ਖਾਸ ਖਬਰਾਂ

ਲਤੀਫਪੁਰਾ ਦੇ ਉਜਾੜੇ ਦਾ ਦਰਦ ਲਾਹੌਰ ਪੁੱਜਿਆ

December 24, 2022 | By

ਜਲੰਧਰ (23 ਦਸੰਬਰ) –  ਲਤੀਫਪੁਰਾ ਵਿੱਚ ਹੋਏ ਉਜਾੜੇ ਦੀ ਆਵਾਜ਼ ਭਾਵੇਂ ਅਜੇ ਹਕੂਮਤ ਦੇ ਕੰਨੀ ਚੰਡੀਗੜ੍ਹ ਤੱਕ ਵੀ ਨਹੀਂ ਪੁੱਜੀ ਜਾਪਦੀ ਪਰ ਇਸ ਦਾ ਦਰਦ ਲਾਹੌਰ ਦੀਆਂ ਗਲੀਆਂ ਵਿੱਚ ਜ਼ਰੂਰ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ। ਲਤੀਫਪੁਰਾ ਵਿੱਚ ਵੱਸਦੇ ਘਰਾਂ ਨੂੰ ਨਗਰ ਸੁਧਾਰ ਟਰੱਸਟ ਨੇ ਬੜੀ ਬੇਰਹਿਮੀ ਨਾਲ ‘ਨਾਜਾਇਜ਼’ ਕਬਜ਼ੇ ਕਹਿ ਕੇ ਢਾਹ ਦਿੱਤਾ ਸੀ। ਇਸ ਉਜਾੜੇ ਨੂੰ 15 ਦਿਨ ਬੀਤ ਗਏ ਹਨ ਪਰ ਹਾਕਮਾਂ ਦਾ ਦਿਲ ਅਜੇ ਪਸੀਜਿਆ ਨਹੀਂ ਹੈ। ਲੋਕ ਬਜ਼ੁਰਗਾਂ ਤੇ ਬੱਚਿਆਂ ਨੂੰ ਕੜਾਕੇ ਦੀ ਠੰਢ ਵਿਚ ਰਾਤਾਂ ਕੱਟਦੇ ਦੇਖ ਦੇ ਕੇ ਹਉਕੇ ਭਰ ਰਹੇ ਹਨ।

ਲਾਹੌਰ ਵੱਸਦੇ ਪੰਜਾਬੀਆਂ ਨੇ ਜਦੋਂ ਲਤੀਫਪੁਰਾ ਦੇ ਘੁੱਗ ਵੱਸਦੇ ਘਰਾਂ ਦੇ ਮਲੀਆਮੇਟ ਹੋਣ ਦੀਆਂ ਤਸਵੀਰਾਂ ਦੇਖੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਵਗਿਆ ਨੀਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਲਾਹੌਰ ਤੋਂ ਮਹਿਮੂਦ ਹਾਫਿਜ਼ ਨਾਂਅ ਦੇ ਪੰਜਾਬੀ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਬੂਟਾ ਪਿੰਡ ਨੇੜਿਓਂ ਹੀ ਉਠ ਕੇ ਆਏ ਸਨ। ਹਾਫਿਜ਼ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਲਤੀਫਪੁਰਾ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਕਾਲਜੇ ਦਾ ਰੁੱਗ ਭਰਿਆ ਗਿਆ ਹੈ। ਉਸ ਨੇ ਕਿਹਾ ਕਿ ਲਤੀਫਪੁਰਾ ਨੇ ਸਾਲ 47 ਵਾਲੇ ਜ਼ਖ਼ਮ ਅੱਲ੍ਹੇ ਕਰ ਦਿੱਤੇ ਹਨ।

ਬੀਬੀ ਹਾਜ਼ਰਾ

ਦੇਸ਼ ਵੰਡ ਦੌਰਾਨ ਲਤੀਫਪੁਰਾ ਤੋਂ ਉਜੜ ਕੇ ਗਏ ਇੱਕ ਪਰਿਵਾਰ ਦੀ ਹਾਜ਼ਰਾ ਬੀਬੀ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਉਹ 20 ਸਾਲ ਦੀ ਸੀ ਤੇ ਲਤੀਫਪੁਰਾ ਪਿੰਡ ਵਿੱਚ ਰਹਿੰਦੇ ਸਨ ਜਿੱਥੇ 25 ਦੇ ਕਰੀਬ ਘਰ ਸਨ। ਹਾਜ਼ਰਾ ਬੀਬੀ ਦਾ ਟੱਬਰ ਲਤੀਫਪੁਰਾ ਤੋਂ ਉਜੜ ਕੇ ਪਾਕਿਸਤਾਨ ਵਿਚਲੇ ਪੰਜਾਬ ਦੇ ਚੱਕ ਨੰਬਰ 1-4/ਐਲ ਉਕਰਾ ਪਿੰਡ ਵਿੱਚ ਰਹਿੰਦਾ ਹੈ।

ਹਾਜ਼ਰਾ ਬੀਬੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਲਦ ਜਾਨ ਮੁਹੰਮਦ ਸਨ ਤੇ ਵੰਡ ਦੌਰਾਨ ਉਨ੍ਹਾਂ ਦਾ ਸਾਰਾ ਟੱਬਰ ਲਤੀਫਪੁਰਾ ਵਿੱਚੋਂ ਉਠ ਕੇ ਬੂਟਾ ਪਿੰਡ ਵਿੱਚ ਆ ਬੈਠਾ ਸੀ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਸੀ। ਲਤੀਫਪੁਰਾ ਪਿੰਡ ਨੂੰ ਯਾਦ ਕਰਦਿਆ ਬੀਬੀ ਹਾਜ਼ਰਾ ਨੇ ਦੱਸਿਆ ਕਿ ਜਲੰਧਰ ਦਾ ਰਹਿਣ ਵਾਲਾ ਸ਼ੇਖ ਲਤੀਫ ਸੀ, ਜਿਸ ਨੇ ਇਹ ਪਿੰਡ ਵਸਾਇਆ ਸੀ। ਉਸ ਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਨਾਂਅ ਵੀ ਯਾਦ ਹਨ। ਉਹ ਦੱਸਦੀ ਹੈ ਕਿ ਲਤੀਫਪੁਰਾ ਦੇ ਨਾਲ-ਨਾਲ ਖੁਰਲਾ ਕੀਂਗਰਾ ਤੇ ਅਬਾਦਪੁਰਾ, ਗੜਾ ਤੇ ਜਲੰਧਰ ਛਾਉਣੀ ਸਨ। ਲਤੀਫਪੁਰਾ ਵਿੱਚ ਰਹਿਣ ਵਾਲੇ ਜ਼ਿਆਦਾ ਅਰਾਈਆਂ ਦੇ ਘਰ ਸਨ। ਉਹ ਸਾਰੇ ਖੇਤੀ ਕਰਦੇ ਸਨ। ਹਾਜ਼ਰਾ ਬੀਬੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ-ਛੇ ਮੱਝਾਂ ਰੱਖੀਆਂ ਸਨ ਤੇ ਉਨ੍ਹਾਂ ਦੇ ਵਾਲਿਦ ਜਾਨ ਮੁਹੰਮਦ ਵੰਡ ਸਮੇ ਜਾਣ ਸਮੇਂ ਸਾਰੀਆਂ ਮੱਝਾਂ ਘਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਦੇ ਗਏ ਸਨ। ਗੱਡੇ ’ਤੇ ਸਾਮਾਨ ਲੱਦ ਕੇ ਲਿਆਂਦਾ ਸੀ।

ਹਾਜ਼ਰਾ ਬੀਬੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਲਤੀਫਪੁਰਾ ਤੋਂ ਮਾਂ ਨਾਲ ਸੌਦਾ ਲੈਣ ਲਈ ਜਲੰਧਰ ਸ਼ਹਿਰ ਨੂੰ ਤੁਰ ਕੇ ਜਾਂਦੇ ਸਨ। ਲਤੀਫਪੁਰਾ ਵਿੱਚ ਬਹੁਤੇ ਘਰ ਕੱਚੇ ਸਨ ਤੇ ਜਾਂ ਫਿਰ ਕਾਨ੍ਹਿਆਂ ਦੀਆਂ ਛੰਨਾਂ ਬਣੀਆਂ ਸਨ। ਜਲੰਧਰ ਵਿੱਚ ਤਿੰਨ ਭਰਾਵਾਂ ਦੀ ਦੁਕਾਨ ਦਾ ਜ਼ਿਕਰ ਕਰਦਿਆਂ ਹਾਜ਼ਰਾ ਬੀਬੀ ਨੇ ਦੱਸਿਆ ਕਿ ਵਤਨ ਲਾਲ, ਚਿਰੰਜੀ ਲਾਲ ਤੇ ਇੱਕ ਉਨ੍ਹਾਂ ਦਾ ਹੋਰ ਭਰਾ ਸੀ ਜਿਸ ਦਾ ਨਾਂਅ ਯਾਦ ਨਹੀਂ।

ਪਾਕਿ ਪਟਨ ਦੇ ਰਹਿਣ ਵਾਲੇ ਅੱਬਾਸ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਬਾਬਾ ਸ਼ੇਖ ਫਰੀਦ ਵਾਲਾ ਹੈ ਤੇ ਉਹ ਪੰਜਾਬੀ ਹਨ ਤੇ ਲਤੀਫਪੁਰਾ ਵਿਚਲੇ ਢਾਹੇ ਗਏ ਘਰਾਂ ਦਾ ਮਸਲਾ ਦੇਖਣ ਸੁਣ ਕੇ ਉਨ੍ਹਾਂ ਦਾ ਟੱਬਰ ਕਾਫੀ ਪ੍ਰੇਸ਼ਾਨ ਰਿਹਾ ਸੀ।

**ਉਪਰੋਕਤ ਖਬਰ ਪੰਜਾਬੀ ਟ੍ਰਿਬਿਊਨ ਅਖਬਾਰ ਮਿਤੀ 24 ਦਸੰਬਰ 2022 ਵਿੱਚੋਂ ਲਈ ਗਈ ਹੈ ਇੱਥੇ ਅਸੀ ਸਿੱਖ ਸਿਆਸਤ ਦੇ ਪਾਠਕਾਂ ਲਈ ਮੁੜ ਸਾਂਝੀ ਕਰ ਰਹੇ ਹਾਂ – ਸੰਪਾਦਕ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,