ਸਿਆਸੀ ਖਬਰਾਂ

ਐਸ.ਵਾਈ.ਐਲ.: ਚੌਟਾਲਿਆਂ ਵੱਲੋਂ 10 ਜੁਲਾਈ ਨੂੰ ਪੰਜਾਬ ਦੀਆਂ ਸਰਕਾਰੀ ਗੱਡੀਆਂ ਰੋਕਣ ਦਾ ਐਲਾਨ

May 3, 2017 | By

ਚੰਡੀਗੜ੍ਹ: ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਚੌਟਾਲਿਆਂ ਦੀ ਪਾਰਟੀ ਇਨੈਲੋ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਪੰਜਾਬ ਉਤੇ ਦਬਾਅ ਪਾਉਣ ਵਾਸਤੇ ਆਉਂਦੀ 10 ਜੁਲਾਈ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹਰਿਆਣਾ ਵਿੱਚ ਰੋਕਿਆ ਜਾਵੇਗਾ। ਪਾਰਟੀ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ।

ਅਭੈ ਚੌਟਾਲਾ (ਫਾਈਲ ਫੋਟੋ)

ਅਭੈ ਚੌਟਾਲਾ (ਫਾਈਲ ਫੋਟੋ)

ਮੀਟਿੰਗ ਪਿੱਛੋਂ ਪਾਰਟੀ ਦੇ ਸੀਨੀਅਰ ਆਗੂ ਅਭੈ ਚੌਟਾਲਾ ਨੇ ਆਖਿਆ ਕਿ ਪਾਰਟੀ ਦੇ ਨੌਜਵਾਨ ਕਾਰਕੁਨਾਂ ਵੱਲੋਂ ਪੰਜਾਬ ਸਰਕਾਰ ਦੀਆਂ ਗੱਡੀਆਂ ਨੂੰ ਵੀ ਉਸ ਦਿਨ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੀਆਂ ਨਿੱਜੀ ਗੱਡੀਆਂ ਨੂੰ ਹਰਿਆਣਾ ਵਿੱਚ ਦਾਖ਼ਲੇ ਦੀ ਖੁੱਲ੍ਹ ਹੋਵੇਗੀ ਪਰ ਇਨ੍ਹਾਂ ਗੱਡੀਆਂ ਦੇ ਚਾਲਕਾਂ ਨੂੰ ਇਨੈਲੋ ਵੱਲੋਂ ਗੁਲਾਬ ਦਾ ਫੁੱਲ ਅਤੇ ਐਸਵਾਈਐਲ ਬਾਰੇ ਇਨੈਲੋ ਦੇ ਮੰਗ ਪੱਤਰ ਦੀ ਕਾਪੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਗੱਡੀਆਂ ਜਿਵੇਂ ਐਂਬੂਲੈਂਸਾਂ ਆਦਿ ਨੂੰ ਵੀ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਦੇ ਮੁੱਦੇ ਉਤੇ ਸੁਪਰੀਮ ਕੋਰਟ ਵਿੱਚ 11 ਜੁਲਾਈ ਨੂੰ ਸੁਣਵਾਈ ਹੋਣੀ ਹੈ। ਜਦੋਂ ਉਨ੍ਹਾਂ ਨੂੰ ਪਾਰਟੀ ਦੇ ਵਿਰੋਧ ਮੁਜ਼ਾਹਰੇ ਦੀ ਥਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਰਾਜਪੁਰਾ-ਅੰਬਾਲਾ ਬਾਰਡਰ ਉਤੇ ਜਾਂ ਅੰਬਾਲਾ-ਦਿੱਲੀ ਸ਼ਾਹਰਾਹ ਨੰਬਰ 1 ਉਤੇ ਹੋਵੇਗਾ।

ਸਬੰਧਤ ਖ਼ਬਰ:

ਐਸ.ਵਾਈ.ਐਲ: ਬੁੱਕਲ ‘ਚ ਗੁੜ ਭੰਨ੍ਹਣ ਦੀ ਕਾਰਵਾਈ 2012 ਤੋਂ ਸ਼ੁਰੂ ਹੈ (ਲੇਖ) …

ਇਨੈਲੋ ਵੱਲੋਂ ਐਸਵਾਈਐਲ ਦੇ ਮਾਮਲੇ ਉਤੇ ਨਵੀਂ ਦਿੱਲੀ ’ਚ ਜੰਤਰ-ਮੰਤਰ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਖ਼ਿਲਾਫ਼ ‘ਅੜਿੱਕੇ-ਪਾਊ ਤਰੀਕੇ’ ਅਪਣਾਉਣ ਲਈ ਦਿੱਲੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਪਹਿਲੀ ਮਈ ਤੋਂ ਹਰਿਆਣਾ ਵਿੱਚ ਸਬ ਡਿਵੀਜ਼ਨ ਪੱਧਰੀ ਧਰਨੇ ਦਿੱਤੇ ਜਾਣਗੇ। ਇਸ ਮੌਕੇ ਪਾਰਟੀ ਵਰਕਰ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪਣਗੇ।

ਜ਼ਿਕਰਯੋਗ ਹੈ ਕਿ ਚੌਟਾਲਿਆਂ ਨੇ ਦੋ ਮਹੀਨੇ ਪਹਿਲਾਂ ਸ਼ੰਭੂ ਸਰਹੱਦ ਨੇੜੇ ਪੰਜਾਬ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਪੰਜਾਬ ਵਿੱਚ ‘ਨਹਿਰ ਦੀ ਪੁਟਾਈ’ ਕੀਤੀ ਜਾ ਸਕੇ ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਕੱਤਰ ਡਾ. ਦਲਜੀਤ ਸਿੰਘ ਨੇ ਕਿਹਾ ਇਹ ਸਿੱਧਾ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਨੇ 1982 ਦੀਆਂ ਏਸ਼ਿਆਈ ਖੇਡਾਂ ਦੀ ਫਿਰ ਯਾਦ ਦਿਵਾ ਦਿੱਤੀ ਹੈ, ਜਦੋਂ ਦਿੱਲੀ ਵਿੱਚ ਖੇਡਾਂ ਦੇਖਣ ਜਾ ਰਹੇ ਪੰਜਾਬੀਆਂ ਖਾਸਕਰ ਸਿੱਖਾਂ ਨੂੰ ਹਰਿਆਣਾ ਵਿੱਚ ਕਾਰਾਂ ’ਚੋਂ ਉਤਾਰ ਕੇ ਜ਼ਲੀਲ ਕੀਤਾ ਗਿਆ ਸੀ। ਬਾਦਲ ਦਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਪੰਜਾਬੀਆਂ ਦੀ ਉਸ ਦਿਨ ਹਰਿਆਣਾ, ਦਿੱਲੀ ਤੇ ਹੋਰ ਸੂਬਿਆਂ ਵੱਲ ਨਿਰਵਿਘਨ ਯਾਤਰਾ ਯਕੀਨੀ ਬਣਾਈ ਜਾਵੇ।

ਸਬੰਧਤ ਖ਼ਬਰ:

ਪੰਜਾਬ ਕੋਲ ਵਾਧੂ ਪਾਣੀ ਨਹੀਂ, ਹਰਿਆਣਾ ਨੂੰ ਸ਼ਾਰਦਾ-ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ: ਫੂਲਕਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,