ਗੁਰੂ ਅਰਜਨ ਸਾਹਿਬ ਜੀ ਨੇ ਇਸ ਦਾ ਅਨੁਮਾਨ ਲਾ ਲਿਆ ਹੋਵੇਗਾ ਕਿ ਅਕਬਰ ਤੋਂ ਬਾਅਦ ਕੱਟੜ ਇਸਲਾਮ ਨੂੰ ਮੁੜ ਸਥਾਪਤ ਕਰਨ ਦੀ ਲਹਿਰ ਜ਼ੋਰ ਫੜ ਰਹੀ ਸੀ ਅਤੇ ਸਿੱਖ ਲਹਿਰ ’ਤੇ ਇਸ ਦਾ ਜੋ ਅਸਰ ਪੈ ਸਕਦਾ ਸੀ, ਉਸ ਬਾਰੇ ਵੀ ਕੋਈ ਸ਼ੱਕ ਨਹੀਂ ਸੀ ਹੋ ਸਕਦਾ। ਉਹ ਆਪਣੇ ਧਰਮ ਐਲਾਨੀਆ ਰਾਖੀ ਨਾ ਕਰਨ ਨੂੰ ਪਾਪ ਸਮਝਦੇ ਸਨ। ਸਿੱਖ ਲਹਿਰ ਆਪਣੇ ਆਪ ਇਸ ਚੈਲੰਜ ਦਾ ਬੋਝ ਚੁਕਣ ਵਾਸਤੇ ਨਾ ਅਜੇ ਤਿਆਰ ਸੀ ਤੇ ਨਾ ਹੀ ਸਿਆਸੀ ਤੌਰ ’ਤੇ ਚੇਤੰਨ ਸੀ, ਇਸ ਲਈ ਚੁਪਚਾਪ ਬੈਠੇ ਰਹਿਣ ਦੀ ਥਾਂ, ਗੁਰੂ ਅਰਜਨ ਸਾਹਿਬ ਜੀ ਨੇ ਸ਼ਾਹੀ ਦਰਬਾਰ ਵਿਚ ਪਈ ਫੁੱਟ ਤੋਂ ਫਾਇਦਾ ਉਠਾਉਣ ਲਈ ਪਹਿਲ-ਕਦਮੀ ਕਰਨ ਵਾਸਤੇ ਮੌਕਾ ਸੰਭਾਲਿਆ। ਜਹਾਂਗੀਰ ਦੇ ਆਪਣੇ ਅੰਦਾਜ਼ੇ ਅਨੁਸਾਰ ਖੁਸਰੋ ਕੋਲ ਇਕ ਲੱਖ ਬਾਰਾਂ ਹਜ਼ਾਰ ਘੋੜ ਸਵਾਰ ਸਨ। ਇਸ ਤਰ੍ਹਾਂ ਉਸ ਪਾਸ ਜਹਾਂਗੀਰ ਨੂੰ ਚੈਲੰਜ ਕਰਨ ਦਾ ਸੋਹਣਾ ਮੌਕਾ ਸੀ। ਸੋ ਜਹਾਂਗੀਰ ਤਾਂ ਗੁਰੂਆਂ ਦੀ ਸਿੱਖ ਲਹਿਰ ਦੇ ਸਿਆਸੀ ਚਰਿੱਤਰ ਨੂੰ ਸਪੱਸ਼ਟ ਤੌਰ ’ਤੇ ਪਛਾਣ ਗਿਆ ਸੀ। ਪਰ ਕੁਝ ਲੇਖਕ ਧਰਮ ਤੇ ਸਿਆਸਤ ਨੂੰ ਅਸੂਲਨ ਨਿਖੇੜਦੇ ਹਨ। ਉਹ ਜਾਂ ਤਾਂ ਗੁਰੂਆਂ ਦੀ ਖੁੱਲ੍ਹੀਆਂ ਸਿਆਸੀ ਤੇ ਫੌਜੀ ਸਰਗਰਮੀਆਂ ਨੂੰ ਸਹੀ ਦੱਸਣ ਲਈ ਢਿੱਲੀਆਂ ਦਲੀਲਾਂ ਘੜਦੇ ਹਨ ਜਾਂ ਸਿੱਧਾ ਇਨ੍ਹਾਂ ਸਰਗਰਮੀਆਂ ਨੂੰ ਧਾਰਮਿਕ ਰਾਹ ਤੋਂ ਥਿੜਕਣਾ ਕਹਿੰਦੇ ਹਨ।