
ਅੱਜ ਮਿਤੀ 13 ਮਾਰਚ 2020 ਨੂੰ ਬਾਪੂ ਬਲਦੇਵ ਸਿੰਘ ਜੀ ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵਲੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਵਿਖੇ ਮਿਲਕੇ ਸਾਕਾ ਨਕੋਦਰ ਦੇ ਇਨਸਾਫ ਲਈ ਯਾਦ ਪੱਤਰ ਦਿੱਤਾ। ਬਾਪੂ ਬਲਦੇਵ ਸਿੰਘ ਨੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ (ਪੰਜਾਬ) ਵੱਲੋਂ ਕੀਤੀ ਜਾਂਚ ਦੀ ਰਿਪੋਰਟ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ।
4 ਫਰਵਰੀ 1986 ਨੂੰ ਨਕੋਦਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਨਿਹੱਥੀ ਸਿੱਖ ਸੰਗਤ ਉੱਤੇ ਪੰਜਾਬ ਪੁਲਿਸ ਵਲੋਂ ਗੋਲੀਬਾਰੀ ਕਰ ਦਿੱਤੀ ਗਈ ਸੀ ਜਿਸ ਵਿਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।
ਸਾਲ 1986 ਵਿਚ ਨੋਕਦਰ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੁਲਿਸ ਵਲੋਂ ਸਾਕਾ ਨਕੋਦਰ ਵਰਤਾ ਕੇ ਚਾਰ ਸਿੱਖ ਨੌਜਵਾਨ ਨੂੰ ਗੋਲੀਆਂ ਨਾਲ ਸ਼ਹੀਦ ਦੇਣ ਦੇ ਮਾਮਲੇ ਵਿਚ ਸਾਕਾ ਬਹਿਬਲ ਕਲਾਂ ਮਾਮਲੇ ਵਾਙ ਖਾਸ ਜਾਂਚ ਦਲ ਕੋਲੋਂ ਤਫਦੀਸ਼ ਕਰਵਾਉਣ ਦੀ ਮੰਗ ਉੱਠੀ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਾਕਾ ਬਹਿਬਲ ਕਲਾਂ 2015 ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦੇ ਲੇਖੇ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਇਜਲਾਸ ਦੌਰਾਨ ਜਨਤਕ ਕਰਨ ਦੇ ਐਲਾਨ ਤੋਂ ਬਾਅਦ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਦੂਜੀ ਵਾਰ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਸਾਕਾ ਨਕੋਦਰ 1986 ਬਾਰੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਦਾ ਲੇਖਾ ਵੀ ਜਨਤਕ ਕਰਨ ਲਈ ਕਿਹਾ ਹੈ।