ਆਮ ਖਬਰਾਂ

ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਲਈ ਹਰ ਜ਼ਿਲ੍ਹੇ ਵਿੱਚ ਐਸਟੀਐਫ ਟੀਮ ਬਣਾਉਣ ਦੀ ਤਜਵੀਜ਼

February 13, 2017 | By

ਅੰਮ੍ਰਿਤਸਰ: ਪੰਜਾਬ ਪੁਲਿਸ ਵਲੋਂ ਬਣਾਈ “ਵਿਸ਼ੇਸ਼ ਟਾਸਕ ਫੋਰਸ” ਵੱਲੋਂ ਹੁਣ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਅਤੇ ਇਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਦੇ ਇਰਾਦੇ ਨਾਲ ਹਰ ਜ਼ਿਲ੍ਹੇ ਵਿੱਚ ਐਸਟੀਐਫ ਦੀ ਇੱਕ ਟੀਮ ਬਣਾਉਣ ਦੀ ਤਜਵੀਜ਼ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਐਸਟੀਐਫ ਮੁਖੀ ਵੱਲੋਂ ਇਹ ਮਾਮਲਾ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਕੋਲ ਰੱਖਿਆ ਗਿਆ ਹੈ ਅਤੇ ਡੀਜੀਪੀ ਵੱਲੋਂ ਹਾਂ-ਪੱਖੀ ਹੁੰਗਾਰੇ ਦੀ ਉਮੀਦ ਹੈ। ਐਸਟੀਐਫ ਦੇ ਇੱਕ ਅਧਿਕਾਰੀ ਨੇ ਖ਼ੁਲਾਸਾ ਕੀਤਾ ਕਿ ਇਸ ਵੇਲੇ ਟੀਮ ਛੋਟੀ ਹੋਣ ਕਾਰਨ ਐਸਟੀਐਫ ਨੂੰ ਘਟਨਾ ਵਾਲੀ ਥਾਂ ਜਾਂ ਫਿਰ ਜਿੱਥੇ ਅਜਿਹੇ ਗੈਂਗਸਟਰ ਲੁਕੇ ਹੁੰਦੇ ਹਨ, ਉਥੇ ਪੁੱਜਣ ਵਿੱਚ ਵਧੇਰੇ ਸਮਾਂ ਲੱਗ ਜਾਂਦਾ ਹੈ। ਇਸ ਨਾਲ ਅਪਰਾਧੀਆਂ ਨੂੰ ਮੌਕੇ ਤੋਂ ਖਿਸਕਣ ਦਾ ਮੌਕਾ ਮਿਲ ਜਾਂਦਾ ਹੈ। ਇਸ ਲਈ ਐਸਟੀਐਫ ਨੂੰ ਸਬੰਧਤ ਜ਼ਿਲ੍ਹੇ ਦੀ ਪੁਲਿਸ ਦੀ ਮਦਦ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਵਾਸਤੇ ਐਸਟੀਐਫ ਵੱਲੋਂ ਹਰ ਜ਼ਿਲੇ ਵਿੱਚ ਆਪਣੀ ਇਕ ਟੀਮ ਬਣਾਉਣ ਦੀ ਯੋਜਨਾ ਹੈ, ਜਿਸ ਵਿੱਚ ਕਮਾਂਡੋ ਆਦਿ ਸ਼ਾਮਲ ਹੋਣਗੇ। ਇਹ ਟੀਮ ਘਟਨਾ ਵਾਪਰਣ ਸਮੇਂ ਹੀ ਮੌਕੇ ’ਤੇ ਪੁੱਜ ਜਾਵੇਗੀ ਅਤੇ ਅਪਰਾਧੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਐਸਟੀਐਫ ਨੇ ਕੱਲ੍ਹ ਮੱਖੂ ਵਿੱਚ ਕਾਰਵਾਈ ਕਰਦਿਆਂ ਪੁਲਿਸ ਮੁਕਾਬਲੇ ਦੌਰਾਨ ਇੱਕ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਮਾਲੇਰਕੋਟਲਾ ਦਾ ਗਾਹੀਆ ਖਾਨ ਗੈਂਗ ਸ਼ਾਮਲ ਹੈ। ਪੁਲਿਸ ਵਲੋਂ ਦੱਸੇ ਗਏ ਘਟਨਾ ਦੇ ਵੇਰਵਿਆਂ ਮੁਤਾਬਕ ‘ਪੁਲਿਸ ਕਾਰਵਾਈ’ ਦੌਰਾਨ ਇੱਕ ਹਮਲਾਵਰ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਵੀ ਹੋਇਆ ਹੈ।

ਪੰਜਾਬ ਪੁਲਿਸ; ਪ੍ਰਤੀਕਾਤਮਕ ਤਸਵੀਰ

ਪੰਜਾਬ ਪੁਲਿਸ; ਪ੍ਰਤੀਕਾਤਮਕ ਤਸਵੀਰ

ਇਸ ਸਬੰਧੀ ਐਸਟੀਐਫ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਐਸਟੀਐਫ ਦਾ ਵਿਸਥਾਰ ਕਰਦਿਆਂ ਇਸ ਦੀ ਹਰੇਕ ਜ਼ਿਲ੍ਹੇ ਵਿੱਚ ਇਕ ਟੀਮ ਬਣਾਉਣ ਦੀ ਯੋਜਨਾ ਹੈ ਅਤੇ ਇਹ ਮਾਮਲਾ ਵਿਚਾਰਅਧੀਨ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਇੱਕੋ ਟੀਮ ਸਾਰਿਆਂ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਹੈ। ਪੰਜਾਬ ਵਿੱਚ ਲਗਪਗ 50 ਗੈਂਗਸਟਰ ਗੁੱਟਾਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ, ਜੋ ਇਸ ਵੇਲੇ ਸੂਬੇ ਵਿੱਚ ਸਰਗਰਮ ਹਨ। ਇਨ੍ਹਾਂ ਵਿਚੋਂ ਲਗਪਗ 30 ਨਾਮੀ ਅਪਰਾਧੀ ਇਸ ਵੇਲੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਆਖਿਆ ਕਿ ਬਾਕੀ ਗੈਂਗਸਟਰਾਂ ਨੂੰ ਵੀ ਜਲਦੀ ਹੀ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਵਾਸਤੇ ਐਸਟੀਐਫ ਦਾ ਗਠਨ ਕੀਤਾ ਗਿਆ ਹੈ। ਇਹ ਗੈਂਗਸਟਰ ਗੁੱਟ ਇਸ ਵੇਲੇ ਸਰਕਾਰ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਉਨ੍ਹਾਂ ਆਖਿਆ ਕਿ ਐਸਟੀਐਫ ਅਜਿਹੇ ਨਾਮੀ ਅਪਰਾਧੀਆਂ ਸਮੇਤ ਇਨ੍ਹਾਂ ਦੇ “ਸਮਰਥਕਾਂ, ਪਨਾਹ ਦੇਣ ਵਾਲਿਆਂ ਅਤੇ ਵਿੱਤੀ ਮਦਦ ਕਰਨ” ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,