Tag Archive "gurdaspur-killing"

ਭਾਈ ਜਸਪਾਲ ਸਿੰਘ ਗੁਰਦਾਸਪੁਰ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਗੁਰਦਾਸਪੁਰ, ਪੰਜਾਬ (20 ਜੂਨ, 2012): ਗੁਰਦਾਸਪੁਰ ਸ਼ਹਿਰ 'ਚ 29 ਮਾਰਚ ਨੂੰ ਹੋਏ ਗੋਲੀ ਕਾਂਡ, ਜਿਸ ਵਿਚ ਇੰਜੀਨੀਅਰਿੰਗ ਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ, ਦੇ ਦੋਸ਼ੀ ਪੁਲਿਸ ਮੁਲਜਮਾਂ ਖਿਲਾਫ ਕਾਰਵਾਈ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਪੁੱਜਾ।

ਗੁਰਦਾਸਪੁਰ ਗੋਲੀ ਕਾਂਡ: ਦਲ ਖਾਲਸਾ ਨੇ ਮੁੱਖ ਮੰਤਰੀ ਬਾਦਲ ਨੂੰ ਪੱਤਰ ਲਿਖਿਆ

ਸ਼੍ਰੀ ਅੰਮ੍ਰਿਤਸਰ, ਪੰਜਾਬ (17 ਜੂਨ, 2012): ਦਲ ਖ਼ਾਲਸਾ ਨੇ 29 ਮਾਰਚ ਨੂੰ ਪੁਲਿਸ ਗੋਲੀ ਕਾਂਡ ਨਾਲ ਸ਼ਹੀਦ ਹੋਣ ਵਾਲੇ ਗੁਰਦਾਸਪੁਰ ਦੇ ਵਸਨੀਕ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁਖ ਮੰਤਰੀ, ਗ੍ਰਹਿ ਮੰਤਰੀ ਅਤੇ ਗ੍ਰਹਿ ਸਕੱਤਰ ਨੂੰ ਖੱਤ ਲਿਖ ਕੇ ਆਪਣੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।

ਗੁਰਦਾਸਪੁਰ ਗੋਲੀ ਕਾਂਡ ਬਾਰੇ ਤੱਥ ਖੋਜ ਰਿਪੋਰਟ ਜਾਰੀ: ਪੁਲਿਸ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ

ਚੰਡੀਗੜ੍ਹ, ਪੰਜਾਬ (17 ਮਈ, 2012): 29 ਮਾਰਚ ਨੂੰ ਗੁਰਦਾਸਪੁਰ ਵਿਖੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਮਾਰੇ ਗਏ ਜਸਪਾਲ ਸਿੰਘ ਦੀ ਮੌਤ ਸਬੰਧੀ ਚੰਡੀਗੜ੍ਹ ਵਿਖੇ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਬੀਤੇ ਦਿਨ (16 ਮਈ, 2012 ਨੂੰ) ਇਹ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਇਨਸਾਫ਼ ਕਰਨ ਦੀ ਥਾਂ ਪੁਲਿਸ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ।

ਭਾਈ ਜਸਪਾਲ ਸਿੰਘ ਸਿੱਖ ਕੌਮ ਨਾਲ ਹੋ ਰਹੀਆਂ ਬੇ-ਇਨਸਾਫੀਆਂ ਦੇ ਵਿਰੁਧ ਲੜਦਾ ਸ਼ਹੀਦ ਹੋਇਆ: ਬੱਬਰ ਖਾਲਸਾ ਜਰਮਨੀ

ਮਿਉਨਚਨ (10 ਅਪ੍ਰੈਲ, 2012): ਬੱਬਰ ਖਾਲਸਾ ਜਰਮਨੀ ਦੇ ਮੁੱਖ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਤਾਰਾ ਬੱਬਰ ਅਤੇ ਭਾਈ ਅਮਰਜੀਤ ਸਿੰਘ ਬੱਬਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਮੁਖੀ ਲਾਕੇ ਬਾਦਲ ਸਰਕਾਰ ਨੇ ਜੋ ਕੌਮ ਨਾਲ ਧੋਖਾ ਕੀਤਾ ਸੀ ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਦਾ ਸੀਨ ਸਾਰੀ ਦੁਨੀਆ ਨੇ ਗੁਰਦਾਸਪੁਰ ਵਿਖੇ ਦੇਖਿਆ ਕਿ ਕਿਵੇਂ ਸ਼ਾਤਮਈ ਰੋਸ ਮੁਜਾਹਰਾ ਕਰਦੇ ਸਿੱਖਾਂ ਉਪਰ ਪੁਲੀਸ ਕਾਰਵਾਈ ਕੀਤੀ ਗਈ ਜਿਸ 18 ਸਾਲ ਦਾ ਅਮ੍ਰਿਤਧਾਰੀ ਹੋਣਹਾਰ ਨੌਜਵਾਨ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ ਅਤੇ ਇੱਕ ਹੋਰ ਨੌਜਵਾਨ ਰਣਜੀਤ ਸਿੰਘ ਸਖਤ ਜਖਮੀ ਹੋਇਆ! ਉਹਨਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪੀੜਤ ਪ੍ਰੀਵਾਰ ਦੇ ਨਾਲ ਹਨ ਸ਼ਹੀਦ ਭਾਈ ਜਸਪਾਲ ਸਿੰਘ ਦੀ ਸੋਚ ਦੇ ਕਦਰਦਾਨ ਹਨ ਜਿਸ ਨੇ ਇੱਕ ਉਦੇਸ਼ ਲਈ ਆਪਣੀ ਜਾਨ ਪੰਥ ਉਤੋਂ ਕੁਰਬਾਨ ਕੀਤੀ ਹੈ! ਉਹਨਾ ਕਿਹਾ ਕਿ ਇਸ ਘਟਨਾ ਦੀ ਜਿੰਮੇਵਾਰੀ ਪੰਜਾਬ ਪੁਲਸ ਦਾ ਮੁਖੀ ਹੋਣ ਕਰਕੇ ਸੁਮੇਧ ਸੈਣੀ ਦੀ ਬਣਦੀ ਹੈ ਇਸ ਲਈ ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ!

ਭੋਗ ‘ਤੇ ਵਿਸ਼ੇਸ਼ : ਗੁਰਦਾਸਪੁਰ ਗੋਲੀ ਕਾਂਡ ਦਾ ਸ਼ਹੀਦ ਭਾਈ ਜਸਪਾਲ ਸਿੰਘ

ਭਾਈ ਜਸਪਾਲ ਸਿੰਘ ਦਾ ਜਨਮ 5 ਮਈ, 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ: ਗੁਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਮੁਢਲੀ ਪੜ੍ਹਾਈ ਆਰਮੀ ਸਕੂਲ ਨਾਭਾ ਤੋਂ ਪ੍ਰਾਪਤ ਕੀਤੀ। ਇਥੋਂ ਪੰਜਵੀਂ ਪਾਸ ਕਰਨ ਉਪਰੰਤ ਸੁਖਜਿੰਦਰ ਸਿੰਘ ਸੀਨੀ. ਸੈਕੰਡਰੀ ਸਕੂਲ ਹਯਾਤ ਨਗਰ ਤੋਂ ਦਸਵੀਂ ਅਤੇ ਫਿਰ ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਤੋਂ ਬਾਰਵੀਂ ਪਾਸ ਕੀਤੀ। ਉਪਰੰਤ ਉਨ੍ਹਾਂ ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖਲਾ ਲਿਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦਾ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਜਸਪਾਲ ਸਿੰਘ ਸਿੱਧੂ ਆਪਣੇ ਮਾਪਿਆਂ ਦਾ ਇਕਲੌਤਾ ਸਪੁੱਤਰ ਸੀ। ਪਰ 29 ਮਾਰਚ ਨੂੰ ਉਹ ਗੁਰਦਾਸਪੁਰ ਸ਼ਹਿਰ ਅੰਦਰ ਸੰਘਰਸ਼ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਭਾਈ ਜਸਪਾਲ ਸਿੰਘ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦਾ ਭੋਗ 7 ਅਪ੍ਰੈਲ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਚੌੜ ਸਿੱਧਵਾਂ ਵਿਖੇ ਪਵੇਗਾ। ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਕੀਰਤਨ ਕਰਨਗੇ। ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਭਾਈ ਜਸਪਾਲ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਨਗੀਆਂ। -ਵਰਿੰਦਰ ਸਹੋਤਾ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਜਾਰੀ ਕੀਤੀ ਗੁਰਦਾਸਪੁਰ ਗੋਲੀ ਕਾਂਡ ਦੀ ਰਿਪੋਰਟ

ਅਮ੍ਰਿਤਸਰ, ਪੰਜਾਬ (6 ਅਪ੍ਰੈਲ, 2012): ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਗੁਰਦਾਸਪੁਰ ਗੋਲੀ ਕਾਂਡ ਸਬੰਧੀ ਪੜਤਾਲੀਆ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਤੇ ਹੋਰਨਾਂ ਦੇ ਜ਼ਖ਼ਮੀ ਹੋਣ ਲਈ ਹਿੰਦੂਤਵੀ ਜੱਥੇਬੰਦੀਆਂ, ਪੁਲਿਸ ਦਾ ਇਕ ਤਰਫਾ ਰੋਲ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀਆਂ ਜਿੰਮੇਵਾਰ ਹਨ। ਅੱਜ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਿਰਪਾਲ ਸਿੰਘ ਰੰਧਾਵਾ, ਦਲਬੀਰ ਸਿੰਘ ਸਰਪ੍ਰਸਤ ਖਾਲੜਾ ਮਿਸ਼ਨ, ਵਿਰਸਾ ਸਿੰਘ ਬਹਿਲਾ 'ਤੇ ਆਧਾਰਿਤ ਬਣੀ ਕਮੇਟੀ ਦੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਮੈਜਿਸਟ੍ਰੇਟੀ ਪੜਤਾਲ ਅਤੇ ਪੁਲਿਸ ਦੀ ਐਸ.ਆਈ.ਟੀ. ਪੜਤਾਲ ਸਭ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਹਿੰਦੂਤਵੀ ਆਗੂਆਂ ਨੂੰ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵੱਲੋਂ ਪਹਿਲਾਂ ਵਾਂਗ ਝੂਠ ਬੋਲ ਕੇ ਆਪਣੀ ਸਾਖ ਮਿੱਟੀ 'ਚ ਮਿਲਾ ਲਈ ਕਿ ਭਾਈ ਜਸਪਾਲ ਸਿੰਘ ਦੀ ਸ਼ਹਾਦਤ ਪੁਲਿਸ ਗੋਲੀ ਨਾਲ ਨਹੀਂ ਹੋਈ। ਪੋਸਟਮਾਰਟਮ ਸਮੇਂ ਨਿਕਲੀ ਗੋਲੀ ਏ. ਕੇ. 47 ਰਾਈਫਲ ਦੀ ਗੋਲੀ ਨੇ ਇਹ ਝੂਠ ਪੂਰੀ ਤਰ੍ਹਾਂ ਬੇਨਾਕਾਬ ਕਰ ਦਿੱਤਾ।