ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਖਾਲਸਾ ਪੰਥ ਵਿਚ 100 ਸਾਲ ਬਾਅਦ ਹੋਈ ਗੁਰਮਤੇ ਦੀ ਵਾਪਸੀ

June 29, 2023 | By

ਅਨੰਦਪੁਰ ਸਾਹਿਬ (28 ਜੂਨ): ਬੀਤੇ ਕੱਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰੀਬ 100 ਸਾਲ ਦੇ ਵਕਫੇ ਬਾਅਦ ਸਿੱਖਾਂ ਵੱਲੋਂ ਸਾਂਝੇ ਤੌਰ ਉੱਤੇ ਗੁਰਮਤੇ ਰਾਹੀਂ ਸਾਂਝਾ ਫੈਸਲਾ ਲਿਆ ਗਿਆ। ਅੱਜ ਦੇ ਗੁਰਮਤੇ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ”।

ਮੀਰੀ ਪੀਰੀ ਦਿਹਾੜੇ ਮੌਕੇ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਦੇ ਸੱਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਹੋਈ ਜਿਸ ਵਿਚ ਵੱਡੀ ਗਿਣਤੀ ਵਿੱਚ ਖਾਲਸਾ ਪੰਥ ਅਤੇ ਗੁਰਸੰਗਤਿ ਦੀ ਸੇਵਾ ਵਿਚ ਵਿਚਰਦੀਆਂ ਸੰਪਰਦਾਵਾਂ, ਜਥਿਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਥ ਰਿਵਾਇਤ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ। ਇਹ ਇਕੱਤਰਤਾ ਸੱਦਣ ਵਾਲੀਆਂ ਸਖਸ਼ੀਅਤਾਂ ਨੇ ਸਾਂਝੇ ਰੂਪ ਵਿਚ ਗੁਰਮਤੇ ਦੀ ਆਰੰਭਤਾ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਉਹਨਾ ਸਾਖੀ ਦੀ ਜਿੰਮੇਵਾਰੀ ਨਿਭਾਉਂਦਿਆਂ ਹਾਜ਼ਰ ਜਥਿਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਿਚੋਂ ਪੰਥਕ ਰਿਵਾਇਤ ਅਨੁਸਾਰ ਪੰਜ ਸਿੰਘਾਂ ਦੀ ਚੋਣ ਕੀਤੀ। ਸਾਖੀ ਸਿੰਘਾਂ ਨੇ ਇਕ-ਇਕ ਕਰਕੇ ਪੰਜ ਸਿੰਘਾਂ ਦੇ ਨਾਮ ਲਏ ਤੇ ਉਹਨਾ ਬਾਰੇ ਸੰਗਤ ਕੋਲੋਂ ਇਤਰਾਜ਼ ਮੰਗੇ। ਇੰਝ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਸਾਰੇ ਜਥਿਆਂ ਦੇ ਵਿਚਾਰ ਸੁਣ ਕੇ ਗੁਰਮਤਾ ਸੋਧਣ ਦੀ ਸ਼ੁਰੂਆਤ ਇਹਨਾ ਪੰਜ ਸਿੰਘਾਂ ਵੱਲੋਂ ਕੀਤੀ ਗਈ। ਇਸ ਮੌਕੇ ਵਿਦੇਸ਼ਾਂ ਵਿਚੋਂ ਵੀ ਵੱਡੀ ਗਿਣਤੀ ਵਿਚ ਸਿੱਖ ਜਥਿਆਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਪੰਜ ਸਿੰਘਾਂ ਕੋਲ ਆਪਣੇ ਵਿਚਾਰ ਪੇਸ਼ ਕੀਤੇ। ਹਰ ਬੁਲਾਰੇ ਨੇ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਸੱਚੇ ਸਤਿਗੁਰ ਦੇ ਸਨਮੁਖ ਪੰਜ ਸਿੰਘਾਂ ਦੀ ਹਾਜ਼ਰੀ ਵਿਚ ਇਹ ਪ੍ਰਤਿਗਿਆ ਲਈ ਕਿ “ਮੈਂ ਸੱਚੇ ਸਤਿਗੁਰੂ ਦੀ ਹਾਜਰੀ ਵਿਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ, ਮੇਰੇ ਨਿਜ ਦੇ ਹਾਨ-ਲਾਭ ਜਾਂ ਲੋਭ-ਲਾਲਚ ਕਾਰਨ ਮੇਰੀਆਂ ਵਿਚਾਰਾਂ ਵਿਚ ਕੋਈ ਖੋਟ ਜਾਂ ਪੱਖਪਾਤ ਨਹੀਂ ਹੋਵੇਗਾ”। ਪੰਜ ਸਿੰਘਾਂ ਨੇ ਸਾਰੇ ਬੁਲਾਰਿਆਂ ਦੇ ਵਿਚਾਰ ਸੁਣ ਕੇ ਆਪਸ ਵਿਚ ਵਿਚਾਰ ਵਟਾਂਦਰਾ ਕੀਤਾ ਤੇ ਗੁਰਮਤਾ ਸੋਧਿਆ। ਪੰਜ ਸਿੰਘਾਂ ਨੇ ਸੋਧਿਆ ਹੋਇਆ ਗੁਰਮਤਾ ਸਾਖੀ ਸਿੰਘਾਂ ਨੂੰ ਸੌਂਪਿਆ ਜਿਹਨਾ ਵੱਲੋਂ ਵਿਸ਼ਵ ਸਿੱਖ ਇਕੱਤਰਤਾ ਦਾ ਗੁਰਮਤਾ ਸੰਗਤ ਦੇ ਸਨਮੁਖ ਪੜ੍ਹਿਆ ਗਿਆ। ਇਸ ਇਕੱਤਰਤਾ ਦੀ ਇਹ ਖਾਸੀਅਤ ਰਹੀ ਕਿ ਇਸ ਵਿਚ ਸਾਂਝਾ ਫੈਸਲਾ ਲੈਣ ਲਈ ਖਾਲਸਾ ਪੰਥ ਦੀ ਰਿਵਾਇਤ ਤੋਂ ਸੇਧ ਲਈ ਗਈ ਹੈ। ਇਸ ਇਕੱਤਰਤਾ ਦਾ ਸੱਦਾ ਦੇਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਕਿਹਾ ਕਿ ਉਹਨਾ ਪੰਥਕ ਰਿਵਾਇਤ ਵੱਲ ਪਰਤਣ ਦਾ ਇਕ ਨਿਮਾਣਾ ਜਿਹਾ ਯਤਨ ਸ਼ੁਰੂ ਕੀਤਾ ਸੀ ਜਿਸ ਨੂੰ ਅੱਜ ਖਾਲਸਾ ਪੰਥ ਤੇ ਗੁਰਸੰਗਤ ਦੇ ਜਥਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਉਹਨਾ ਕਿਹਾ ਕਿ ਸਿੱਖਾਂ ਨੂੰ ਅੱਜ ਸਾਂਝੇ ਫੈਸਲੇ ਗੁਰਮਤੇ ਰਾਹੀਂ ਕਰਨ ਤੇ ਪੰਚ ਪ੍ਰਧਾਨੀ ਵਾਲੀ ਸਾਂਝੀ ਅਗਵਾਈ ਚੁਣਨ ਦੀ ਪੰਥਕ ਰਿਵਾਇਤ ਸੁਰਜੀਤ ਕਰਨ ਦੀ ਸਖਤ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਚੁਣੇ ਗਏ ਪੰਜ ਸਿੰਘਾਂਂ ਕੋਲ ਗਈ ਵਡਿਆਈ ਸਮਾਗਮ ਦੀ ਸਮਾਪਤੀ ਉੱਤੇ ਸੰਗਤ ਵਿਚ ਵਿਲੀਨ ਹੋ ਗਈ।

ਅੱਜ ਦੀ ਇਸ ਇਕੱਤਰਤਾ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਦਮਦਮੀ ਟਕਸਾਲ ਅਜਨਾਲਾ, ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਪੰਥ ਸੇਵਕ ਜਥਾ, ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥਾ, ਨਿਹੰਗ ਦਲ ਪੰਥ ਅਰਬਾਂ ਖਰਬਾਂ, ਸਾਹਿਬਜ਼ਾਦਾ ਅਜੀਤ ਸਿੰਘ ਦਲ ਪੰਥ ਚਮਕੌਰ ਸਾਹਿਬ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਦਲ ਖਾਲਸਾ, ਜਥਾ ਸਿਰਲੱਥ ਖਾਲਸਾ ਦੇ ਨੁੰਮਾਇੰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਤਿਕਾਰ ਸਭਾ ਹਰਿਆਣਾ, ਨਿਰਮਲ ਸੰਪਰਦਾ, ਗੁਰੂ ਕੀ ਮਟੀਲੀ ਬਾਘਾ ਪੁਰਾਣਾ, ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ, ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ, ਦਮਦਮੀ ਟਕਸਾਲ ਜਥਾ ਲੰਗੇਆਣਾ, ਲੋਹ ਲੰਗਰ ਕਰਤਾਰਪੁਰ ਸਾਹਿਬ, ਕਾਰ ਸੇਵਾ ਖਡੂਰ ਸਾਹਿਬ, ਕਾਰ ਸੇਵਾ ਦੂਖਨਿਵਾਰਨ ਸਾਹਿਬ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਏਕ ਨੂਰ ਖਾਲਸਾ ਫੌਜ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਦਰਬਾਰ-ਏ-ਖਾਲਸਾ, ਅੰਮ੍ਰਿਤ ਸੰਚਾਰ ਜਥਾ, ਗੁਰੂ ਆਸਰਾ ਟ੍ਰਸਟ ਮੋਹਾਲੀ, ਪੰਥਕ ਅਕਾਲੀ ਲਹਿਰ, ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਜਨੇਰ, ਮੀਰੀ ਪੀਰੀ ਸੇਵਾ ਦਲ, ਮਿਸਲ ਸ਼ਹੀਦਾਂ ਤਰਨਾ ਦਲ ਕੋਠਾ ਗੁਰੂ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਦੋਆਬਾ, ਛਾਉਣੀ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦੀ, ਦਮਦਮੀ ਟਕਸਾਲ ਜਥਾ ਕਣਕਵਾਲ, ਵਾਰਿਸ ਪੰਜਾਬ ਦੇ, ਗੋਸਟਿ ਸਭਾ ਪੰਜਾਬੀ ਯੂਨੀਵਰਿਸਟੀ ਪਟਿਆਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਗਤਕਾ ਅਖਾੜਾ ਟਿਬਾ ਸਾਹਿਬ ਹੁਸ਼ਿਆਰਪੁਰ, ਸਿੱਖ ਯੂਥ ਪਾਵਰ ਆਫ ਪੰਜਾਬ, ਯੂਨੀਅਨਿਸਟ ਸਿੱਖ ਮਿਸ਼ਨ, ਕਾਰਸੇਵਾ ਹਜ਼ੂਰ ਸਾਹਿਬ, ਵਿਦਿਆਰਥੀ ਜਥੇਬੰਦੀ ਸੱਥ, ਸੈਫੀ, ਨਿਹੰਗ ਬੁੱਢਾ ਦਲ ਹੁਸ਼ਿਆਰਪੁਰ ਵੀ ਹਾਜ਼ਰ ਹੋਏ ਹਨ।

ਇਸ ਇਕੱਤਰਤਾ ਵਿਚੋਂ ਸੰਸਾਰ ਭਰ ਵਿਚ ਫੈਲੇ ਖਾਲਸਾ ਪੰਥ ਤੇ ਗੁਰਸੰਗਤ ਨੂੰ ਸਮਰਪਿਤ ਜਥਿਆਂ ਦੇ ਨੁਮਾਇੰਦਿਆਂ ਨੇ ਵੀ ਵਿਚਾਰ ਸਾਂਝੇ ਕੀਤੇ ਜਿਹਨਾ ਵਿਚ ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ ਜਰਮਨੀ, ਸਿੱਖ ਕੌਂਸਲ ਬੈਲਜੀਅਮ, ਸਿੱਖ ਫੈਡਰੇਸਨ ਬੈਲਜੀਅਮ, ਵਰਲਡ ਸਿੱਖ ਪਾਰਲੀਮੈਂਟ ਜਰਮਨੀ ਅਤੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ, ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਗੁਰੂ ਨਾਨਕ ਦਰਬਾਰ ਮਿਊਚਿਨ, ਗੁਰਦੁਆਰਾ ਸਿੰਘ ਸਭਾ ਲਾੲਪਸਿਕ, ਗੁਰਦੁਆਰਾ ਸਿੰਘ ਸਭਾ ਰੀਗਨਸਬਰਗ, ਸਿੱਖ ਫੈਡਰੇਸ਼ਨ ਅਮਰੀਕਾ, ਸਿੱਖ ਯੂਥ ਆਫ ਅਮਰੀਕਾ, ਗੁਰਦੁਆਰਾ ਸਿੰਘ ਸਭਾ ਗਲੈਨਰੌਕ ਨਿਊਜਰਸੀ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ, ਫਿਲਿਡੈਲਫੀਆ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਫਰੀਮੌਂਟ, ਫਰੀ ਅਕਾਲ ਤਖਤ ਮੂਵਮੈਂਟ, ਸਿੱਖ ਰਿਸਰਚ ਇੰਸੀਟਿਊਟ, ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਸੰਗਤ ਆਫ ਵਿਕਟੋਰੀਆ (ਆਸਟ੍ਰੇਲੀਆ), ਸਿਡਨੀ ਸਿੱਖ ਸੰਗਤ, ਸਿੱਖ ਸੇਵਕ ਜਥਾ ਪਰਥ, ਪੈਰਿਸ ਸਿੱਖ ਸੰਗਤ, ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ., ਪੰਚ ਪ੍ਰਧਾਨੀ ਯੂ.ਕੇ., ਨੈਸ਼ਨਲ ਸਿੱਖ ਫੈਡਰੇਸ਼ਨ ਯੂ.ਕੇ., ਐਡੀਲੇਡ ਸਿੱਖ ਸੰਗਤ, ਵਿੰਡਸਰ ਸਿੱਖ ਪੰਥਕ ਜਥਾ ਅਤੇ ਬ੍ਰਿਸਬੇਨ ਸਿੱਖ ਸੰਗਤ, ਬੱਬਰ ਖਾਲਸਾ ਫਰਾਂਸ ਅਤੇ ਵਰਲਡ ਸਿੱਖ ਪਾਰਲੀਮੈਂਟ ਫਰਾਂਚ ਚੈਪਟਰ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰਕੇ ਆਪਣੇ ਵਿਚਾਰ ਪੰਜ ਸਿੰਘਾਂ ਅੱਗੇ ਰੱਖੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,