ਖਾਸ ਖਬਰਾਂ

ਸਿੱਖਜ਼ ਫਾਰ ਜਸਟਿਸ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ; ਨਿਊਯਾਰਕ ਦੇ ਕੌਂਸਲਰ ਵੱਲੋਂ ‘ਸਿੱਖ ਨਸਲਕੁਸ਼ੀ’ ਨੂੰ ਮਾਨਤਾ ਦਿੱਤੇ ਜਾਣ ਉੱਤੇ ਜ਼ੋਰ

September 1, 2010 | By

ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ)

ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ)

ਨਿਊਯਾਰਕ, 28 ਅਗਸਤ, 2010, (ਪੰਜਾਬ ਨਿਊਜ਼ ਨੈਟ.): ਕੈਨੇਡਾ ਦੀ ਪਾਰਲੀਮੈਂਟ ’ਚ ‘ਸਿੱਖ ਨਸਲਕੁਸ਼ੀ’ ਦੇ ਦੁਖਾਂਤ ਬਾਰੇ ਪਟੀਸ਼ਨ ਪੇਸ਼ ਹੋਣ ’ਤੇ 15 ਅਗਸਤ ਨੂੰ ਦੇਸ਼ ਪੱਧਰੀ ਕਾਨਫਰੰਸ  ਆਯੋਜਨ ਮਗਰੋਂ ਹੁਣ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ ’ਚ ਕਾਨੂੰਨ ਮਾਹਿਰਾਂ, ਸਿਆਸਤਦਾਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਸੰਨ 1984 ਵਿਚ ਭਾਰਤ ਅੰਦਰ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਜਾਵੇ। ਨਿਊਯਾਰਕ ਦੇ ਰਾਇਲ ਪੈਲੇਸ ’ 28 ਅਗਸਤ ਨੂੰ ਹੋਏ ਵਿਸ਼ਾਲ ਇਕੱਠ ’ਚ ਸ੍ਰੀ ਅਕਾਲ ਤਖ਼ਤ ਤੋਂ ‘ਸਿੱਖ ਨਸਲਕੁਸ਼ੀ’ ਬਾਰੇ ਜਾਰੀ ਆਦੇਸ਼ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੜ੍ਹਿਆ ਗਿਆ ਤੇ ਨਿਊਯਾਰਕ ਸਟੇਟ ਦੇ ਕਾਨੂੰਨਦਾਨਾਂ ਨੂੰ ਇਸ ਦੀ ਪੁਰਜ਼ੋਰ ਹਮਾਇਤ ਲਈ ਆਵਾਜ਼ ਉਠਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਕਾਨਫਰੰਸ ’ਚ ਸ਼ਾਮਿਲ ਹੋਏ।

ਗਿਆਨੀ ਤਰਲੋਚਨ ਸਿੰਘ (ਜਥੇਦਾਰ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ)

ਗਿਆਨੀ ਤਰਲੋਚਨ ਸਿੰਘ (ਜਥੇਦਾਰ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ)

ਸ੍ਰੀ ਅਕਾਲ ਤਖ਼ਤ  ਦੇ ਜ੍ਯਥੇਦਾਰ ਗੁਰਬਚਨ ਸਿੰਘ ਨੇ ਸਿੱਖਜ਼  ਫਾਰ ਜਸਟਿਸ ਵੱਲੋਂ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ  ਲਈ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਜੱਦੋ-ਜਹਿਦ ਦੀ ਜ਼ੋਰਦਾਰ ਸ਼ਲਾਘਾ  ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਉਹ ਨਵੰਬਰ ’84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਿੱਖਜ਼ ਫਾਰ ਜਸਟਿਸ ਦਾ ਸਮਰਥਨ ਕਰਨ।

ਇਸ ਦੌਰਾਨ  ਜਥੇਦਾਰ ਇਕਬਾਲ ਸਿੰਘ ਤੇ ਜਥੇਦਾਰ ਤਰਲੋਚਨ ਸਿੰਘ ਨੇ ਵੀ ਸਿੱਖਜ਼ ਫਾਰ ਜਸਟਿਸ ਦੀ ਭਰਪੂਰ  ਸ਼ਲਾਘਾ ਕੀਤੇ ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਦਾ ਜ਼ੋਰਦਾਰ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਵੰਬਰ ’84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕਜੁੱਟ ਹੋਣਾ ਜ਼ਰੂਰੀ ਹੈ।

ਮਨੁੱਖੀ ਹੱਕਾਂ ਦੀ ਚੈਂਪੀਅਨ ਮੰਨੀ ਜਾਂਦੀ ਨਿਊਯਾਰਕ ਕੌਂਸਲਰ ਜੁਲੀਸਾ ਫੁਰੇਰਾਸ ਨੇ ‘ਸਿੱਖ ਨਸਲਕੁਸ਼ੀ’ ਦੀ ਪ੍ਰਮਾਣਿਕਤਾ ਲਈ ਹਮਾਇਤ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਆਵਾਜ਼  ਉਠਾਏਗੀ। ਉਨ੍ਹਾਂ ਕਾਨਫਰੰਸ ’ਚ ਸਿੱਖਜ਼ ਫਾਰ ਜਸਟਿਸ ਅਤੇ ਜਥੇਦਾਰ ਸਾਹਿਬਾਨ ਨੂੰ ਨਿਊਯਾਰਕ ਕੌਂਸਲ ਦਾ ‘ਸਾਈਟੇਸ਼ਨ’ ਵੀ ਸੌਂਪਿਆ।

ਗਿਆਨੀ ਇਕਬਾਲ ਸਿੰਘ (ਜਥੇਦਾਰ ਤਖਤ ਸ਼੍ਰੀ ਹਰਮੰਦਰ ਸਾਹਿਬ, ਪਟਨਾ)

ਗਿਆਨੀ ਇਕਬਾਲ ਸਿੰਘ (ਜਥੇਦਾਰ ਤਖਤ ਸ਼੍ਰੀ ਹਰਮੰਦਰ ਸਾਹਿਬ, ਪਟਨਾ)

ਨਿਊਯਾਰਕ  ਸਟੇਟ ਦੇ ਅਸੈਂਬਲੀ ਮੈਂਬਰ ਡੇਵਿਡ ਨੇ ਕਿਹਾ ਕਿ ਅਮਰੀਕਾ ਮਨੁੱਖੀ ਹੱਕਾਂ ਦੇ ਮਾਮਲੇ  ’ਚ ਸਿੱਖਾਂ ਦੇ ਨਾਲ ਹੈ। ‘ਸਿੱਖਜ਼ ਫਾਰ  ਜਸਟਿਸ’ ਦੇ ਕਾਨੂੰਨੀ ਸਲਾਹਕਾਰ ਸ: ਗੁਰਪਤਵੰਤ ਸਿੰਘ ਪੰਨੂੰ ਨੇ ਅਮਰੀਕਾ ਦੇ ਇਲੀਨੌਆਇ ਸਟੇਟ ਵੱਲੋਂ ਬਣਾਏ ਨਸਲਕੁਸ਼ੀ ਕਮਿਸ਼ਨ ਦੀ ਤਰਜ਼ ’ਤੇ ਨਿਊਯਾਰਕ ਵਿਚ ਵੀ ਅਜਿਹਾ ਕਮਿਸ਼ਨ ਬਣਾਉਣ ਦੀ ਮੰਗ ਕਰਦਿਆਂ ਉਸ ਵਿਚ ‘ਸਿੱਖ ਨਸਲਕੁਸ਼ੀ’ ਸ਼ਾਮਿਲ ਕਰਨ ਦੀ ਜ਼ੋਰਦਾਰ ਅਪੀਲ ਕੀਤੀ।

ਵੈਨਕੂਵਰ ਤੋਂ  ਪੁੱਜੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ  ਨੇ ਕਾਨਫਰੰਸ ਦਾ ਸੰਚਾਲਨ ਕਰਦਿਆਂ ਕੌਮਾਂਤਰੀ  ਪੱਧਰ ’ਤੇ ਸਿੱਖ ਨਸਲਕੁਸ਼ੀ ਦੇ ਦੁਖਾਂਤ ਦੀ ਮਾਨਤਾ, ਇਸ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25 ’ਚ ਸੋਧ ਲਈ ਸਮੂਹ ਜਥੇਬੰਦੀਆਂ ਨੂੰ ਇਕਮੁੱਠਤਾ ਦੇ ਪ੍ਰਗਟਾਵੇ ਲਈ ਸੱਦਾ ਦਿੱਤਾ।

ਕਾਨਫਰੰਸ ਵਿੱਚ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਸਰੋਤੇ

ਕਾਨਫਰੰਸ ਵਿੱਚ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਸਰੋਤੇ

ਨਿਊਯਾਰਕ  ਕਾਨਫਰੰਸ ’ਚ ਆਲ ਇੰਡੀਆ ਸਿੱਖਜ਼  ਸਟੂਡੈਂਟ ਫੈਡਰੇਸ਼ਨ (ਮੀਰ ਮੁਹੰਮਦ) ਵੱਲੋਂ  ਸਿੱਖ ਨਸਲਕੁਸ਼ੀ ਦੇ ਪੀੜਤਾਂ ਬਾਰੇ ਤੱਥਾਂ ’ਤੇ ਆਧਾਰਿਤ ਡਾਕੂਮੈਂਟਰੀ ਪੇਸ਼ ਕੀਤੀ ਜਿਸ ਵਿਚ ਯੋਜਨਾਬੱਧ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨਭੇਟ ਕਰਨ, ਹਜ਼ਾਰਾਂ ਸਿੱਖਾਂ ਦੇ ਸਮੂਹਿਕ ਕਤਲੇਆਮ ਤੇ ਸਰਕਾਰੀ ਦਹਿਸ਼ਤਗਰਦੀ ਦੇ ਨੰਗ ਨਾਚ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਪ੍ਰਗਟਾਵੇ ਕੀਤੇ ਗਏ।

ਸਿੱਖ ਨਸਲਕੁਸ਼ੀ  ਦਾ ਸੰਤਾਪ ਹੰਢਾਉਣ ਵਾਲੇ ਦਿੱਲੀ ਦੇ ਜਸਬੀਰ ਸਿੰਘ ਅਤੇ ਕਾਨਪੁਰ ਦੇ ਦਵਿੰਦਰ ਸਿੰਘ ਭਾਟੀਆ ਤੇ ਉਸ ਦੀ ਮਾਂ ਵੱਲੋਂ ਆਪਣੇ ਪੁੱਤਰ ਤੇ ਪਤੀ ਦੀ ਵਹਿਸ਼ੀਆਨਾ ਹੱਤਿਆ ਦੀ ਦਾਸਤਾਨ ਲੋਕਾਂ ਨਾਲ ਸਾਂਝੀ ਕੀਤੀ ਗਈ।

ਅਮਰੀਕਾ (ਨਿਊਯਾਰਕ) ਵਿਖੇ ਹੋਈ ਇਤਿਹਾਸਕ ਕਾਰਨਫਰੰਸ ਦਾ ਇੱਕ ਹੋਰ ਦ੍ਰਿਸ਼

ਅਮਰੀਕਾ (ਨਿਊਯਾਰਕ) ਵਿਖੇ ਹੋਈ ਇਤਿਹਾਸਕ ਕਾਰਨਫਰੰਸ ਦਾ ਇੱਕ ਹੋਰ ਦ੍ਰਿਸ਼

ਸਿੱਖਜ਼ ਫਾਰ  ਜਸਟਿਸ ਦੇ ਕੋਆਰਡੀਨੇਟਰ ਸ: ਅਵਤਾਰ  ਸਿੰਘ ਪੰਨੂੰ ਨੇ ਬੋਲਦਿਆਂ ਕਿਹਾ ਕਿ ਸਿੱਖਜ਼  ਫਾਰ ਜਸਟਿਸ ਨੂੰ ਸ੍ਰੀ ਅਕਾਲ ਤਖ਼ਤ  ਵੱਲੋਂ ਮਿਲੀ ਮਾਨਤਾ ਤੋਂ ਬਾਅਦ ਇਹ ਸਿੱਖ ਨਸਲਕੁਸ਼ੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਤਾਂ ਜੋ ਨਵੰਬਰ 1984 ਸਿੱਖ ਨਸਲਕੁਸ਼ੀ ਬਾਰੇ ਕੌਮਾਂਤਰੀ ਪੱਧਰ ’ਤੇ ਜਾਗਰੂਕਤਾ ਫੈਲਾਈ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸਲ ਤੱਥਾਂ ਤੋਂ ਜਾਣੂ ਕਰਵਾਇਆ ਜਾਵੇ।

ਇਸੇ ਦੌਰਾਨ  ਬਰਜਿੰਦਰ ਸਿੰਘ ਬਰਾੜ ਤੇ ਮਾਸਟਰ ਮੋਹਿੰਦਰ  ਸਿੰਘ ਨੇ ਸਿੱਖਜ਼ ਫਾਰ ਜਸਟਿਸ ਵੱਲੋਂ  ਕਰਵਾਈ ਗਈ ਇਸ ਤਰ੍ਹਾਂ ਦੀਆਂ ਹੋਰ ਕਾਨਫਰੰਸਾਂ ਕਰਵਾਉਣ ਦਾ ਪੁਰਜੋਰ ਸਮਰਥਨ ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਕਾਨਫਰੰਸਾਂ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਕੈਨੇਡਾ ਤੋਂ  ਯੂਥ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਟਰਾਂਟੋ, ਅਮਰੀਕਨ ਜੰਮਪਲ ਬੀਬੀ ਤੇਜੀ ਕੌਰ  ਬੈਂਸ, ਡਾ: ਬਖਸ਼ੀਸ਼ ਸਿੰਘ ਸੰਧੂ ਨਿਊਜਰਸੀ, ਬੀਬੀ ਬਲਬੀਰ ਕੌਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਿਊਯਾਰਕ ਦੇ ਬੱਚਿਆਂ ਵੱਲੋਂ ਹਾਜ਼ਰੀ ਲਵਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,