December 5, 2024 | By ਸਿੱਖ ਸਿਆਸਤ ਬਿਊਰੋ
ਬੀਤੇ ਦਿਨੀਂ ਦਰਬਾਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਉਤੇ ਗੋਲੀ ਚੱਲਣ ਦੀ ਘਟਨਾ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਤਿਕਿਰਿਆ ਅਸੀਂ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਨਾਲ ਇੰਨ-ਬਿੰਨ ਸਾਂਝੀ ਕਰ ਰਹੇ ਹਾ –
ਫ਼ਤਹਿਗੜ੍ਹ ਸਾਹਿਬ – “ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ ਉਤੇ ਗੋਲੀ ਚੱਲਣ ਦੀ ਘਟਨਾ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜੋ ਵੀ ਸਿਆਸਤਦਾਨ ਆਪਣੇ ਹਕੂਮਤੀ ਹਊਮੈ ਅਤੇ ਕਰੋੜਾਂ-ਅਰਬਾਂ ਦੇ ਕਾਰੋਬਾਰਾਂ ਅਧੀਨ ਜਨਤਾ ਨਾਲ ਬੇਇਨਸਾਫ਼ੀਆਂ, ਧੋਖੇ ਫਰੇਬ ਕਰਕੇ ਆਪਣੀਆ ਵੱਡੀਆ-ਵੱਡੀਆ ਜਾਇਦਾਦਾਂ ਨੂੰ ਵਧਾਉਦੇ ਹਨ ਅਤੇ ਲੋਕਾਂ ਦਾ ਕਤਲੇਆਮ ਕਰਵਾਕੇ ਬਾਦਸਾਹੀਆ ਦੀ ਤਰ੍ਹਾਂ ਵਿਚਰਦੇ ਹਨ, ਉਨ੍ਹਾਂ ਨੂੰ ਪਾਕਿਸਤਾਨ ਕਵੀ ਦੇ ਇਹ ਸਬਦ ‘ਡਾਢੇ ਰੱਬ ਤੋ ਡਰਕੇ ਰਹੀਏ, ਉਹ ਰਾਜਿਆ ਤੋ ਭੀਖ ਮੰਗਾ ਦਿੰਦਾ ਈ… ਦੇ ਅਰਥ ਭਰਪੂਰ ਸ਼ਬਦਾਂ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਅਤੇ ਆਪਣੀ ਹਊਮੈ ਤੇ ਹਕੂਮਤ ਦੀ ਦੁਰਵਰਤੋ ਕਰਕੇ ਪ੍ਰਾਪਤ ਕੀਤੇ ਗਏ ਸਾਧਨਾਂ ਤੇ ਅਮਲੇ-ਫੈਲੇ ਦੇ ਮਾਣ ਘੁਮੰਡ ਦਾ ਪੂਰਨ ਰੂਪ ਵਿਚ ਤਿਆਗ ਕਰਕੇ ਆਪਣੇ ਸਵਾਸਾਂ ਨੂੰ ਸਮੁੱਚੀ ਲੋਕਾਈ ਅਤੇ ਮਨੁੱਖਤਾ ਦੀ ਸੇਵਾ ਵਿਚ ਲਗਾਉਣਾ ਚਾਹੀਦਾ ਹੈ । ਅਜਿਹੇ ਜੀਵਨ ਨੂੰ ਹੀ ਸਫਲ ਮੰਨਿਆ ਜਾ ਸਕਦਾ ਹੈ।”

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਉਨ੍ਹਾਂ ਕਿਹਾ ਕਿ ਸੁਕਰ ਹੈ ਕਿ ਸ. ਸੁਖਬੀਰ ਸਿੰਘ ਬਾਦਲ ਇਸ ਦੁਖਾਂਤ ਤੋ ਬਚ ਗਏ ਹਨ, ਪਰ ਹੁਣ ਉਨ੍ਹਾਂ ਨੂੰ ਉਸ ਅਕਾਲ ਪੁਰਖ ਦਾ ਅੰਤਰ ਆਤਮਾ ਤੋ ਸੁਕਰਾਨਾ ਕਰਦੇ ਹੋਏ ਆਪਣੇ ਰਹਿੰਦੇ ਜਿੰਦਗੀ ਦੇ ਸਵਾਸਾਂ ਨੂੰ ਅੱਛੇ ਅਮਲਾਂ ਵਿਚ ਲਗਾਕੇ ਬੀਤੇ ਸਮੇ ਦੇ ਹੋਏ ਪਾਪਾਂ ਦਾ ਪਸਚਾਤਾਪ ਕਰਨਾ ਚਾਹੀਦਾ ਹੈ ਕਿਉਂਕਿ ਉਸ ਅਕਾਲ ਪੁਰਖ ਦੀ ਖੇਡ ਤੋ ਦੁਨਿਆਵੀ ਇਨਸਾਨ ਹਮੇਸ਼ਾਂ ਅਣਜਾਨ ਹੁੰਦਾ ਹੈ। ਲੇਕਿਨ ਕਿਸੇ ਨਾ ਕਿਸੇ ਰੂਪ ਵਿਚ ਹਕੂਮਤੀ ਤਾਕਤ ਦੇ ਨਸ਼ੇ ਵਿਚ ਕੀਤੇ ਗਏ ਮਨੁੱਖਤਾ ਵਿਰੋਧੀ ਅਮਲਾਂ ਦਾ ਅਜਿਹੇ ਸਿਆਸਤਦਾਨਾਂ ਨੂੰ ਸਜ਼ਾ ਜਰੂਰ ਭੁਗਤਣੀ ਪੈਦੀ ਹੈ।

ਸ. ਸੁਖਬੀਰ ਸਿੰਘ ਬਾਦਲ
ਇਸ ਲਈ ਕਿਸੇ ਵੀ ਸਿਆਸਤਦਾਨ ਨੂੰ ਆਪਣੀ ਸਿਆਸੀ, ਕਾਰੋਬਾਰੀ ਤੇ ਹੋਰ ਕਿਸੇ ਤਰ੍ਹਾਂ ਦੀ ਦੁਨਿਆਵੀ ਤਾਕਤ ਦੇ ਹਊਮੈ ਵਿਚ ਆ ਕੇ ਮਨੁੱਖਤਾ, ਜਨਤਾ ਨਾਲ ਕਤਈ ਨਾ ਤਾਂ ਬੇਇਨਸਾਫ਼ੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਆਪਣੇ ਲੋਕਾਂ ਨਾਲ ਧੌਖਾ ਫਰੇਬ ਕਰਨਾ ਚਾਹੀਦਾ ਹੈ।

ਸ. ਨਰਾਇਣ ਸਿੰਘ ਚੌੜਾ
ਸ. ਮਾਨ ਨੇ ਕਿਹਾ ਕਿ ਸ. ਨਰਾਇਣ ਸਿੰਘ ਚੌੜਾ ਜਿਨ੍ਹਾਂ ਵੱਲੋ ਇਹ ਗੋਲੀ ਚਲਾਈ ਗਈ ਹੈ, ਉਨ੍ਹਾਂ ਨੇ ਬੀਤੇ ਸਮੇਂ ਵਿਚ ਖਾਲਸਾ ਪੰਥ ਦੀ ਨਿਡਰਤਾ ਤੇ ਨਿਰਭੈਤਾ ਨਾਲ ਕੀਤੀ ਗਈ ਸੇਵਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹ ਇਕ ਉੱਚੀ ਵਿਦਵਤਾ ਤੇ ਦ੍ਰਿੜਤਾ ਵਾਲੇ ਇਨਸਾਨ ਹਨ ਜਿਨ੍ਹਾਂ ਨੇ ਬੀਤੇ ਸਮਿਆਂ ਦੇ ਦੁਖਾਂਤ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਸੰਬੰਧੀ ਕਈ ਕਿਤਾਬਾਂ ਵੀ ਲਿਖੀਆ ਹਨ ਉਨ੍ਹਾਂ ਉਤੇ ਪੁਲਿਸ ਵੱਲੋ ਜਾਂ ਖੂਫੀਆ ਏਜੰਸੀਆ ਵੱਲੋ ਕਿਸੇ ਤਰ੍ਹਾਂ ਦਾ ਵੀ ਤਸ਼ੱਦਦ ਨਹੀ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਜ਼ੁਬਾਨੀ ਤੌਰ ਤੇ ਆਪਣੇ ਢੰਗਾਂ ਰਾਹੀ ਪੁੱਛਗਿੱਛ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬੇੇਸ਼ੱਕ ਜਥੇਦਾਰ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਸ.ਜੀ.ਪੀ.ਸੀ ਦੀ ਨਿਗਰਾਨੀ ਹੇਠ ਸਾਜਸੀ ਢੰਗ ਨਾਲ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਸੱਚ ਸ੍ਰੀ ਸੁਖਬੀਰ ਬਾਦਲ ਤੋ ਪ੍ਰਵਾਨ ਕਰਵਾਇਆ ਹੈ, ਪਰ 328 ਪਾਵਨ ਸਰੂਪ ਕਿਥੇ ਗਏ ਹਨ, ਅੱਜ ਕਿਸ ਹਾਲਾਤ ਵਿਚ ਹਨ, ਇਨ੍ਹਾਂ ਨੂੰ ਕੌਣ ਲੈਕੇ ਗਿਆ ਹੈ, ਕਿਸ ਮੰਦਭਾਵਨਾ ਭਰੇ ਮਕਸਦ ਲਈ ਲੈਕੇ ਗਿਆ ਹੈ ਅਤੇ ਇਸ ਅਪਮਾਨਿਤ ਦੁੱਖਦਾਇਕ ਅਮਲ ਲਈ ਕੌਣ ਜਿੰਮੇਵਾਰ ਹਨ ? ਉਨ੍ਹਾਂ ਦੀ ਸਜਾ ਤੇ ਸੱਚਾਈ ਨੂੰ ਤਹਿ ਤੇ ਪ੍ਰਤੱਖ ਨਾ ਕਰਕੇ ਖਾਲਸਾ ਪੰਥ ਵਿਚ ਇਨ੍ਹਾਂ ਸਿਆਸਤਦਾਨਾਂ ਵੱਲੋ ਕੀਤੇ ਧੋਖੇ ਫਰੇਬ ਦੇ ਅਮਲ ਨੂੰ ਜੋ ਅਧੂਰਾ ਛੱਡ ਦਿੱਤਾ ਗਿਆ ਹੈ ਉਸ ਸੰਬੰਧੀ ਅਜੇ ਵੀ ਖਾਲਸਾ ਪੰਥ ਵਿਚ ਵੱਡਾ ਰੋਹ ਹੈ, ਸਾਇਦ ਉਪਰੋਕਤ ਘਟਨਾ ਦਾ ਵਰਤਾਰਾ ਵੀ ਇਸੇ ਦਾ ਨਤੀਜਾ ਹੈ।

ਤਸਵੀਰ ਚ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ।
ਜੇਕਰ ਜਥੇਦਾਰ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਛੇਵੀ ਪਾਤਸਾਹੀ ਦੇ ਸਿਧਾਂਤ ਦੀ ਸੇਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਮੁੱਚੇ ਖਾਲਸਾ ਪੰਥ ਤੇ ਸਿਆਸੀ ਸੰਗਠਨਾਂ ਨੂੰ ਇਕਰੂਪ ਵਿਚ ਪੂਨਰਗਠਨ ਕਰਨ ਦੇ ਅਮਲ ਕਰਦੇ ਹੋਏ ਇਸ ਮਹਾਨ ਸਥਾਨ ਤੋ ਕੌਮ ਨੂੰ ਰੁਹਾਨੀਅਤ ਅਤੇ ਸਿਆਸੀ ਤਾਕਤ ਪ੍ਰਦਾਨ ਕਰਨ ਦਾ ਮੌਕਾ ਬਣਾਉਦੇ ਹੋਏ ‘ਆਜਾਦ ਬਾਦਸਾਹੀ ਸਿੱਖ ਰਾਜ’ ਦੇ ਕੌਮੀ ਮਿਸਨ ਤੇ ਕੇਦਰਿਤ ਕਰਕੇ ਅਗਲੇ ਕੌਮੀ ਸੰਘਰਸ ਨੂੰ ਕੌਮਾਂਤਰੀ ਪੱਧਰ ਤੇ ਸੇਧਿਤ ਕਰਨ ਵਿਚ ਆਪਣੀ ਵਿਦਵਤਾ ਵਾਲਾ ਯੋਗਦਾਨ ਪਾ ਦਿੰਦੇ ਤਾਂ ਇਸਦੇ ਆਉਣ ਵਾਲੇ ਸਮੇ ਦੇ ਕੌਮੀ ਨਤੀਜੇ ਬਹੁਤ ਹੀ ਕਾਰਗਰ ਅਤੇ ਕੌਮ ਪੱਖੀ ਸਾਬਤ ਹੋਣ ਤੋ ਇਨਕਾਰ ਨਹੀ ਸੀ ਕੀਤਾ ਜਾ ਸਕਦਾ ।
ਵੀਡਿਓ – ਜਥੇਦਾਰਾਂ ਦੇ ਫੈਸਲੇ ਤੋਂ ਬਾਅਦ ਕੀ ਪਹਿਲਾਂ ਗੁਨਾਹ ਕਰਨ ਵਾਲੇ ਹੁਣ ਫਿਰ ਸੱਤਾ ਦੇ ਕਾਬਜ਼ ਹੋਣ ਯੋਗ ਹੋ ਗਏ?
Related Topics: Akal Takht Sahib, Badal Dal, Giani Raghbir Singh, Gyani Harpreet Singh, Shiromani Akali Dal, Shiromani Akali Dal (Mann), Shiromani Gurdwara Parbandhak Committee ( SGPC), Simranjit Singh Maan, Sukhbir Badal