
November 2, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਅਸ਼ੀਸ਼ ਖੇਤਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ। ਬਹਿਸ ਦੌਰਾਨ ਮੀਡੀਆ ਨੂੰ ਅਦਾਲਤ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਰਵੀਇੰਦਰ ਕੌਰ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਤੈਅ ਕੀਤੀ ਹੈ। ਅਦਾਲਤੀ ਕਾਰਵਾਈ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਹਰੇਕ ਵਿਅਕਤੀ ਇਥੋਂ ਤਕ ਕਿ ਜੁਆਕ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ। ਜੋ ਹਰੇਕ ਵਿਅਕਤੀ ਕਹਿ ਰਿਹਾ ਹੈ, ਉਹੀ ਗੱਲ ਉਹ ਵੀ ਕਹਿ ਰਹੇ ਹਨ ਅਤੇ ਹਾਕਮ ਧਿਰ ਅਦਾਲਤ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।
ਬਿਕਰਮ ਮਜੀਠੀਆ ਵਲੋਂ ਦਾਇਰ ਮਾਣਹਾਨੀ ਕੇਸ ਵਿਚ ਪੇਸ਼ ਭੁਗਤਣ ਤੋਂ ਬਾਅਦ ਅੰਮ੍ਰਿਤਸਰ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ
ਉਨ੍ਹਾਂ ਕਿਹਾ ਕਿ ਇਹ ਆਵਾਜ਼ ਉਦੋਂ ਤੱਕ ਬੁਲੰਦ ਰਹੇਗੀ ਜਦੋਂ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਲਾਖਾਂ ਪਿੱਛੇ ਨਹੀਂ ਜਾਂਦੇ। ਉਨ੍ਹਾਂ ਮਜੀਠੀਆ ਨੂੰ ਮੁੜ ਚਿਤਾਵਨੀ ਦਿੱਤੀ ਕਿ ਉਨ੍ਹਾਂ ਕੋਲ ਸਿਰਫ਼ 3 ਮਹੀਨੇ ਹਨ ਜੇਕਰ ਉਸ ਨੂੰ ਜੇਲ੍ਹ ਭੇਜ ਸਕਦੇ ਹਨ ਤਾਂ ਭੇਜ ਦੇਣ, ਨਹੀਂ ਤਾਂ ਤਿੰਨ ਮਹੀਨੇ ਮਗਰੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਇਨ੍ਹਾਂ ਸਾਰਿਆਂ ਨੂੰ ਜੇਲ੍ਹ ਭੇਜੇਗੀ। ਕੇਜਰੀਵਾਲ ਨੇ ਕਿਹਾ ਕਿ 1 ਨਵੰਬਰ ਦੇ ਦਿਨ ਦਿੱਲੀ ਸਮੇਤ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਪਰ ਅਕਾਲੀਆਂ ਵੱਲੋਂ ਪੰਜਾਬੀ ਸੂਬੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਬਾਰੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਨੂੰ ਬਚਾਉਣ ਦਾ ਯਤਨ ਕੀਤਾ ਹੈ, ਜਿਸ ਕਾਰਨ ਹਾਲੇ ਤਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ, ਸਕੱਤਰ ਦੁਰਗੇਸ਼ ਪਾਠਕ, ਹਿੰਮਤ ਸਿੰਘ ਸ਼ੇਰਗਿੱਲ ਤੇ ਹੋਰ ਆਗੂ ਹਾਜ਼ਰ ਸਨ।
ਦੂਜੇ ਪਾਸੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਅਦਾਲਤ ’ਚ ਆਪਣੇ ਕੇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਨੇ ਸਿਰਫ਼ ਬਦਨਾਮ ਕਰਨ ਲਈ ਉਸ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਏ ਸਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਕੇਸ ਦੀ ਸੁਣਵਾਈ ਨਿੱਤ ਕਰਾਉਣ ਲਈ ਅੱਗੇ ਆਉਣ ਤਾਂ ਜੋ ਇਹ ਕੇਸ ਕੁਝ ਦਿਨਾਂ ਵਿੱਚ ਹੀ ਨਿੱਬੜ ਜਾਵੇ ਅਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ‘ਆਪ’ ਆਗੂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ।
Related Topics: 50th Anniversary of Punjabi Suba, Aam Aadmi Party, Arvind Kejriwal, Bikramjit Singh Majithia, Drugs Abuse and Drugs Trafficking in Punjab, Punjab Politics, Punjab Polls 2017, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)