ਸਿੱਖ ਖਬਰਾਂ

ਗੁਰਦਾਸਪੁਰ ਗੋਲੀ ਕਾਂਡ: ਦਲ ਖਾਲਸਾ ਨੇ ਮੁੱਖ ਮੰਤਰੀ ਬਾਦਲ ਨੂੰ ਪੱਤਰ ਲਿਖਿਆ

June 18, 2012 | By

ਸ਼੍ਰੀ ਅੰਮ੍ਰਿਤਸਰ, ਪੰਜਾਬ (17 ਜੂਨ, 2012): ਦਲ ਖ਼ਾਲਸਾ ਨੇ 29 ਮਾਰਚ ਨੂੰ ਪੁਲਿਸ ਗੋਲੀ ਕਾਂਡ ਨਾਲ ਸ਼ਹੀਦ ਹੋਣ ਵਾਲੇ ਗੁਰਦਾਸਪੁਰ ਦੇ ਵਸਨੀਕ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁਖ ਮੰਤਰੀ, ਗ੍ਰਹਿ ਮੰਤਰੀ ਅਤੇ ਗ੍ਰਹਿ ਸਕੱਤਰ ਨੂੰ ਖੱਤ ਲਿਖ ਕੇ ਆਪਣੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।

ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ 2 ਸਫਿਆਂ ਦੇ ਖੱਤ ਵਿਚ ਜਥੇਬੰਦੀ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਜਸਪਾਲ ਸਿੰਘ ਦੇ ਮਾਂ-ਬਾਪ ਅਤੇ ਬਜ਼ੁਰਗ ਦਾਦੇ ਵੱਲੋਂ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਹਰ ਦਰਵਾਜ਼ਾ ਖੜਕਾਉਣ ਦੀ ਦਾਸਤਾਨ ਵਿਸਥਾਰ ਸਹਿਤ ਬਿਆਨ ਕੀਤੀ ਹੈ। ਇਸ ਖੱਤ ਦੀ ਕਾਪੀ ਸ. ਸੁਖਬੀਰ ਸਿੰਘ ਬਾਦਲ ਅਤੇ ਸਕੱਤਰ ਡੀ.ਐਸ. ਬੈਂਸ ਨੂੰ ਵੀ ਭੇਜੀ ਗਈ ਹੈ।

ਉੁਹਨਾਂ ਕਾਂਗਰਸ ਅਤੇ ਭਾਜਪਾ ਨੂੰ ਆੜੇ ਹੱਥੀ ਲੈਦਿਆਂ ਟਿੱਪਣੀ ਕੀਤੀ ਕਿ ‘ਪੰਜਾਬ ਦੀ ਸ਼ਾਂਤੀ’ ਸ਼ਹੀਦਾਂ ਦੀ ਯਾਦਗਾਰ ਬਣਾਉਣ ਨਾਲ ਭੰਗ ਨਹੀਂ ਹੋਣ ਵਾਲੀ । ਉਹਨਾਂ ਕਿਹਾ ਕਿ ‘ਸ਼ਾਂਤੀ ਨੂੰ ਖਤਰਾ’ ਤਾਂ ਹੋਵੇਗਾ ਜੇਕਰ ਸਰਕਾਰ ਇਨਸਾਫ ਨਹੀਂ ਕਰੇਗੀ ਜਾਂ ਲੋਕਾਂ ਦੇ ਹੱਕਾਂ ਅਤੇ ਆਵਾਜ਼ ਨੂੰ ਅੰਨੀ ਤਾਕਤ ਨਾਲ ਦਬਾਇਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਭਾਜਪਾ ਤੇ ਕਾਂਗਰਸ ਵਲੋਂ ਯਾਦਗਾਰ ਦਾ ਵਿਰੋਧ ਕਰਨ ਨਾਲ ‘ਪੰਜਾਬ ਦਾ ਸ਼ਾਂਤ’ ਮਾਹੌਲ ਜ਼ਰੂਰ ਖਰਾਬ ਹੋ ਸਕਦਾ ਹੈ।

ਖੱਤ ਵਿਚ ਦਸਿਆ ਗਿਆ ਹੈ ਕਿ ਸਿੱਖ ਸੰਗਤਾਂ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਦਬਾਅ ਹੇਠ 31 ਮਾਰਚ ਨੂੰ ਭਾਂਵੇਂ ਦੋਸ਼ੀ ਪੁਲਿਸ ਅਫਸਰਾਂ ਅਤੇ ਸ਼ਿਵ ਸੈਨਿਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ ਪਰ 75 ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ।

ਕੰਵਰਪਾਲ ਸਿੰਘ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਦੋਸ਼ੀ ਕਾਨੂੰਨ ਦੀ ਪਕੜ ਤੋਂ ਦੂਰ ਸ਼ਰੇਆਮ ਖੁੱਲੇ ਘੁੰਮ ਰਹੇ ਹਨ ਅਤੇ ਪੀੜਤ ਪਰਿਵਾਰ ਦਾ ਮੂੰਹ ਚਿੜਾ ਰਹੇ ਹਨ। ਉਹਨਾਂ ਕਿਹਾ ਕਿ ਇਨਸਾਫ ਮਿਲਣ ਵਿੱਚ ਹੋ ਰਹੀ ਦੇਰੀ ਕਰਕੇ ਸਿੱਖਾਂ ਵੱਲੋਂ ਜਤਾਏ ਰੋਸ ਦੇ ਬਾਵਜੂਦ ਸਰਕਾਰ ਹਾਲਾਤਾਂ ਨੂੰ ਨਾਜ਼ੁਕ ਮੋੜ ‘ਤੇ ਲੈ ਆਈ ਹੈ। ਉਹਨਾਂ ਦਸਿਆ ਕਿ ਪਰਿਵਾਰ ਨੇ ਪ੍ਰਸ਼ਾਸਨ ਨੂੰ 20 ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ।

ਉਹਨਾਂ ਦੱਸਿਆ ਕਿ ਇਨਸਾਫ ਨਾ ਮਿਲਣ ਕਾਰਨ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚ ਕੀਤੀ ਅਤੇ ਸਥਾਨਕ ਵਿਧਾਇਕ ਦੀ ਲਿਖਤੀ ਸ਼ਿਕਾਇਤ ਕੀਤੀ ਕਿ ਉਹ ਪ੍ਰਸ਼ਾਸ਼ਨ ਦਾ ਹੱਥਠੋਕਾ ਬਣਕੇ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਜਸਪਾਲ ਸਿੰਘ ਦੇ ਕੇਸ ਕਮਜ਼ੋਰ ਕਰਨ ਲਈ ਹਰ ਹੀਲਾ ਵਰਤ ਰਿਹਾ ਹੈ। ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਕਰਨ ਕਾਰਨ ਜਿਹਨਾਂ ਸ਼ਿਵ ਸੈਨਿਕਾਂ ਵਿਰੁੱਧ 295-ਏ ਤਹਿਤ ਕੇਸ ਦਰਜ਼ ਕੀਤਾ ਗਿਆ ਸੀ ਉਹਨਾਂ ਨੂੰ ਰਾਹਤ ਦੇਣ ਲਈ ਸਥਾਨਕ ਵਿਧਾਇਕ ਨੇ ਗੁਰਜੀਤ ਸਿੰਘ ਨੂੰ ਦਬਾਅ ਪਾ ਕੇ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਹੈ।

ਖੱਤ ਵਿਚ ਇਲਜ਼ਾਮ ਲਾਇਆ ਗਿਆ ਹੈ ਕਿ ਪ੍ਰਸ਼ਾਸ਼ਨ, ਪੁਲਿਸ ਅਤੇ ਸਥਾਨਕ ਰਾਜਨੀਤਕ ਆਗੂ ਮਿਲਕੇ ਕਾਨੂੰਨ ਨੂੰ ਆਪਣੀ ਚਾਲ ਚਲਣ ਤੋਂ ਰੋਕ ਰਹੇ ਹਨ। ਉਹਨਾਂ ਪੁਛਿਆ ਕਿ ਕੀ ਸਰਕਾਰ ਲੋਕਾਂ ਦੀ ਆਵਾਜ਼ ਸੁਣੇਗੀ? ਕੀ ਸਰਕਾਰ ਆਪਣਾ ਹੈਂਕੜਵਾਲਾ ਰਵੱਈਆ ਬਦਲੇਗੀ? ਕੀ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ?

ਉਹਨਾਂ ਸਵਾਲ ਪੁਛਿਆ ਕਿ ਕਿਉਂ ਹਰ ਵਾਰ ਸਿੱਖਾਂ ਦੇ ਜ਼ਖਮਾਂ ਨੂੰ ਰਿਸਣ ਲਈ ਖੁੱਲੇ ਛੱਡ ਦਿੱਤਾ ਜਾਂਦਾ ਹੈ? ਉਹਨਾਂ ਅਪ੍ਰੈਲ 1978 ਨੂੰ ਵਾਪਰੇ ਗੋਲੀਕਾਂਡ ਦਾ ਹਵਾਲਾ ਦੇਂਦਿਆਂ ਕਿਹਾ ਕਿ ਸਿੱਖ ਸੰਘਰਸ਼ ਦਾ ਆਗਾਜ਼ ਵੀ 13 ਸਿੰਘਾਂ ਦੇ ਕਾਤਲਾਂ ਨੂੰ ਸਜ਼ਾ ਨਾ ਦੇਣ ਦੇ ਪ੍ਰਤੀਕਰਮ ਵਜੋਂ ਹੋਇਆ ਸੀ।

ਖੱਤ ਵਿੱਚ ਉਹਨਾਂ ਸਪੱਸ਼ਟ ਕੀਤਾ ਕਿ ਦੋਸ਼ੀ ਅਫਸਰਾਂ ਅਤੇ ਸ਼ਿਵ ਸੈਨਿਕਾਂ ਦੀ ਗ੍ਰਿਫਤਾਰੀ ਤੋਂ ਘੱਟ ਪਰਿਵਾਰ ਵਾਲਿਆਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਸੰਤੁਸ਼ਟ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਢੋਂਗ ਕਿ ਕੁਝ ਨਹੀਂ ਹੋਇਆ, ਇਸ ਲਈ ਕੁਝ ਕਰਨ ਦੀ ਲੋੜ ਨਹੀਂ, ਪੰਜਾਬ ਦੇ ਲੋਕਾਂ ਲਈ ਘਾਤਕ ਹੈ।

ਉਹਨਾਂ ਉਮੀਦ ਜਿਤਾਈ ਕਿ ਸ. ਪ੍ਰਕਾਸ਼ ਸਿੰਘ ਬਾਦਲ ਨਹੀਂ ਚਾਹੁਣਗੇ ਕਿ ਇਤਿਹਾਸ ਦੁਹਰਾਇਆ ਜਾਵੇ ਕਿਉਂਕਿ ਉਹਨਾਂ ਲਈ ਇਹ ਪਲ ਇਤਿਹਾਸਕ ਹਨ ਜਦੋਂ ਕਿ ਉਹ ਪੰਜਵੀਂ ਵਾਰ ਮੁਖ ਮੰਤਰੀ ਬਣੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,