ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਅਸ਼ੀਸ਼ ਖੇਤਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ। ਬਹਿਸ ਦੌਰਾਨ ਮੀਡੀਆ ਨੂੰ ਅਦਾਲਤ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਰਵੀਇੰਦਰ ਕੌਰ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਤੈਅ ਕੀਤੀ ਹੈ। ਅਦਾਲਤੀ ਕਾਰਵਾਈ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਹਰੇਕ ਵਿਅਕਤੀ ਇਥੋਂ ਤਕ ਕਿ ਜੁਆਕ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ। ਜੋ ਹਰੇਕ ਵਿਅਕਤੀ ਕਹਿ ਰਿਹਾ ਹੈ, ਉਹੀ ਗੱਲ ਉਹ ਵੀ ਕਹਿ ਰਹੇ ਹਨ ਅਤੇ ਹਾਕਮ ਧਿਰ ਅਦਾਲਤ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋਏ ਸਮਾਗਮ 'ਚ ਆਖਿਆ ਕਿ ਪੰਜਾਬ ਦੇ ਪਾਣੀ ਬਾਰੇ ਅਦਾਲਤ ਦਾ ਫੈਸਲਾ ਕੁੱਝ ਵੀ ਹੋਵੇ ਉਹ ਪਾਣੀ ਦੀ ਇਕ ਬੂੰਦ ਬਾਹਰ ਨਹੀਂ ਜਾਣ ਦੇਣਗੇ ਅਤੇ ਇਸ ਵਾਸਤੇ ਉਨ੍ਹਾਂ ਨੂੰ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ। ਉਨ੍ਹਾਂ ਕੇਂਦਰ ਨੂੰ ਪੰਜਾਬ ਨਾਲ ਨਿਆਂ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਵੀ ਪੰਜਾਬ ਨੂੰ ਦਿੱਤੇ ਜਾਣ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੋਵੇਂ ਸੂਬੇ ਦੇ ਵਿਕਾਸ ਲਈ ਕੋਈ ਵਿਸ਼ੇਸ਼ ਐਲਾਨ ਜਾਂ ਸੂਬੇ ਦੀਆਂ ਮੰਗਾਂ ਨੂੰ ਪੂਰਾ ਕਰਨ ਬਾਰੇ ਕੋਈ ਭਰੋਸਾ ਦਿੱਤੇ ਬਗੈਰ ਪਰਤ ਗਏ।
50 ਸਾਲ ਪਹਿਲਾਂ ਬਣੇ ਪੰਜਾਬੀ ਸੂਬੇ ਦੀਆਂ ਅਹਿਮ ਮੱਦਾਂ ਨੂੰ ਅਖੋਂ ਪਰੋਖੇ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਬਾਦਲ ਦਲ ਦੇ ਆਗੂਆਂ ਨੇ ਅੱਜ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ਹਾਦਤ ਦੇਣ ਵਾਲੇ ਸ. ਦਰਸ਼ਨ ਸਿੰਘ ਫੇਰੂਮਾਨ ਦੇ ਯਾਦਗਾਰੀ ਸਮਾਗਮ ਮੌਕੇ ਦਸਤਕ ਦਿੱਤੀ। ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ ਸਥਿਤ ਕਸਬਾ ਰਈਆ ਤੋਂ 10 ਕਿਲੋਮੀਟਰ ਦੂਰ ਪੈਂਦੇ ਪਿੰਡ ਫੇਰੂਮਾਨ ਵਿਖੇ ਅੱਜ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 47ਵੀਂ ਬਰਸੀ ਦੇ ਸਬੰਧ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ।
ਪੰਜਾਬ ਸਰਕਾਰ ਵੱਲੋਂ ਇਸ ਸਾਲ ਪਹਿਲੀ ਨਵੰਬਰ ਨੂੰ ਪੰਜਾਬੀ ਸੂਬੇ ਦੀ ਮਨਾਈ ਜਾ ਰਹੀਂ 50ਵੀਂ ਵਰ੍ਹੇਗੰਢ ਨੂੰ ਯਾਦਗਾਰੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਹਿਲੀ ਨਵੰਬਰ ਤੋਂ ਪਹਿਲਾਂ ਕਰੀਬ ਮਹੀਨਾ ਭਰ ਪੰਜਾਬੀ ਸੂਬੇ ਨੂੰ ਸਮਰਪਿਤ ਵਿਦਿਅਕ ਤੇ ਸਹਿ ਵਿਦਿਅਕ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਦੀ ਵਿਉਂਤਬੰਦੀ ਉਲੀਕਣ ਲਈ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 11 ਜੁਲਾਈ ਨੂੰ ਮੀਟਿੰਗ ਸੱਦੀ ਹੈ। ਇਹ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਆਡੀਟੋਰੀਅਮ ਸਥਿਤ ਕਮੇਟੀ ਰੂਮ ਵਿਖੇ ਹੋਵੇਗੀ ਜਿਸ ਵਿੱਚ ਵਿਭਾਗ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਤਾਇਨਾਤ ਅਜਿਹੇ ਪ੍ਰੋਗਰਾਮਾਂ ਨੂੰ ਕਰਵਾਉਣ ਵਿੱਚ ਮਾਹਿਰ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਵੀ ਬੁਲਾਇਆ ਗਿਆ ਹੈ।