ਸਿਆਸੀ ਖਬਰਾਂ

ਉਨ੍ਹਾਂ ਨਸ਼ਾ ਤਸਕਰਾਂ ਦੇ ਨਾਂ ਜਨਤਕ ਹੋਣ ਜੋ ਕੈਪਟਨ ਅਮਰਿੰਦਰ ਮੁਤਾਬਕ ਕਾਂਗਰਸ ਆਉਣ ਤੋਂ ਬਾਅਦ ਭੱਜੇ: ਆਪ

August 1, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ (1 ਅਗਸਤ) ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਨਿੰਦਾ ਕਰਦਿਆਂ ਉਨ੍ਹਾਂ ਵਲੋਂ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਨ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ।

ਮੀਡੀਆ ਵਿਚ ਜਾਰੀ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਕਾਂਗਰਸ ਦੇ ਐਮ.ਐਲ. ਏ ਸੁਰਜੀਤ ਸਿੰਘ ਧੀਮਾਨ ਦੁਆਰਾ ਸੁਨਾਮ ਵਿਖੇ ਇਕ ਸਮਾਗਮ ਦੌਰਾਨ ਇਹ ਕਹਿਣਾ ਕਿ ਨਸ਼ਾ ਪੰਜਾਬ ਦੇ ਹਰ ਗਲੀ ਅਤੇ ਕੂਚੇ ਵਿਚ ਉਪਲਬੱਧ ਹੈ। ਆਮ ਆਦਮੀ ਪਾਰਟੀ ਦੇ ਨਸ਼ਿਆਂ ਸੰਬੰਧੀ ਬਿਆਨਾਂ ਨੂੰ ਪੁਖਤਾ ਕਰਦਾ ਹੈ।

ਖਹਿਰਾ ਨੇ ਕਿਹਾ ਕਿ ਧੀਮਾਨ ਨੇ ਇਹ ਗੱਲ ਲੋਕਾਂ ਸਾਹਮਣੇ ਕਹਿ ਕੀ ਨਸ਼ੇ ਦੇ ਕਾਰੋਬਾਰ ਵਿਚ ਸਰਕਾਰ ਬਣਨ ਤੋਂ 15 ਦਿਨਾਂ ਤੱਕ ਹੀ ਮਾਮੂਲੀ ਜਿਹੀ ਰੋਕ ਮਹਿਸੂਸ ਹੋਈ ਸੀ, ਉਨ੍ਹਾਂ ਕਿਹਾ ਕਿ ਉਸਤੋਂ ਮਗਰੋਂ ਇਹ ਫਿਰ ਨਿਰਵਿਘਨ ਜਾਰੀ ਹੋ ਗਿਆ ਹੈ। ਖਹਿਰਾ ਨੇ ਕਿਹਾ ਕਿ ਹੁਣ ਜਦੋਂ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਤਾਂ ਅਮਰਿੰਦਰ ਸਿੰਘ ਦੁਆਰਾ ਨਸ਼ੇ ਸੰਬੰਧੀ ਕੀਤੇ ਵੱਡੇ-ਵੱਡੇ ਦਾਅਵੇ ਠੁਸ ਸਾਬਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਜਗਜਾਹਿਰ ਸੱਚ ਹੈ ਕਿ ਨਸ਼ਾ ਪੰਜਾਬ ਵਿਚ ਹਰ ਥਾਂ ਉਤੇ ਮੌਜੂਦ ਹੈ ਅਤੇ ਹਰ ਰੋਜ਼ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਚੁੰਗਲ ਵਿਚ ਫਸਾ ਰਿਹਾ ਹੈ।

ਸੁਖਪਾਲ ਖਹਿਰਾ, ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਸੁਖਪਾਲ ਖਹਿਰਾ, ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਇਕ ਗੰਭੀਰ ਬਿਆਨ ਹੈ ਕਿਉ ਜੋ ਧੀਮਾਨ ਇਕ ਆਮ ਨਾਗਰਿਕ ਨਾ ਹੋ ਕੇ ਸੱਤਾਧਾਰੀ ਚੁਣਿਆ ਹੋਇਆ ਨੁਮਾਇੰਦਾ ਹੈ। ਇਸ ਲਈ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਅੱਜ ਵੀ ਨਸ਼ਾ ਪੰਜਾਬ ਵਿਚ ਬੇਰੋਕ ਟੋਕ ਵਿੱਕ ਰਿਹਾ ਹੈ। ਪਰ ਪਹਿਲਾਂ ਨਾਲੋਂ ਵੱਧ ਰੇਟਾਂ ਉਤੇ ਉਪਲਬੱਧ ਹੈ।

ਖਹਿਰਾ ਨੇ ਕਿਹਾ ਕਿ ਇਥੋਂ ਤੱਕ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਇਹ ਬਿਆਨ ਦਿੱਤਾ ਸੀ ਕਿ ਜਿਹੜਾ ਹੀਰੋਇਨ ਦਾ ਨਸ਼ਾ ਪਹਿਲਾਂ 1500 ਰੁਪਏ ਪ੍ਰਤੀ ਗਰਾਮ ਮਿਲਦਾ ਸੀ, ਹੁਣ ਉਸਦੀ ਕੀਮਤ 5000 ਪ੍ਰਤੀ ਗ੍ਰਾਮ ਹੋ ਗਈ ਹੈ। ਪਰ ਮੁੱਖ ਮੰਤਰੀ ਨੇ ਪੰਜਾਬ ਵਿਚ ਨਸ਼ੇ ਦੀ ਸਪਲਾਈ ਰੁਕ ਜਾਣ ਬਾਰੇ ਕੋਈ ਗੱਲ ਨਹੀਂ ਕਹੀ। ਖਹਿਰਾ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨਸ਼ੇ ਦੇ ਤਸ਼ਕਰਾਂ ਦੇ ਨਾਮ ਨਸ਼ਰ ਕਰਨ ਜਿਨ੍ਹਾਂ ਬਾਰੇ ਉਹ ਕਹਿ ਰਹੇ ਹਨ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਸੂਬੇ ਨੂੰ ਛੱਡ ਕੇ ਭੱਜ ਗਏ ਹਨ।

ਪੰਜਾਬ ਦੇ ਸਮੁੱਚੇ ਸਿਆਸੀ ਦਲ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ; ਤਸਵੀਰ ਸਿਰਫ ਪ੍ਰਤੀਕ ਦੇ ਤੌਰ 'ਤੇ ਵਰਤੀ ਗਈ

ਪੰਜਾਬ ਦੇ ਸਮੁੱਚੇ ਸਿਆਸੀ ਦਲ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ; ਤਸਵੀਰ ਸਿਰਫ ਪ੍ਰਤੀਕ ਦੇ ਤੌਰ ‘ਤੇ ਵਰਤੀ ਗਈ

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਨਸ਼ੇ ਦੇ ਛੋਟੇ ਵਪਾਰੀਆਂ ਅਤੇ ਨਸ਼ੇ ਕਰਨ ਵਾਲਿਆਂ ਖਿਲਾਫ ਪੁਲਿਸ ਕੇਸ ਬਣਾਉਣੇ ਇਸ ਸਮੱਸਿਆ ਦਾ ਹੱਲ ਨਹੀਂ ਹੈ। ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਨਸੇ ਵਿਚ ਸ਼ਾਮਲ ਵੱਡੇ ਤਸਕਰਾਂ ਨੂੰ ਜੇਲ੍ਹ ਵਿਚ ਸੁਟਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਸਿਰਫ ਉਨਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਜੋ ਸਰਕਾਰ ਦੀ ਗਲਤ ਨੀਤੀਆਂ ਕਾਰਨ ਬੇਰੋਜ਼ਗਾਰੀ ਦੀ ਹਾਲਤ ਵਿਚ ਨਸ਼ੇ ਦੀ ਦਲਦਲ ਵਿਚ ਧਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਨੇ ਵੀ ਇਸੇ ਤਰ੍ਹਾਂ ਤਕਰੀਬਨ 25 ਹਜ਼ਾਰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਜਦੋਂਕਿ ਇਹ ਕਾਰਵਾਈ ਵੀ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,