February 10, 2011 | By ਸਿੱਖ ਸਿਆਸਤ ਬਿਊਰੋ
ਦੇਰ ਬਾਅਦ ਹੀ ਸਹੀ ਅਦਾਲਤ ਨੇ ਸਹੀ ਫੈਸਲਾ ਲਿਆ: ਪੰਚ ਪ੍ਰਧਾਨੀ
ਚੰਡੀਗੜ੍ਹ, (9 ਫਰਵਰੀ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਲਵਿੰਦਰ ਸਿੰਘ ਸ਼ੁਤਰਾਣਾ ਅਤੇ ਗੁਰਦੀਪ ਸਿੰਘ ਰਾਜੂ ਨੂੰ 7 ਫਰਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਥਾਣਾ ਗੁਰਦੇਵ ਨਗਰ ਲੁਧਿਆਣਾ ਦੀ ਪੁਲਿਸ ਵਲੋਂ ਐਫ ਆਈ ਆਰ ਨੰਬਰ 131 ਤਹਿਤ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਦੀ ਧਾਰਾ 13,15,16,17,18,19,20 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਜ਼ਮਾਨਤ ਦੇ ਵਿਰੋਧ ਵਿਚ ਸਰਕਾਰੀ ਧਿਰ ਦੀਆਂ ਦਲੀਲਾਂ ਨੂੰ ਜਸਟਿਸ ਅਜੈ ਤਿਵਾੜੀ ਨੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਦੀਆਂ ਦਲੀਲਾਂ ਅਨੁਸਾਰ ਉਕਤ ਵਿੱਚੋਂ ਕੋਈ ਵੀ ਧਾਰਾ ਦਲਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ’ਤੇ ਲਾਗੂ ਨਹੀਂ ਹੁੰਦੀ ਅਤੇ ਅਜੇ ਤੱਕ 53 ਵਿਚੋਂ ਕੋਈ ਇਕ ਵੀ ਗਵਾਹੀ ਅਜੇ ਤੱਕ ਨਹੀਂ ਭੁਗਤਾਈ ਗਈ ਜਦਕਿ ਉਹ 19 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਇਸ ਮੌਕੇ ਭਾਈ ਬਿੱਟੂ ਤੇ ਉਨ੍ਹਾਂ ਦੇ ਸਾਥੀਆਂ ਦੇ ਵਕੀਲ ਵਜੋਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਹਰਪਾਲ ਸਿੰਘ ਚੀਮਾ, ਗੁਰਸਿਮਰਨ ਸਿੰਘ ਤੇ ਪੂਰਨ ਸਿੰਘ ਹੁੰਦਲ ਹਾਜ਼ਰ ਹੋਏ। ਇਸ ਮੌਕੇ ਅਦਾਲਤ ਦੇ ਇਸ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਵੇਂ ਦੇਰ ਨਾਲ ਹੀ ਸਹੀ ਫਿਰ ਵੀ ਅਦਾਲਤ ਵਲੋਂ ਜ਼ਮਾਨਤ ਮਿਲਣ ਨਾਲ ਸਾਨੂੰ ਇਨਸਾਫ਼ ਮਿਲਿਆ ਹੈ ਤੇ ਸਾਡੀ ਸਚਾਈ ਦੀ ਜਿੱਤ ਹੋਈ ਹੈ। ਇਸ ਨਾਲ ਇਹ ਗੱਲ ਵੀ ਜਗ ਜਾਹਰ ਹੋ ਗਈ ਹੈ ਕਿ ਸੱਤਾ ’ਤੇ ਕਾਬਜ਼ ਧਿਰ ਸਿਆਸੀ ਖਾਸ ਕਰ ਵਿਚਾਰਾਤਮਕ ਵਿਰੋਧੀਆਂ ਕਿਵੇਂ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਈ ਬਿੱਟੂ ਤੇ ਸਾਥੀਆਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹ ਅੰਦਰ ਰੱਖਣ ਲਈ ਹੀ ਪੰਜਾਬ ਸਰਕਾਰ ਤੇ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਨੂੰ ਜਾਨ ਬੁੱਝ ਕੇ ਲਮਕਾਇਆ ਜਾ ਰਿਹਾ ਸੀ।ਇਸ ਸਮੇਂ ਕੋਰਟ ਰੂਪ ਵਿੱਚ ਸਤਨਾਮ ਸਿੰਘ ਭਾਰਾਪੁਰ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ ਅਤੇ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ ।
ਯੂ. ਕੇ. ਡੀ. (ਲੰਡਨ) ਵੱਲੋਂ ਫੈਸਲੇ ਦਾ ਸਵਾਗਤ
ਲੰਡਨ (9 ਫਰਵਰੀ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ , ਐਡਵੋਕੇਟ ਜਸਪਾਲ ਸਿੰਘ ਮੰਝਪੁਰ , ਭਾਈ ਪਲਵਿੰਦਰ ਸਿੰਘ ਸ਼ਤਰਾਣਾ ਅਤੇ ਭਾਈ ਗੁਰਦੀਪ ਸਿੰਘ ਰਾਜੂ ਦੀ ਹਾਈਕੋਰਟ ਵਲੋਂ ਜ਼ਮਾਨਤ ਮੰਨਜੂਰ ਕੀਤੇ ਜਾਣ ਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ਹੈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ , ਜਨਰਲ ਸਕੱਤਰ ਸ੍ਰ , ਲਵਸਿ਼ੰਦਰ ਸਿੰਘ ਡੱਲਵਾਲ ਅਤੇ ਸ੍ਰ, ਜਤਿੰਦਰ ਸਿੰਘ ਅਠਵਾਲ ਵਲੋਂ ਸਿੱਖ ਕੌਮ ਨੂੰ ਗੰਭੀਰਤਾ ਨਾਲ ਸੋਚਣ ਦੀ ਅਪੀਲ ਕੀਤੀ ਗਈ ਹੈ ਕਿ ਅਗਰ ਸ਼ਹੀਦ ਪਰਿਵਾਰਾਂ ਦੇ ਲੋੜਵੰਦ ਪਰਿਵਾਰਾਂ ਦੀ ਸਾਰ ਲੈਣੀ , ਉਹਨਾਂ ਦੇ ਬੱਚਿਆਂ ਨੂੰ ਪੜਾਉਣਾ ,ਜੇਹਲਾਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਈ ਕਰਨੀ , ਕੌਮੀ ਹੱਕਾਂ ਹਿਤਾਂ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਕਰਨਾ , ਸਿੱਖ ਵਿਰੋਧੀ ਡੇਰਿਆਂ ਖਿਲਾਫ ਪ੍ਰਚਾਰ ਕਰਨਾ , ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਆਦਿ ਅਗਰ ਸਰਕਾਰ ਦੀਆਂ ਨਜ਼ਰਾਂ ਵਿੱਚ ਗੈਰ ਕਨੂੰਨੀ ਗਤੀਵਿਧੀਆਂ ਜਾਂ ਜ਼ੁਰਮ ਹੈ ਤਾਂ ਸਮਾਂ ਮੰਗ ਕਰਦਾ ਹੈ , ਇਹ ਜ਼ੁਰਮ ਹਰ ਸਿੱਖ ਨੂੰ ਕਰਨਾ ਚਾਹੀਦਾ ਹੈ ਤਾਂ ਹੀ ਸਿੱਖ ਕੌਮ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਵਲ ਵਧ ਸਕੇਗੀ । ਵਰਨਣਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਪਿਛਲੇ ਡੇਢ ਸਾਲ ਤੋਂ ਆਪਣੇ ਕਈ ਸਾਥੀਆਂ ਸਮੇਤ ਜੇਹਲਾਂ ਵਿੱਚ ਬੰਦ ਹਨ । ਇਸ ਸਮੇਂ ਦੌਰਾਨ ਦੇਸ਼ ਵਿਦੇਸ਼ ਦੀਆਂ ਕਈ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਕਿਉਂ ਕਿ ਹਰ ਕੋਈ ਜਾਣਦਾ ਹੈ ਕਿ ਉਹਨਾਂ ਖਿਲਾਫ ਦਰਜ ਕੇਸ ਕੇਵਲ ਉਹਨਾਂ ਦੀ ਸਿੱਖ ਕੌਮ ਵਿੱਚ ਵਧ ਰਹੀ ਸਾਖ ਅਤੇ ਉਹਨਾਂ ਦੀ ਅਗਵਾਈ ਵਾਲੀ ਪਾਰਟੀ ਨੂੰ ਖਤਮ ਕਰਨ ਲਈ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹਨ ।
Related Topics: Akali Dal Panch Pardhani, Sikh organisations, United Khalsa Dal U.K