December 10, 2016 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਕਿਹਾ ਕਿ ਮੋਗਾ ਰੈਲੀ ਵਿਚ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਸ਼ਰਾਬ ਦੇ ਲਾਲਚ ਦੇ ਕੇ ਲਿਜਾਇਆ ਗਿਆ ਸੀ। ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ, ਜਰਨਲ ਸਕਤਰ ਸ. ਕੁਸਲਪਾਲ ਸਿੰਘ ਮਾਨ, ਕਾਨੂੰਨੀ ਸਲਾਹਕਾਰ ਸਿਮਰਜੀਤ ਸਿੰਘ ਐਡਵੋਕੇਟ, ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ ਨੇ ਅਕਾਲੀ ਦਲ ਬਾਦਲ ਦੇ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਜਥੇ ਨਾਲ ਬੱਸਾਂ ਵਿਚ ਸਵਾਰ ਹੋ ਕੇ ਮੋਗਾ ਰੈਲੀ ਲਈ ਗਏ ਸ਼ਰਾਬੀ ਲੋਕਾਂ ਦੀ ਵੀਡੀਓ ਵੀ ਜਾਰੀ ਕੀਤੀ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਮਾਨ ਸਿੰਘ ਮਾਨ ਅਤੇ ਹੋਰ
ਇਮਾਨ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਤਕਰੀਬਨ ਸ਼ਾਮੀ 7 ਵਜੇ ਜਦੋਂ ਉਹ “ਸਰਬੱਤ ਖ਼ਾਲਸਾ” ਤੋਂ ਵਾਪਸ ਸਰਹਿੰਦ ਪਹੁੰਚੇ ਤਾਂ ਉਹਨਾਂ ਦੀ ਗਡੀ ਸਾਹਮਣੇ ਇਕ ਪ੍ਰਵਾਸੀ ਮਜ਼ਦੂਰ ਜੋ ਸ਼ਰਾਬ ਨਾਲ ਟਲੀ ਸੀ, ਆ ਗਿਆ। ਉਹ ਹੇਠਾਂ ਡਿੱਗਾ ਹੋਇਆ ਸੀ। ਜਦੋਂ ਉਹਨਾਂ ਗਡੀ ਰੋਕ ਕੇ ਉਸ ਨੂੰ ਪੁੱਛਿਆ ਕਿ ਇਹ ਕੀ ਹਾਲ ਬਣਾ ਰੱਖਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਉਹ ਤਾਂ ਮੋਗਾ ਰੈਲੀ ਵਿਚ ਗਿਆ ਸੀ। ਉਸਦੀ ਹਮਾਇਤ ‘ਤੇ ਜਦੋਂ ਹੋਰ ਸ਼ਰਾਬੀ ਆ ਗਏ ਤਾਂ ਉਹਨਾਂ ਨੇ ਗੱਲ ਨਾ ਵਧਾਉਣ ਦੀਆਂ ਬੇਨਤੀਆਂ ਕੀਤੀਆਂ। ਉਹਨਾਂ ਦੱਸਿਆ ਕਿ ਸ਼ਰਾਬੀ ਲੋਕ ਇਕ ਨਿੱਜੀ ਕਾਲਜ ਦੀ ਬਸ ਵਿੱਚੋਂ ਉਤਰੇ ਸਨ, ਜਿਸ ਉਤੇ ਮੋਗਾ ਰੈਲੀ ਦਾ ਬੈਨਰ ਲਗਿਆ ਹੋਇਆ ਸੀ। ਉਸ ਥਾਂ ਦੇ ਨੇੜੇ ਹੀ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭ¤ਟੀ ਦਾ ਗੋਦਾਮ ਅਤੇ ਮਕਾਨ ਹੈ। ਉਹਨਾਂ ਦੇ ਗੋਦਾਮ ‘ਚ ਵੀ ਸ਼ਰਾਬ ਪਾਰਟੀ ਚੱਲ ਰਹੀ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਪੁਲਿਸ ਕੋਲ ਰਿਪੋਰਟ ਦਰਜ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਇਸ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਮੰਗ ਕਰਨਗੇ ਕਿ ਜਦੋਂ ਨੋਟਬੰਦੀ ਕਾਰਨ ਆਮ ਲੋਕਾਂ ਨੂੰ ਸਬਜ਼ੀ, ਦਾਲਾਂ ਤੇ ਰਾਸ਼ਨ ਖ਼ਰੀਦਣ ਦੀ ਸਮੱਸਿਆ ਹੈ ਤਾਂ ਅਕਾਲੀ ਆਗੂਆਂ ਕੋਲ ਸ਼ਰਾਬ ਅਤੇ ਮੋਗਾ ਰੈਲੀ ਲਈ ਬਸਾਂ ਦਾ ਪ੍ਰਬੰਧ ਕਰਨ ਲਈ ਪੈਸਾ ਕਿਥੋਂ ਆਇਆ?
ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਚੋਣ ਕਮਿਸ਼ਨ ਤੋਂ ਮੰਗ ਹੈ ਕਿ ਅਕਾਲੀ ਦਲ ਦੀਆਂ ਅਜਿਹੀਆਂ ਗਤੀਵਿਧੀਆਂ ‘ਤੇ ਰੋਕ ਲਗਾਈ ਜਾਵੇ ਕਿਉਂਕਿ ਲੋਕਾਂ ਦਾ ਗਲਤ ਤਰੀਕੇ ਨਾਲ ਇਕਠ ਕਰਕੇ ਅਕਾਲੀ ਦਲ ਚੋਣ ਮਾਹੌਲ ਵਿਚ ਵਧੇਰੇ ਚਰਚਾ ਵਿਚ ਆਉਣਾ ਚਾਹੁੰਦਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਪੰਥਕ ਧਿਰਾਂ ਦੀ ਆਵਾਜ਼ ਧਕੇ ਨਾਲ ਬੰਦ ਕਰਕੇ ਆਪ ਲੋਕਾਂ ਨੂੰ ਸ਼ਰਾਬ ਦੇ ਲਾਲਚ ਨਾਲ ਭਰਮਾਅ ਰਿਹਾ ਹੈ ਅਤੇ ਆਪਣੇ ਆਪ ਨੂੰ ਨਸ਼ਿਆਂ ਦਾ ਵਿਰੋਧੀ ਦੱਸਦਾ ਹੈ।
Related Topics: Badal Dal, Moga Rally, Sarbat Khalsa 2016, Shiromani Akali Dal Amritsar (Mann)