ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ੂਤੋਸ਼ ਦੀ 'ਸਮਾਧੀ' ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਲਈ ਆਖਿਆ ਹੈ। ਇਸ ਤੋਂ ਪਹਿਲਾਂ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਰੇ ਪੱਖਾਂ ਨੂੰ ਇਸ ਮੁੱਦੇ ਦਾ ਹੱਲ ਆਪਸੀ ਸਹਿਮਤੀ ਨਾਲ ਕੱਢਣ ਲਈ ਵੀ ਆਖਿਆ। ਅਸਲ ਵਿਚ ਡਾਕਟਰ ਆਸ਼ੂਤੋਸ਼ ਨੂੰ ਕਲੀਨੀਕਲੀ ਡੈੱਡ ਐਲਾਨ ਚੁੱਕੇ ਹਨ, ਪਰ ਆਸ਼ੂਤੋਸ਼ ਦੇ ਭਗਤਾਂ ਅਨੁਸਾਰ ਉਹ ਸਮਾਧੀ ਵਿਚ ਹੈ। ਡਾਕਟਰਾਂ ਵੱਲੋਂ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਉਸ ਦੇ ਭਗਤਾਂ ਨੇ ਉਸ ਨੂੰ 29 ਜਨਵਰੀ, 2014 ਤੋਂ ਫਰੀਜ਼ਰ ਵਿਚ ਰੱਖਿਆ ਹੋਇਆ ਹੈ। ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਉਸ ਦੇ ਸਸਕਾਰ ਦੀ ਮੰਗ ਕੀਤੀ ਸੀ।