
June 9, 2011 | By ਸਿੱਖ ਸਿਆਸਤ ਬਿਊਰੋ
ਸ਼ਿਕਾਗੋ: ਇੱਥੋਂ ਦੇ ਸਭ ਤੋਂ ਵੱਡੇ ਅਤੇ ਪਹਿਲੇ ਗੁਰਦੁਆਰਾ ਸਾਹਿਬ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਅਤੇ ਸ਼ਿਕਾਗੋ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 3 ਜੂਨ ਦਿਨ ਸ਼ੁੱਕਰਵਾਰ ਨੂੰ ਭਾਰਤੀ ਅੰਬੈਸੀ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਰੋਸ ਮੁਜ਼ਾਹਰੇ ਵਿੱਚ ਇੰਡੀਅਨਐਪਲਸ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ। ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼ਿਕਾਗੋ ਯੂਨਿਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਸਨ। ਮੁਜ਼ਾਹਰਾਕਾਰੀ ਆਪਣੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਲੈ ਕੇ ਘੁੰਮ ਰਹੇ ਸਨ, ਜਿਨ੍ਹਾਂ ਵਿੱਚ ਕੁਝ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵਾਲੇ ਬੈਨਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਬੈਨਰ ਵੀ ਸੀ, ਜੋ ਭਾਰਤੀ ਫੌਜ ਵਲੋਂ ਢਹਿ ਢੇਰੀ ਕੀਤਾ ਗਿਆ ਸੀ। ਇੱਕ ਵੱਡੇ ਅਕਾਰ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਤਸਵੀਰ ਵਾਲਾ ਬੈਨਰ ਵੀ ਸੀ। ਸਿੱਖ ਸੰਗਤਾਂ ਵਿੱਚ ਅੱਜਕੱਲ੍ਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਭਾਰਤੀ ਰਾਸ਼ਟਰਪਤੀ ਵਲੋਂ ਬਰਕਰਾਰ ਰੱਖਣ ’ਤੇ ਭਾਰੀ ਰੋਸ ਹੈ।
ਜ਼ਿਕਰਯੋਗ ਹੈ ਕਿ ਜੋ ਮੁਜ਼ਾਹਰਾਕਾਰੀ ਸ਼ਿਕਾਗੋ ਭਾਰਤੀ ਅੰਬੈਸੀ ਮੂਹਰੇ ਮੁਜ਼ਾਹਰੇ ਕਰਨ ਗਏ ਸਨ, ਉਨ੍ਹਾਂ ਵਿੱਚੋਂ ਕੁਝ ਮੋਹਰੀ ਆਗੂ ਤੇ ਗੁਰਦੁਆਰਾ ਸਾਹਿਬ ਪੈਲਾਟਾਈਨ ਦੀ ਕਮੇਟੀ ਮੈਂਬਰਾਂ ਸਮੇਤ ਭਾਰਤੀ ਕੌਂਸਲਰ ਨੂੰ ਆਪਣਾ ਰੋਸ ਪੱਤਰ ਦੇਣਾ ਚਾਹੁੰਦੇ ਸਨ ਪਰ ਭਾਰਤੀ ਕੌਂਸਲਰ ਨੇ ਉਹ ਰੋਸ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਸਕਿਓਰਟੀ ਵਾਲਿਆਂ ਨੇ ਮੁਜ਼ਾਹਰਾਕਾਰੀਆਂ ਨੂੰ ਦੱਸਿਆ ਕਿ ਅੰਬੈਸੀ ਵਾਲੇ ਨਾ ਤਾਂ ਤੁਹਾਨੂੰ ਮਿਲ ਸਕਦੇ ਹਨ ਤੇ ਨਾ ਹੀ ਤੁਹਾਡਾ ਰੋਸ ਪੱਤਰ ਲੈਣ ਆਉਣਗੇ। ਭਾਵੇਂ ਕਿ ਪਹਿਲਾਂ ਹਰ ਸਾਲ ਅੰਬੈਸੀ ਵਾਲੇ ਆਪ ਆ ਕੇ ਰੋਸ ਪੱਤਰ ਲੈ ਜਾਂਦੇ ਹਨ ਜਾਂ ਫਿਰ ਮੁਜ਼ਾਹਰੇ ਕਰਨ ਆਏ ਕੁਝ ਆਗੂਆਂ ਨੂੰ ਬੁਲਾ ਲਿਆ ਜਾਂਦਾ ਸੀ।
Related Topics: Sikh Diaspora, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)