ਸਿੱਖ ਖਬਰਾਂ

ਕੇਂਦਰ ਸਰਕਾਰ ਦੀ ਨਾ-ਪ੍ਰਵਾਨਗੀ ਦੇ ਬਾਵਜੂਦ ਸਿੱਖ ਜਥਾ ਪਾਕਿਸਤਾਨ ਜਾਏਗਾ

June 22, 2017 | By

ਚੰਡੀਗੜ: 29 ਜੂਨ ਨੂੰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਕੇਂਦਰ ਸਰਕਾਰ ਨਾ ਦੇਣ ਤੋਂ ਬਾਅਦ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ 28 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਜਥਾ 28 ਜੂਨ ਨੂੰ ਇੱਥੋਂ ਰਵਾਨਾ ਹੋਵੇਗਾ ਅਤੇ 29 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਨੇੜੇ ਸਮਾਧ ’ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ।jatha

ਉਨ੍ਹਾਂ ਦੱਸਿਆ ਕਿ ਲਗਪਗ 250 ਯਾਤਰੂਆਂ ਦਾ ਜਥਾ ਪਾਕਿਸਤਾਨ ਜਾਵੇਗਾ। ਇਸ ਸਬੰਧੀ ਪਾਕਿਸਤਾਨ ਔਕਾਫ ਬੋਰਡ ਦੇ ਆਗੂ ਅਤੇ ਪੀਜੀਪੀਸੀ ਆਗੂਆਂ ਨਾਲ ਗੱਲਬਾਤ ਹੋਈ ਹੈ, ਉਨ੍ਹਾਂ ਕਿਹਾ ਕਿ ਜਿਹੜੇ ਵੀ ਗੁਰਦੁਆਰਿਆਂ ਵਿੱਚ ਸਿੱਖ ਸ਼ਰਧਾਲੂਆਂ ਨੇ ਮੱਥਾ ਟੇਕਣਾ ਹੈ, ਉਨ੍ਹਾਂ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਕ ਦੋ ਦਿਨਾਂ ਵਿੱਚ ਵੀਜ਼ੇ ਪ੍ਰਾਪਤ ਹੋ ਜਾਣਗੇ ਅਤੇ ਗਿਣਤੀ ਵੀ ਸਪੱਸ਼ਟ ਹੋ ਜਾਵੇਗੀ।

ਇਹ ਜਥਾ 28 ਜੂਨ ਨੂੰ ਵਿਸ਼ੇਸ਼ ਰੇਲ ਗੱਡੀ ਰਾਹੀਂ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਲਈ ਰਵਾਨਾ ਹੋਵੇਗਾ, ਜਿੱਥੇ 29 ਜੂਨ ਨੂੰ ਬਰਸੀ ਸਮਾਗਮ ਸਬੰਧੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। 30 ਜੂਨ ਨੂੰ ਯਾਤਰੂ ਗੁਰਦੁਆਰਾ ਕਰਤਾਰਪੁਰ ਸਾਹਿਬ, ਰੋੜੀ ਸਾਹਿਬ ਐਮਨਾਬਾਦ ਦੇ ਦਰਸ਼ਨ ਕਰ ਕੇ ਵਾਪਸ ਲਾਹੌਰ ਪਰਤ ਆਉਣਗੇ।

2 ਜੁਲਾਈ ਨੂੰ ਗੁਰਦੁਆਰਾ ਪੰਜਾ ਸਾਹਿਬ ਲਈ ਜਥਾ ਰਵਾਨਾ ਹੋਵੇਗਾ ਅਤੇ 4 ਜੁਲਾਈ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਪੁੱਜੇਗਾ। 5 ਜੁਲਾਈ ਨੂੰ ਗੁਰਦੁਆਰਾ ਸੱਚਾ ਸੌਦਾ ਫਾਰੂਖ਼ਾਬਾਦ ਨਤਮਸਤਕ ਹੋਣਗੇ ਅਤੇ 7 ਜੁਲਾਈ ਨੂੰ ਜਥਾ ਭਾਰਤ ਪਰਤੇਗਾ।

ਦੱਸਣਯੋਗ ਹੈ ਕਿ ਕੱਲ੍ਹ ਪਾਕਿਸਤਾਨ ਔਕਾਫ ਬੋਰਡ ਦੇ ਸਾਲਾਨਾ ਬਜਟ ਇਜਲਾਸ ਵਿੱਚ ਬੋਰਡ ਚੇਅਰਮੈਨ ਸਦੀਕ ਉਲ ਫਰੀਕ ਨੇ ਖ਼ੁਲਾਸਾ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮ ਵਾਸਤੇ 150 ਸ਼ਰਧਾਲੂਆ ਨੂੰ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਅਤੇ 65 ਵੀਜ਼ੇ ਹੋਰ ਜਾਰੀ ਕੀਤੇ ਜਾਣਗੇ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਜਥਾ ਪਾਕਿਸਤਾਨ ਨਾ ਭੇਜਣ ਦੀ ਹਦਾਇਤ ਕੀਤੀ ਸੀ, ਜਿਸ ਤਹਿਤ ਕਮੇਟੀ ਨੇ ਜਥਾ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,