ਸਿੱਖ ਖਬਰਾਂ

ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਦਾ ਤੀਸਰਾ ਐਡੀਸ਼ਨ ਜਾਰੀ ਕੀਤਾ ਗਿਆ

June 7, 2012 | By

ਜੂਨ 1984 ਦੇ ਸ਼ਹੀਦਾਂ ਦੀ ਡਾਇਰੈਕਟਰੀ

ਸ਼੍ਰੀ ਅੰਮ੍ਰਿਤਸਰ, ਪੰਜਾਬ (ਜੂਨ 5, 2012):ਜੂਨ 1984 ਦਰਬਾਰ ਸਾਹਿਬ ਹਮਲੇ ਦੌਰਾਨ ਅਕਾਲ ਤਖਤ ਦੀ ਅਜ਼ਮਤ ਦੀ ਰਾਖੀ ਕਰਦਿਆਂ ਜੂਝ ਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਕਟਰੀ‘ ਦਾ ਤੀਸਰਾ ਐਡੀਸ਼ਨ ਦਲ ਖ਼ਾਲਸਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜੋ ਅੱਜ ਅਕਾਲ ਤਖਤ ਸਾਹਿਬ ਉਤੇ ਅਰਦਾਸ ਕਰਨ ਉਪਰੰਤ ਇਹਨਾਂ ਸ਼ਹੀਦਾਂ ਦੀ ਬਣ ਰਹੀ ‘ਸ਼ਹੀਦੀ ਯਾਦਗਾਰ‘ ਵਾਲੇ ਸਥਾਨ ਤੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਅਤੇ ਹੋਰਨਾਂ ਪੰਥਕ ਆਗੂਆਂ ਵੱਲੋਂ ਕੌਮ ਨੂੰ ਸਮਰਪਿਤ ਕੀਤੀ ਗਈ।
ਜੂਨ 1984 ਦੇ ਦਰਬਾਰ ਸਾਹਿਬ ਹਮਲਾ ਜਿਸਨੂੰ ਭਾਰਤ ਸਰਕਾਰ ਵਲੋਂ ‘ਸਾਕਾ ਨੀਲਾ ਤਾਰਾ‘ ਦਾ ਨਾਮ ਦਿੱਤਾ ਗਿਆ, ਇਕ ਅਜਿਹਾ ਕਾਲਾ ਅਧਿਆਇ ਹੈ, ਜਿਸ ਨੇ ਸਿੱਖਾਂ ਦੇ ਭਾਰਤ ਨਾਲ ਰਿਸ਼ਤੇ ਨੂੰ ਇਕ ਨਵਾਂ ਮੋੜ ਦਿੱਤਾ।

Baba Ajit Singh presenting directory to Bhai TIrlochan Singh son of Shaheed Bhai Amrik Singh

ਬਾਬਾ ਅਜੀਤ ਸਿੰਘ ਸ਼ਹੀਦੀ ਡਾਇਰੈਕਟਰੀ ਸ਼ਹੀਦ ਭਾਈ ਅਮਰੀਕ ਸਿੰਘ ਦੇ ਬੇਟੇ ਭਾਈ ਤਿਰਲਚਨ ਸਿੰਘ ਨੂੰ ਭੇਂਟ ਕਰਦੇ ਹੋਏ

‘ਸ਼ਹੀਦੀ ਡਾਇਰੈਕਟਰੀ‘ ਦੇ ਇਸ ਤੀਸਰੇ ਐਡੀਸ਼ਨ ਵਿੱਚ ਜੰਮੂ ਕਸ਼ਮੀਰ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸਈਅਦ ਅਲੀ ਸ਼ਾਹ ਗਿਲਾਨੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੇ ਸੰਦੇਸ਼ ਛਾਪੇ ਗਏ ਹਨ। ਦਲ ਖ਼ਾਲਸਾ ਦੇ ਮੋਢੀ ਆਗੂ ਸ. ਗਜਿੰਦਰ ਸਿੰਘ, ਜੋ ਇਸ ਸਮੇਂ ਜਲਾਵਤਨ ਹਨ, ਨੇ ਵੀ ਡਾਇਰੈਕਟਰੀ ਵਿੱਚ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ।
ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਅਣਗੌਲਿਆਂ ਕਰ ਦਿੰਦੀਆਂ ਹਨ, ਉਹ ਇਤਿਹਾਸ ਵਿੱਚ ਗੁਆਚ ਜਾਂਦੀਆਂ ਹਨ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਜਥੇਬੰਦੀ ਨੇ ਸ਼ਹੀਦਾਂ ਦੇ ਮੁਕੰਮਲ ਵੇਰਵਿਆਂ ਨੂੰ ਇਤਿਹਾਸਕ ਦਸਤਾਵੇਜ਼ ਦਾ ਰੂਪ ਦੇਣ ਦਾ ਉਪਰਾਲਾ ਕੀਤਾ।ਉਹਨਾਂ ਕਿਹਾ ‘ਜੂਨ 1984‘ ਦੇ ਸ਼ਹੀਦਾਂ ਦੀ ਯਾਦਗਾਰ ਦੀ ਅਰੰਭਤਾ ਹੋ ਚੁੱਕੀ ਹੈ ਇਸ ਲਈ ਕੌਮ ਨੂੰ ਇਹਨਾਂ ਸ਼ਹੀਦਾਂ ਬਾਰੇ ਮੁਕੰਮਲ ਵੇਰਵੇ ਸਹਿਤ ਜਾਣਕਾਰੀ ਦੇਣਾ ਸਮੇਂ ਦੀ ਲੋੜ ਹੈ। ਉਹਨਾਂ ਦੱਸਿਆ ਕਿ ਡਾਇਰੈਕਟਰੀ ਵਿੱਚ ਦਰਬਾਰ ਸਾਹਿਬ ਹਮਲੇ ਦੌਰਾਨ ਭਾਰਤੀ ਫੌਜ਼ ਨਾਲ ਲੜਕੇ ਸ਼ਹੀਦ ਹੋਣ ਵਾਲੇ ਜੁਝਾਰੂਆਂ ਅਤੇ ਉਹਨਾਂ ਦੇ ਸਮੱਰਥਕਾਂ ਦੇ ਨਾਮ, ਫੋਟੋ ਅਤੇ ਮੁਕੰਮਲ ਵੇਰਵਾ ਸ਼ਾਮਿਲ ਹੈ ਜੋ ਕਿ ਇੱਕਠਾ ਕਰਨਾ ਸਾਡੀ ਟੀਮ ਲਈ ਕੋਈ ਸੌਖਾ ਕੰਮ ਨਹੀਂ ਸੀ।
ਅਜ਼ਾਦੀ ਪਸੰਦ ਕਸ਼ਮੀਰੀ ਲੀਡਰ ਗਿਲਾਨੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿੱਖਾਂ ਦਾ ਇਤਿਹਾਸ ਨਿਧੜਕ ਯੋਧਿਆਂ, ਬਹਾਦਰੀ ਅਤੇ ਕੁਰਬਾਨੀਆਂ ਵਾਲਾ ਹੈ। ਉਹਨਾਂ ਨੇ ਆਪਣੇ ਧਰਮ ਅਸਥਾਨਾਂ ਦੀ ਰੱਖਿਆ ਲਈ ਔਖੇ ਅਤੇ ਬਿਖੜੇ ਰਾਹਾਂ ਉੱਤੇ ਚੱਲਣ ਦੀ ਜਾਚ ਸਿਖੀ ਹੋਈ ਹੈ। ਸਿੱਖਾਂ ਨਾਲ ਹਮਦਰਦੀ ਅਤੇ ਇੱਕਜੁਟਤਾ ਦਰਸਾਉਂਦਿਆਂ ਉਹਨਾਂ ਕਿਹਾ ਕਿ ਸਾਂਝੇ ਦੁਸ਼ਮਣ ਹੱਥੋਂ ਢਾਹੇ ਜਾ ਰਹੇ ਜ਼ੁਲਮਾਂ ਨੇ ਦੋਨਾਂ ਕੌਮਾਂ ਨੂੰ ਹੋਰ ਨੇੜੇ ਲੈ ਆਂਦਾ ਹੈ।
ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੂਨ 1984 ਦੇ ਭਾਰਤ-ਸਿੱਖ ਜੰਗ ਦੇ ਇਹ ਸ਼ਹੀਦ ਸਿੰਘ ਸੂਰਮੇ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਫ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਵਾਂਗ ਹੀ ਕੌਮ ਦੇ ਮਿਸਾਲੀ ਸ਼ਹੀਦ ਹਨ, ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਯਾਦਾਂ ਨੂੰ ਆਉਣ ਵਾਲੀਆਂ ਨਸਲਾਂ ਅਤੇ ਪੀੜੀਆਂ ਲਈ ਸਾਂਭਣ ਲਈ ਖ਼ਾਲਸਾ ਪੰਥ ਦੀ ਮਹਾਨ ਸੰਘਰਸ਼ਸ਼ੀਲ ਜਥੈਬੰਦੀ ਦਲ ਖ਼ਾਲਸਾ ਵੱਲੋਂ ‘ਸ਼ਹੀਦੀ ਡਾਇਰੈਕਟਰੀ‘ ਦਾ ਸੰਪਾਦਨ ਇਕ ਮਹਾਨ ਉਪਰਾਲਾ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਦਲ ਖ਼ਾਲਸਾ ਵੱਲੋਂ ‘ਸ਼ਹੀਦੀ ਡਾਇਰੈਕਟਰੀ‘ ਦਾ ਤੀਜਾ ਐਡੀਸ਼ਨ ਉਹਨਾਂ ਸਿੰਘ-ਸਿੰਘਣੀਆਂ ਨੂੰ ਸਮਰਪਿਤ ਹੈ ਜਿਨਾਂ ਦੀ ਦਲੇਰੀ ਅਤੇ ਵੱਚਨਬੱਧਤਾ ਨੂੰ ਧਾੜਵੀ ਬਣਕੇ ਆਈ ਭਾਰਤੀ ਫੌਜ਼ ਦੇ ਮੁੱਖੀ ਨੇ ਵੀ ਸਵੀਕਾਰਿਆ।
ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸੰਪਾਦਕੀ ਨੋਟ ਵਿੱਚ ਕਿਹਾ ਕਿ ਜਥੇਬੰਦੀ ਨੇ ਇਕ ਨਿਮਾਣਾ ਯਤਨ ਕੀਤਾ ਹੈ ਕਿ ਸਿੱਖ ਸੰਘਰਸ਼ ਦੇ ਇੱਕ ਅਧਿਆਇ ਦੇ ਉਹਨਾਂ ਸਾਰੇ ਅਣਗੌਲੇ ਕੀਤੇ ਨਾਇਕਾਂ ਦੇ ਨਾਂ ਰਿਕਾਰਡ ਉੱਤੇ ਆ ਜਾਣ ਜੋ ਭਾਰਤੀ ਹਕੂਮਤ ਨਾਲ ਜੂਝਦਿਆਂ ਸ਼ਹੀਦ ਹੋ ਗਏ। ਉਹਨਾਂ ਲਿਖਿਆ ਹੈ ਕਿ ਠਸਾਕਾ ਨੀਲਾ ਤਾਰਾਠ ਸਿੱਖਾਂ ਲਈ ਸੂਰਬੀਰਤਾ ਦੀ ਉਹ ਲਾਸਾਨੀ ਗਾਥਾ ਹੈ, ਜੋ ਸਿੱਖ ਲੋਕ-ਕਥਾ ਦਾ ਹਿੱਸਾ ਬਣ ਚੁੱਕੀ ਹੈ।
ਕੰਵਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 28ਵੀਂ ਵਰੇਗੰਢ ਮੌਕੇ ਜਾਰੀ ਕੀਤੇ ਗਏ ‘ਸ਼ਹੀਦੀ ਡਾਇਰੈਕਟਰੀ‘ ਦੇ ਤੀਸਰੇ ਐਡੀਸ਼ਨ ਵਿੱਚ 220 ਸ਼ਹੀਦਾਂ ਦੇ ਨਾਮ ਅਤੇ ਵੇਰਵੇ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਘੁਮਾਣ ਦੀ ਅਗਵਾਈ ਵਿੱਚ ਦਲ ਖ਼ਾਲਸਾ ਟੀਮ ਨੇ ਸ਼ਹੀਦਾਂ ਦੀ ਜਾਣਕਾਰੀ ਸਬੰਧੀ ਖੂਬ ਜਾਂਚ-ਪੜਤਾਲ ਅਤੇ ਖੋਜ ਕੀਤੀ ਪਰ ਅਜੇ ਹੋਰ ਖੋਜ ਹੋਣਾ ਬਾਕੀ ਹੈ। ਉਹਨਾਂ ਦੱਸਿਆ ਕਿ ਕੁਝ ਅਜਿਹੇ ਸ਼ਹੀਦਾਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨਾਂ ਨੇ ਦਰਬਾਰ ਸਾਹਿਬ ਹਮਲੇ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਉਹਨਾਂ ਦੀ ਸ਼ਹੀਦੀ ਕਿਸ ਜਗਾ ਉੱਤੇ, ਕਦੋਂ ਅਤੇ ਕਿਵੇਂ ਹੋਈ ਬਾਰੇ ਮੁਕੰਮਲ ਜਾਣਕਾਰੀ ਨਹੀਂ ਮਿਲ ਸਕੀ।
ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਰਾਜ਼ ਕਰੇਗਾ ਖ਼ਾਲਸਾ, ਦੇਗ ਤੇਗ ਫਤਿਹ ਦੇ ਗੂੰਜਦੇ ਜੈਕਾਰਿਆਂ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਭਾਈ ਦਲਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਅਤੇ ਬਾਬਾ ਅਜੀਤ ਸਿੰਘ ਲੋਹਗੜ੍ਹ ਨੇ ਡਾਇਰੈਕਟਰੀ ਦੀਆਂ ਪਹਿਲੀਆਂ ਦੋ ਕਾਪੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਸ. ਈਸ਼ਰ ਸਿੰਘ, ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ ਸ. ਤਰਲੋਚਨ ਸਿੰਘ ਜੀ ਨੂੰ ਸੌਂਪੀਆਂ। ਇਸ ਮੌਕੇ 120 ਦੇ ਕਰੀਬ ਸ਼ਹੀਦ ਪਰਿਵਾਰਾਂ ਦੇ ਮੈਂਬਰ ਹਾਜ਼ਿਰ ਸਨ, ਜਿਨਾਂ ਨੂੰ ਦਸਤਾਰ ਅਤੇ ਡਾਇਰੈਕਟਰੀ ਨਾਲ ਸਨਮਾਨਿਤ ਕੀਤਾ ਗਿਆ।
ਡਾਇਰੈਕਟਰੀ ਵਿੱਚ ਦੋ ਔਰਤਾਂ ਦੇ ਨਾਂ ਹਨ ਜੋ ਜੂਝਕੇ ਸ਼ਹੀਦ ਹੋਈਆਂ ਜਿਹਨਾਂ ਵਿੱਚ ਬੀਬੀ ਪਰਮਜੀਤ ਸਿੰਘ ਸੰਧੂ ਅਤੇ ਬੀਬੀ ਉਪਕਾਰ ਕੌਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ ਸ਼ਾਮਿਲ ਵੀ ਹਨ।
ਡਾਇਰੈਕਟਰੀ ਉਹਨਾਂ 30 ਬਾਬਾ ਸ਼ੀਸ਼ਾ ਸਿੰਘ ਜੀ ਹਜ਼ੂਰ ਸਾਹਿਬ ਦੇ ਕਾਰ-ਸੇਵਾ ਵਾਲੇ ਜਥੇ ਦੇ ਸਿੰਘਾਂ ਦੇ ਨਾਂ ਦਰਜ਼ ਹਨ ਜੋ ਕੁਝ ਮਹੀਨੇ ਪਹਿਲਾਂ ਨੰਦੇੜ ਤੋਂ ਦਰਬਾਰ ਸਾਹਿਬ, ਅੰਮ੍ਰਿਤਸਰ ਆਏ ਅਤੇ ਸਿੰਘਾਂ ਦੀ ਮੋਰਚਾਬੰਦੀ ਵਿੱਚ ਮਦਦ ਕੀਤੀ। ਜਿਹਨਾਂ ਵਿਚੋਂ ਕੁਝ ਸਿੰਘਾਂ ਦੀ ਗ੍ਰਿਫਤਾਰੀ ਹੋਈ ਅਤੇ ਬਾਕੀ ਸ਼ਹੀਦ ਹੋਏ।
ਡਾਇਰੈਕਟਰੀ ਵਿੱਚ ਸ਼ਹੀਦ ਸਿੰਘਾਂ ਦੀ ਸੂਚੀ ਵਿੱਚ 156 ਸਿੰਘ ਦਮਦਮੀ ਟਕਸਾਲ , 22 ਕਾਰ ਸੇਵਾ ਜਥਾ ਹਜ਼ੂਰ ਸਾਹਿਬ, 26 ਸਿੱਖ ਸਟੂਡੈਂਟਸ ਫੈਡਰੇਸ਼ਨ, 10 ਅਖੰਡ ਕੀਰਤਨੀ ਜਥਾ, 3 ਨਿਹੰਗ ਸਿੰਘ ਬਾਬਾ ਬਿਧੀ ਚੰਦ ਦਲ, 1 ਬੱਬਰ ਖ਼ਾਲਸਾ, 1 ਸਿੰਘ ਸੰਤ ਬਾਬਾ ਭੂਰੀ ਵਾਲਿਆਂ ਦਾ ਜਥਾ, 1 ਅਕਾਲ ਫੈਡਰੇਸ਼ਨ, ਨਾਲ ਸਬੰਧਤ ਸਿੰਘਾਂ ਦੇ ਨਾਮ ਅਤੇ ਵੇਰਵੇ ਆਮਿਲ ਹਨ।
ਦੋ ਹਿੰਦੂ ਨੌਜਵਾਨ ਅਤੇ ਇਕ ਨਿਪਾਲੀ ਗੋਰਖਾ ਵੀ ਸ਼ਹੀਦਾਂ ਦੀ ਸੂਚੀ ਵਿੱਚ ਹਨ ਜੋ ਅੰਮ੍ਰਿਤਪਾਨ ਕਰਕੇ ਸਿੰਘ ਸਜ਼ ਚੁੱਕੇ ਸਨ।
ਇਕ ਨੌਜਵਾਨ ਸਿੰਘ ਜੋ ਸਿੰਘਾਪੁਰ ਤੋਂ ਆਇਆ ਸੀ, ਜਿਸ ਨੇ ਸੰਤਾਂ ਦੇ ਅੰਗ-ਰੱਖਿਅਕ ਵਜੋਂ ਸੇਵਾ ਨਿਭਾਈ ਅਤੇ ਹਮਲੇ ਦੌਰਾਨ ਸ਼ਹੀਦੀ ਪਾਈ।
ਇਸ ਮੌਕੇ ਪਾਰਟੀ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਡਾ: ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਗ੍ਰੰਥਗੜ੍ਹ, ਅਵਤਾਰ ਸਿੰਘ ਜਲਾਲਾਬਾਦ, ਡਾ: ਕੁਲਦੀਪ ਸਿੰਘ, ਕੁਲਵੰਤ ਸਿੰਘ ਫੇਰੂਮਾਨ ਅਤੇ ਗੁਰਦੀਪ ਸਿੰਘ ਕਾਲਕਟ, ਫੈਡਰੇਸ਼ਨ ਆਗੂ ਪਰਮਜੀਤ ਸਿੰਘ ਗਾਜੀ ਵੀ ਹਾਜ਼ਰ ਸਨ।ਇਸੇ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,