ ਦੀ ਭਾਲ ਕਰਕੇ ਦੇਵੇ।

ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਲਈ, ਸੰਯੁਕਤ ਰਾਸ਼ਟਰ ਦੇ ਸਾਰੇ ਐਲਾਨ ਅਰਥਹੀਣ ਅਤੇ ਖੋਖਲੇ ਹਨ। ਭਾਵੇਂ ਉਹ ਸਵੈ-ਨਿਰਣੇ ਦਾ ਹੱਕ ਹੋਵੇ, ਜਿਉਣ ਦਾ ਹੱਕ ਹੋਵੇ ਜਾਂ ਆਜ਼ਾਦੀ ਅਤੇ ਸੁਰੱਖਿਆ ਦਾ ਹੱਕ ਹੋਵੇ, ਸਾਡੇ ਇਸ ਖਿਤੇ ਦੇ ਲੋਕਾਂ ਨੂੰ ਸਾਰੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ”।

ਉਨ੍ਹਾਂ ਕਿਹਾ, “ਸੰਯੁਕਤ ਰਾਸ਼ਟਰ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਹੱਕਾਂ ਦੀ ਅਵਾਜ਼ ਨੂੰ ਸੁਣੇ ਅਤੇ ਮਾਨਤਾ ਦੇਵੇ ਅਤੇ ਸਾਨੂੰ ਵੀ ਦੁਨੀਆ ਦੇ ਬਾਕੀ ਕੌਮਾਂ ਵਾਂਗ ਆਜ਼ਾਦਾਨਾ ਤੌਰ ਤੇ ਮਾਣ-ਸਨਮਾਨ ਨਾਲ ਜਿਊਣ ਦਾ ਮੌਕਾ ਮਿਲੇ”।

ਇਕੱਠ ਨੇਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੱਖਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਚ ਲਾਵੇ।

ਪਾਰਟੀ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਨੂੰ ਮਾਣ ਦੇਣ ਅਤੇ ਸੰਘਰਸ਼ ਨੂੰ ਮਾਨਤਾ ਦੇਣ ਲਈ ਕੌਮੀ ਹੱਕਾਂ ਲਈ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀਆਂ ਤਸਵੀਰਾਂ ਅਜਾਇਬ ਘਰ ਵਿਚ ਸ਼ਸ਼ੋਬਿਤ ਕੀਤੀਆਂ ਜਾਣ।

ਪਾਰਟੀ ਆਗੂ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਹੋਣ ਲਈ ਯਤਨ ਕਰ ਰਹੀਆਂ ਪਾਰਟੀਆਂ ਆਪ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕੋਲ ਕਹਿਣ ਨੂੰ ਆਰਥਿਕ, ਵਿਕਾਸ ਅਤੇ ਖੇਤੀ ਦਾ ਏਜੰਡਾ ਤਾਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਕੋਲ ਮਨੁੱਖੀ ਅਧਿਕਾਰਾਂ ਦਾ ਕੋਈ ਏਜੰਡਾ ਨਹੀਂ ਹੈ। ਪਾਰਟੀ ਕਾਰਜਕਰਤਾਵਾਂ ਵਲੋਂ ਫੜੇ ਬੈਨਰਾਂ ‘ਤੇ ਮਨੁੱਖੀ ਅਧਿਕਾਰਾਂ ਦੇ ਏਜੰਡੇ ਤੋਂ ਸੱਖਣੀਆਂ ਇਨ੍ਹਾਂ ਪਾਰਟੀਆਂ ਵਿਰੁੱਧ ਵਿਅੰਗ ਕਸਦੇ ਨਾਅਰੇ ਲਿਖੇ ਹੋਏ ਸਨ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਭਾਵੇਂ ਸਾਡੇ ‘ਤੇ ਇਹ ਇਲਜ਼ਾਮ ਵੀ ਲਾਏ ਜਾਣਗੇ ਕਿ ਅਸੀਂ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਨੂੰ ਮੁੜ ਛੇੜ ਕੇ ਜ਼ਖਮਾਂ ਨੂੰ ਤਾਜ਼ਾ ਕਰ ਰਹੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਮੋਜੂਦਾ ਸਮੇਂ ਪੰਜਾਬ ਵਿਚ ਪਸਰੀ ਮੜੀਆਂ ਵਰਗੀ ਚੁੱਪ ਅਸਲ ਵਿਚ ਸ਼ਾਂਤੀ ਨਹੀਂ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, “ਜੇਕਰ ਮੋਜੂਦਾ ਸਮੇਂ ਦੀ ਸਰਕਾਰ ਪੀੜਤਾਂ ਨੂੰ ਬੀਤੇ ਸਮੇਂ ਤੋਂ ਬਾਹਰ ਕੱਢ ਕੇ ਜ਼ਖਮਾਂ ਨੂੰ ਭਰਨਾ ਚਾਹੁੰਦੀ ਹੈ ਤਾਂ ਜ਼ਰੂਰੀ ਹੈ ਕਿ ਦੇਸ਼-ਭਗਤੀ ਦੀ ਆੜ ਹੇਠ ਅਤੇ ਕੌਮੀ ਸੁਰੱਖਿਆ ਦਾ ਬਹਾਨਾ ਬਣਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਫਸਰਾਂ ਨੂੰ ਦੁਨੀਆ ਸਾਹਮਣੇ ਨਸ਼ਰ ਕਰਕੇ ਸਜ਼ਾ ਦਿੱਤੀ ਜਾਵੇ।

ਪੀੜਤ ਪਰਿਵਾਰ ਇੱਕ ਮੈਂਬਰ ਨੇ ਦੁੱਖਾਂ ਭਰੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ “ਉਸ ਦਿਨ ਕੀ ਹੋਇਆ ਇਹ ਤਾਂ ਯਾਦ ਕਰਨਾ ਔਖਾ ਹੈ। ਤਿੰਨ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲਿਆ”।

ਮੌਜੂਦਾ ਸਮੇਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਅਕਾਲੀ ਦਲ ਲਈ ਮਨੁੱਖੀ ਅਧਿਕਾਰਾਂ ਦਾ ਘਾਣ ਅੱਜ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ, ਜਿਸ ਨੇ ਪਿਛਲੀਆਂ ਚੋਣਾਂ ਸਮੇਂ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕੀਤਾ ਸੀ।

ਹੁਰੀਅਤ ਕਾਨਫਰੰਸ ਦੇ ਸਿੱਖ ਮੈਂਬਰ ਵਕੀਲ ਦਵਿੰਦਰ ਸਿੰਘ ਖਾਸ ਤੌਰ ‘ਤੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਜੰਮੂ ਕਸ਼ਮੀਰ ਤੋਂ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਆਪਣੀ ਪਾਰਟੀ ਦੇ ਚੇਅਰਮੈਨ ਸਈਅਦ ਅਲੀ ਗਿਲਾਨੀ ਦੇ ਤਰਫੋਂ ਆਏ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Bodies Remember victims of Enforced Disappearances in Punjab on Human Rights Day …

ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਦਾ ਹੋ ਰਿਹਾ ਘਾਣ ਸਭ ਹੱਦਾਂ ਪਾਰ ਕਰ ਗਿਆ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਵਧੀਕੀਆਂ ਦੀਆਂ ਘਟਨਾਵਾਂ ਨਿੱਤ ਦੀ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੈਲੇਟ ਗੰਨ ਦੇ ਸ਼ਿਕਾਰ ਹੋਏ ਲੋਕ ਦੀ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਚਲੇ ਗਈ ਹੈ। ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਅਤੇ ਖਾਸ ਤੌਰ ‘ਤੇ ਕਸ਼ਮੀਰੀਆਂ ਦੇ ਬੁਨਿਆਦੀ ਅਧਿਕਾਰ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਜਦਕਿ ਅਸਲ ਵਿਚ ਸਾਡੇ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੀਆਂ ਘੱਟਗਿਣਤੀਆਂ ਨੂੰ ਇਸ ਜ਼ੁਲਮ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਕਿ ਦਮਨਕਾਰੀ ਸ਼ਾਸਨ ਸਾਡਾ ਇਕੱਲੇ ਇਕੱਲੇ ਸ਼ਿਕਾਰ ਕਰੇ।

ਕਸ਼ਮੀਰ ਦੇ ਅਜ਼ਾਦੀ ਪਸੰਦਾਂ ਵਲੋਂ ਵਲੋ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਆ ਰਹੀਆਂ ਖਬਰਾਂ ਨੂੰ ਨਕਾਰਿਆ। ਉਨ੍ਹਾਂ ਗਿਲਾਨੀ ਸਾਹਿਬ ਦੀ ਤਰਫੋਂ ਸਿੱਖਾਂ ਨੂੰ ਇਹ ਯਕੀਨ ਦਵਾਇਆ ਕਿ ਕੋਈ ਵੀ ਉਨ੍ਹਾਂ ਨੂੰ ਜਬਰਨ ਕਸ਼ਮੀਰ ਛੱਡਣ ਜਾਂ ਆਪਣੀ ਮਰਜ਼ੀ ਤੋਂ ਬਗੈਰ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਲਈ ਮਜ਼ਬੂਰ ਨਹੀਂ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,