Tag Archive "khalsa-samachar"

“ਪੰਜਾਬੀ ਬੋਲੀ, ਲਾਲਾ ਲਾਜਪਤ ਰਾਏ ਅਤੇ ਭਾਈ ਵੀਰ ਸਿੰਘ” {ਜਨਮ ਦਿਹਾੜੇ ‘ਤੇ ਖਾਸ}

ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ। ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ। ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ” ਅਸੀਂ ਇਸ ਵਿਚ ਉਦਾਹਰਣ ਮਾਤਰ ਕੁਝ ਅੰਤਲੇ ਫਿਕਰੇ ਹੀ ਦਰਜ ਕਰਦੇ ਹਾਂ “ਆਖਰ ਵਿਚ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਤੁਹਾਡੀ ਰਗ-ਰਗ ਵਿਚ ਜਿਊਂਦੀ ਹੈ ਇਸ ਦਾ ਨਿਕਲਣਾ ਮੁਸ਼ਕਲ ਹੈ।