December 17, 2015 | By ਸਿੱਖ ਸਿਆਸਤ ਬਿਊਰੋ
ਜਲੰਧਰ(16 ਦਸੰਬਰ, 2016): ਪਿਛਲੇ 25 ਸਾਲਾਂ ਤੋਂ ਉਮਰ ਕੈਦ ਤਹਿਤ ਯੂਪੀ ਦੀ ਬਰੇਲੀ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਨਾਲ ਅੱਜ ਯੂਪੀ ਦੇ ਨਵੇਂ ਬਣੇ ਜੇਲ੍ਹ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਦੀ ਮੁਲਾਕਾਤ ਹੋਈ।
ਰਾਮੂਵਾਲੀਆ ਰਾਜ ਦੀਆਂ ਜੇਲ੍ਹਾਂ ‘ਚ ਕੈਦੀਆਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਸ਼ੁਰੂ ਕੀਤੇ ਦੌਰੇ ਦੀ ਲੜੀ ਤਹਿਤ ਅੱਜ ਬਰੇਲੀ ਜੇਲ੍ਹ ਗਏ ।ਇਸ ਜੇਲ੍ਹ ‘ਚ ਕਰੀਬ 25 ਸਾਲ ਤੋਂ ਕੈਦ ਭੁਗਤ ਰਹੇ ਭਾਈ ਵਰਿਆਮ ਸਿੰਘ ਨੇ ਸ: ਰਾਮੂਵਾਲੀਆ ਨੂੰ ਆਪਣੀ ਵਿਥਿਆ ਸੁਣਾਈ ।ਭਾਈ ਵਰਿਆਮ ਸਿੰਘ 1990 ਤੋਂ ਜੇਲ੍ਹ ‘ਚ ਬੰਦ ਹੈ ।ਉਸ ਨੂੰ ਟਾਡਾ ਅਦਾਲਤ ਵੱਲੋਂ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ।
ਅਜੀਤ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਭਾਈ ਵਰਿਆਮ ਸਿਘ ਦੀ ਸਜ਼ਾ ਮੁਆਫੀ ਬਾਰੇ ਉੱਤਰ ਪ੍ਰਦੇਸ਼ ਪਹਿਲਾਂ ਹੀ ਸਿਫਾਰਸ਼ ਕਰ ਚੁੱਕੀ ਹੈ ਤੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਉਨ੍ਹਾਂ ਦੀ ਰਿਹਾਈ ਅੱਜ ਸੰਭਵ ਹੋ ਸਕੇਗੀ ।
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਭਾਈ ਵਰਿਆਮ ਸਿੰਘ ਨੇ ਉਮਰ ਕੈਦ ਤੋਂ ਕਿਤੇ ਵਧੇਰੇ ਸਜ਼ਾ ਭੁਗਤ ਲਈ ਹੈ ਤੇ ਉਹ ਇਸ ਵੇਲੇ ਬਜ਼ੁਰਗ ਅਵਸਥਾ ‘ਚ ਹੈ ।ਭਾਈ ਵਰਿਆਮ ਸਿੰਘ ਤੇ ਹੋਰ ਸਿੱਖ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਈ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਆਵਾਜ਼ ਉਠਾਉਂਦੀਆਂ ਰਹੀਆਂ ਹਨ, ਪਰ ਸ: ਗੁਰਬਖਸ਼ ਸਿੰਘ ਖਾਲਸਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਮਰਨ ਵਰਤ ‘ਤੇ ਬੈਠਣ ਤੋਂ ਬਾਅਦ ਇਹ ਮਾਮਲਾ ਵਧੇਰੇ ਚਰਚਾ ‘ਚ ਆਇਆ ਸੀ ।ਉਨ੍ਹਾਂ ਤੋਂ ਬਾਅਦ ਬਾਪੂ ਸੂਰਤ ਸਿੰਘ ਕਈ ਮਹੀਨੇ ਤੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਪਰ ਹਨ ।
ਜਾਣਕਾਰੀ ਅਨੁਸਾਰ ਰਾਮੂਵਾਲੀਆ ਨੇ ਕਰੀਬ 25 ਮਿੰਟ ਭਾਈ ਵਰਿਆਮ ਸਿੰਘ ਦੀ ਗੱਲ ਸੁਣੀ ਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਵੀ ਦਿੱਤਾ ।ਭਾਈ ਵਰਿਆਮ ਸਿੰਘ ਨੇ ਦੱਸਿਆ ਕਿ ਉਹ 25 ਸਾਲ ਦੌਰਾਨ ਇਕ ਵਾਰ ਵੀ ਪੈਰੋਲ ‘ਤੇ ਰਿਹਾਅ ਨਹੀਂ ਹੋਏ । ਰਾਮੂਵਾਲੀਆ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਹ ਕੈਦੀਆਂ ਦੀਆਂ ਮੁਸ਼ਕਿਲਾਂ ਸੁਣਨ ਸਮੇਂ ਭਾਈ ਵਰਿਆਮ ਸਿੰਘ ਨੂੰ ਮਿਲੇ ਤੇ ਉਨ੍ਹਾਂ ਦੀ ਗੱਲ ਸੁਣੀ ।
Related Topics: Balwant Singh Ramowalia, Bhai Waryam SIngh, Sikh Political Prisoners