ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ ਅੱਜ ਇਸ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ “ਪਿਛਲੇ ਸਮੇਂ ਦੌਰਾਨ ਇਹ ਵੇਖਿਆ ਗਿਆ ਹੈ ਕਿ ਜਦੋਂ ਵੀ ਪੰਜਾਬ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਪ੍ਰਸ਼ਾਸ਼ਨ ਸਰਕਾਰੀ ਸ਼ਹਿ 'ਤੇ ਸਿੱਖ ਨੌਜੁਆਨਾਂ ਨੂੰ ਸਿੱਖ ਹੋਣ ਕਰਕੇ ਹੀ ਤੰਗ ਪ੍ਰੇਸ਼ਾਨ ਕਰਦਾ ਤੇ ਉਨ੍ਹਾਂ 'ਤੇ ਤਸ਼ੱਦਦ ਦਾ ਦੌਰ ਚਲਾਉਂਦਾ ਹੈ। ਸ੍ਰੀ ਅੰਮ੍ਰਿਤਸਰ ਵਿੱਚ ਵਾਪਰੀ ਹਾਲੀਆ ਘਟਨਾ ਦੇ ਮੱਦੇਨਜ਼ਰ ਅਜਿਹਾ ਹੋਣ ਤੋਂ ਰੋਕਣ ਲਈ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨ ਦੀ ਬਣਦੀ ਕਾਨੂੰਨੀ ਪੈਰਵਾਈ ਕੀਤੀ ਜਾਵੇਗੀ”।
ਖਾਲਸਾ ਪੰਥ ਦੀਆਂ ਜੁਝਾਰੂ ਸਖਸ਼ੀਅਤਾਂ- ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਪਹਿਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਸੁਖਦੇਵ ਸਿੰਘ ਡੋਡ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਦਾ ਸੱਦਾ ਦਿੱਤਾ ਗਿਆ ਸੀ।