August 23, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਲ੍ਹਣ ਵਿੱਚ ਫਸੇ ਪੰਜਾਬ ਨੂੰ ਬਾਹਰ ਕੱਢਣ ਅਤੇ ਇੱਕੀਵੀਂ ਸਦੀ ਦੇ ਹਾਣ ਦੇ ਹੋਣ ਵਾਸਤੇ ਇੱਕ ‘ਸਾਂਝੇ ਮੰਚ’ ‘ਤੇ ਇਕੱਠੇ ਹੋਣ।
ਡਾ: ਗਾਂਧੀ ਨੇ, ਪੰਜਾਬ ਦੀ ਅਜੋਕੀ ਤਰਾਸਦੀ ਲਈ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਨੂੰ ਸਿੱਧੇ ਤੌਰ ਉੱਤੇ ਦੋਸ਼ੀ ਠਹਿਰਾਉਂਦਿਆਂ ਕਿਹਾ ਹੈ ਕਿ, ਪੰਜਾਬ ਦੇ ਲੋਕਾਂ ਨੇ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਉੱਪਰ ਜੋ ਵਿਸ਼ਵਾਸ ਜਤਾਇਆ ਇਸ ਖੇਤਰੀ ਪਾਰਟੀ ਨੇ ਉਸ ਦਾ ਸਿਲਾ ਪੰਜਾਬ ਦੇ ਭਵਿੱਖ ਅਤੇ ਹਿੱਤਾਂ ਨੂੰ ਦਗ਼ਾ ਦੇ ਕੇ ਦਿੱਤਾ। ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਨਵਿਆਉਣ ਦੀ ਬਜਾਏ ਪੁਰਾਣੀਆਂ ਬੋਦੀਆਂ ਰਵਾਇਤਾਂ ਕਾਇਮ ਰੱਖਣ, ਕਿਸਾਨੀ, ਵਪਾਰ ਅਤੇ ਨੌਜੁਆਨੀ ਨੂੰ ਦਿਸ਼ਾਹੀਣ ਕਰਕੇ ਉਨਾਂ ਦੇ ਭਵਿੱਖ ‘ਤੇ ਹਨੇਰਾ ਪਸਾਰ ਦਿੱਤਾ ਹੈ।
ਕਿਸਾਨੀ ਨੂੰ ਕਰਜ਼ਾ ਸੰਕਟ ਵਿੱਚ ਧੱਕਣ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਬੇਹੁਰਮਤੀ ਅਤੇ ਬੇਕਦਰੀ ਦੀਆਂ ਹੱਦਾਂ ਤੋੜ ਦਿੱਤੀਆਂ ਹਨ। ਦਰਅਸਲ ਇਸ ਨੇ ‘ਫੈਡਰਲ’ ਅਸੂਲਾਂ ਲਈ ਸੰਘਰਸ਼ ਤਿਆਗ ਕੇ ਪੂੰਜੀ ਅਤੇ ਰੁਤਬੇ ਲਈ, ਉੱਪਰੋਂ ਠੋਸੇ ਕੇਂਦਰੀ ਰਾਜ ਅਤੇ ਭਾਰਤੀ ਪੂੰਜੀਪਤੀਆਂ ਨਾਲ ਇਕਮਿਕ ਹੋਣ ਨੂੰ ਤਰਜੀਹ ਦਿੱਤੀ ਹੈ ਅਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਅਨਾਥਾਂ ਵਾਲੀ ਹਾਲਤ ਵਿੱਚ ਸੁੱਟ ਦਿੱਤਾ ਹੈ। ਇਸ ਖਿੱਤੇ ਦੇ ਲੋਕਾਂ ਨੂੰ ਆਪਣੀ ਤਰੱਕੀ, ਖੁਸ਼ਹਾਲੀ ਅਤੇ ਜਮਹੂਰੀ ਸੱਭਿਆਚਾਰ ਲਈ ਇੱਕ ਨਵੇਂ, ਵੱਖਰੇ ਬਦਲ ਦੀ ਲੋੜ ਖੜੀ ਹੋ ਗਈ ਹੈ।
ਇੱਕ ਖੇਤਰੀ ਬਦਲ ਹੀ ਇਨ੍ਹਾਂ ਭਾਵਨਾਵਾਂ ਦੀ ਤਰਜ਼ਮਾਨੀ ਕਰ ਸਕਦਾ ਹੈ, ਕਿਉਂਕਿ ਭਾਰਤ ਦੀਆਂ ਕੌਮੀ ਪਾਰਟੀਆਂ ਪਿਛਲੇ 70 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦੀ ਤਰਜ਼ਮਾਨੀ ਕਰਨ ਵਿੱਚ ਸਿਰਫ ਫੇਲ ਹੀ ਨਹੀਂ ਹੋਈਆਂ ਬਲਕਿ ਪੰਜਾਬ ਦੇ ਲੋਕਾਂ ਨੂੰ ਥੱਲ੍ਹੇ ਤੱਕ ਵੰਡਣ, ਪੰਜਾਬ ਦੇ ਸਰੋਤਾਂ ਨੂੰ ਲੁੱਟਣ ਅਤੇ ਕੁੱਟਣ ਦਾ ਸਬੱਬ ਬਣੀਆਂ ਹਨ। ਕਾਂਗਰਸ ਅਤੇ ਬੀਜੇਪੀ ਦਾ ਰਿਕਾਰਡ ਇਸ ਤੱਥ ਦਾ ਗਵਾਹ ਹੈ। ਹੁਣ ਨਵੀਂ ਬਣੀ ਆਮ ਆਦਮੀ ਪਾਰਟੀ ‘ਤੋਂ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਬਣੀ ਸੀ ਕਿ ਸ਼ਾਇਦ ਇਹ ਨਵੀਂ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰ ਪਾਏਗੀ ਅਤੇ ਉਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿੱਚ ਇਸ ਉੱਪਰ ਵਿਸ਼ਵਾਸ ਵੀ ਪ੍ਰਗਟ ਕੀਤਾ। ਪਰ ਇਸ ਕੌਮੀ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਤੇ ਉਨ੍ਹਾਂ ਦੀ ਹਮਾਇਤ ਨੂੰ ਆਪਣੇ ਭੁਚਲਾਵੇ ਦੀ ਕਾਮਯਾਬੀ ਅਤੇ ਅਬਦਲ ਮੰਨ ਕੇ ਫੈਡਰਲ ਅਸੂਲਾਂ ਨੂੰ ਸਿਆਸਤ ਅਤੇ ਪਾਰਟੀ ਅੰਦਰ ਯਾਨੀ ਦੋਹਾਂ ਵਿੱਚ ਹੀ ਪੈਰਾਂ ਹੇਠ ਰੋਲ ਦਿੱਤਾ ਹੈ।
ਅੱਜ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਲਈ ਪੰਜਾਬ ਪੱਖੀ ਅਤੇ ਮੁੱਦਾ ਅਧਾਰਤ ਸਿਆਸਤ ਦੀ ਲੋੜ ਸਮੇਂ ਦੀ ਮੰਗ ਬਣਕੇ ਦਰਪੇਸ਼ ਹੋ ਗਈ ਹੈ।
ਮੈਂ ਇਹ ਸਮਝਦਾ ਹਾਂ ਕਿ ਪੰਜਾਬ ਦੇ ਹਿੱਤਾਂ ਅਤੇ ਚੰਗੇ ਭਵਿੱਖ ਲਈ, ਪੰਜਾਬ ਤੇ ਭਾਰਤ ਦੀ ਸਿਆਸਤ ਦਾ ਜਮਹੂਰੀਕਰਨ ਇੱਕ ਮੁੱਢਲੀ ਸ਼ਰਤ ਹੈ। ਜਿਸ ਲਈ ਭਾਰਤ ਨੂੰ ‘ਫੈਡਰਲ’ ਅਸੂਲਾਂ ਤਹਿਤ ਮੁੜ-ਜਥੇਬੰਦ ਕਰਨ ਦੀ ਲੋੜ ਹੈ ਤਾਂ ਕਿ ਮਿਹਨਤਕਸ਼, ਗਰੀਬ, ਦਲਿਤ ਅਤੇ ਦੱਬੇ-ਕੁੱਚਲੇ, ਭਾਸ਼ਾਈ, ਇਲਾਕਾਈ, ਕਬਾਇਲੀ ਜਨਸਮੂਹਾਂ, ਨੀਮ ਕੌਮੀਅਤਾਂ ਅਤੇ ਘੱਟ ਗਿਣਤੀ ਇੱਕ ਖੁੱਲੀ ਫਿਜ਼ਾ ਵਿੱਚ ਸਾਹ ਲੈ ਸਕਣ। ਕੇਵਲ ਅਜਿਹੀ ਜਮਹੂਰੀ ਫਿ਼ਜ਼ਾ ਹੀ ਭਾਰਤ ਵਿੱਚ ਵਸੇ ਵਿਸ਼ਾਲ, ‘ਅਨੇਕਤਾ’ ਵਾਲੇ ਜਨਸਮੂਹਾਂ ਨੂੰ ਏਕੇ ਦੇ ਅਹਿਸਾਸ ਅਤੇ ਨਵੇਂ ਪੰਜਾਬ ਅਤੇ ਭਾਰਤ ਵੱਲ ਲਿਜਾ ਸਕਦੀ ਹੈ।
ਮੈਂ ਸਾਰੇ ਪੰਜਾਬ ਦੇ ਹਿਤੈਸ਼ੀਆਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਬੇਕਦਰੀ ਨੂੰ ਮੋੜਾ ਦੇਣ ਲਈ ਪੰਜਾਬ ਦੇ ਪਾਣੀਆਂ ਦੇ ਹੱਕ ਤੋਂ ਲੈ ਕੇ ਦਲਿਤਾਂ ਨੂੰ ਬਰਾਬਰ ਦੇ ਨਾਗਰਿਕ ਦਾ ਦਰਜ਼ਾ ਦੇਣ ਦੇ ਬਕਾਇਆ ਕਾਰਜ, ਸਿੱਖ ਭਾਈਚਾਰੇ ਦੇ ਵਲੂੰਧਰੇ ਮਨਾਂ ਨੂੰ ਜਮਹੂਰੀਅਤ ਵਿੱਚ ਖਿੜਨ ਤੋਂ ਲੈ ਕੇ ਕਿਸਾਨੀ ਦੇ ਵੱਡ-ਮੂੰਹੇ ਸੰਕਟ ਅਤੇ ਨਸਿ਼ਆਂ ਤੇ ਹਨੇਰੇ ਭਵਿੱਖ ਅੰਦਰ ਭਟਕਦੀ ਨੌਜੁਆਨੀ ਲਈ ਚਾਨਣ ਦੀ ਕਿਰਨ ਬਣਨ ਲਈ, ਆਓ ਇੱਕ ਸਾਂਝੇ ਫਰੰਟ ਵਿੱਚ ਇਕੱਠੇ ਹੋਈਏ।
ਹੋਣ ਜਾਣਕਾਰੀ ਲਈ ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹੋ:
Suspended AAP MP Dr. Dharamvir Gandhi launches move for ‘Punjab Oriented Political Platform’ ..
Related Topics: Aam Aadmi Party, Dharamvir Gandhi, Punjab Politics, Punjab Polls 2017