ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਮੰਗਲਵਾਰ ਗਗਨੇਜਾ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਡਾਕਟਰਾਂ ਕੋਲੋਂ ਜਗਦੀਸ਼ ਗਗਨੇਜਾ ਦੀ ਸਿਹਤ ਬਾਰੇ ਪੁੱਛਿਆ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਗਗਨੇਜਾ ਦੀ ਹਾਲੇ ਵੀ ਸਿਹਤ ਨਾਜ਼ੁਕ ਹੈ। ਉਨ੍ਹਾਂ ਨੇ ਸਿੱਧੇ ਤੌਰ ’ਤੇ ਇਸ ਹਮਲੇ ਲਈ ਪੰਜਾਬ ਪੁਲੀਸ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੂੰ ਪਤਾ ਸੀ ਕਿ ਗਗਨੇਜਾ ਦੀ ਜਾਨ ਨੂੰ ਖਤਰਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ। ਉਨ੍ਹਾਂ ਨੇ ਪੁਲੀਸ ਦੀ ਜਾਂਚ ’ਤੇ ਵੀ ਉਂਗਲ ਚੁੱਕੀ। ਉਨ੍ਹਾਂ ਕਿਹਾ ਕਿ ਹਮਲੇ ਨੂੰ ਚਾਰ ਦਿਨ ਹੋ ਚੁੱਕੇ ਹਨ, ਪਰ ਹਾਲੇ ਤੱਕ ਮੁਲਜ਼ਮਾਂ ਬਾਰੇ ਕੋਈ ਸਬੂਤ ਹੱਥ ਨਹੀਂ ਲੱਗਿਆ ਹੈ। ਅਜਿਹੇ ’ਚ ਕੇਂਦਰੀ ਜਾਂਚ ਏਜੰਸੀਆਂ ਦੀ ਮੱਦਦ ਲੈਣੀ ਚਾਹੀਦੀ ਹੈ।
ਨਵਜੋਤ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਨੇ ਇੱਕਲੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਨਹੀਂ ਦਿੱਤਾ, ਬਲਕਿ ਭਾਜਪਾ ਨੂੰ ਵੀ ਅਲਵਿਦਾ ਕਹਿ ਦਿੱਤਾ ਅਤੇ ਉਹ ਹੁਣ ਦੁਬਾਰਾ ਭਾਜਪਾ 'ਚ ਨਹੀਂ ਆਉਣਗੇ। ਡਾ: ਨਵਜੋਤ ਕੌਰ ਸਿੱਧੂ ਨੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਉਨ੍ਹਾਂ ਖੁਦ ਫਿਲਹਾਲ ਮੁੱਖ ਸੰਸਦੀ ਸਕੱਤਰ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਅਜੇ ਵੀ ਪਾਰਟੀ ਨਾਲ ਜੁੜੇ ਹੋਏ ਹਨ।
ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਘਰ ਦੇਣ ਦੀ ਸਕੀਮ ਦਾ ਇਸ਼ਤਿਹਾਰ ਦੇ ਕੇ ਗਰੀਬ ਵਰਗ ਨਾਲ ਧੋਖਾ ਕਰਦੇ ਹੋਏ ਗੁੰਮਰਾਹ ਕਰਕੇ ਸਰਮਾਏਦਾਰਾਂ, ਬਿਲਡਰਾਂ ਅਤੇ ਆਪਣੇ ਚਹੇਤਿਆਂ ਨੂੰ ਬਚਾਉਣਾ ਚਾਹੁੰਦੀ ਹੈ, ਇਹ ਦੋਸ਼ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਲਾਏ ਙ ਉਨ੍ਹਾਂ ਕਿਹਾ ਕਿ ਪਾਪਰਾ ਐਕਟ ਅਧੀਨ ਪੰਜਾਬ ਸਰਕਾਰ ਨੇ ਸਾਲ 2008 ਵਿੱਚ ਮੰਨਿਆ ਕਿ ਪੰਜਾਬ ਦੇ 12 ਲੱਖ ਬੇਘਰ ਲੋਕਾਂ ਵਿਚੋਂ 10 ਲੱਖ ਆਰਥਿਕ ਤੌਰ 'ਤੇ ਕੰਮਜ਼ੋਰ ਵਰਗਾਂ ਦੇ ਪਰਿਵਾਰਾਂ ਨੂੰ ਸਸਤੇ 10 ਲੱਖ ਘਰਾਂ ਦੀ ਲੋੜ ਹੈ ਜਿਸ ਕਾਰਨ ਪ੍ਰਾਈਵੇਟ ਬਿਲਡਰਾਂ, ਕੰਪਨੀਆਂ ਅਤੇ ਆਪਣੇ ਚਹੇਤਿਆਂ ਨੂੰ ਮੋਟੀਆਂ ਰਿਆਇਤਾਂ ਦੇ ਕੇ 5 ਤੋਂ 10 ਫੀਸਦੀ ਈ.ਡਬਲਿਯੂ.ਐਸ. ਕੋਟੇ ਅਧੀਨ ਘਰ/ਫਲੈਟ ਨਕਸ਼ਿਆਂ ਵਿੱਚ ਰਿਜ਼ਰਵ ਰਖਵਾਏ ਗਏ।