ਵਿਦੇਸ਼

ਅਮਰੀਕੀ ਚੈਨਲ ਉੱਤੇ ਦਰਬਾਰ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਤੋਂ ਸਿੱਖਾਂ ਵਿਚ ਰੋਹ

January 21, 2012 | By

ਨਿਊਯਾਰਕ, ਅਮਰੀਕਾ (20 ਜਨਵਰੀ, 2012 – ਸਿੱਖ ਸਿਆਸਤ) ਅਮਰੀਕਾ ਦੇ ਟੀ. ਵੀ. ਚੈਨਲ ਐਨ. ਬੀ. ਸੀ. ਉੱਤੇ ਪ੍ਰਸਾਰਤ ਕੀਤੇ ਗਏ ਇਕ ਪ੍ਰੋਗਰਾਮ ਦੌਰਾਨ ਜੇਅ ਲੇਨੋ ਨਾਮੀ ਵਿਅਕਤੀ ਵੱਲੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਉੱਤੇ ਵਿਦੇਸ਼ੀ ਰਹਿੰਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸਿੱਖ ਸਿਆਸਤ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਐ. ਬੀ. ਸੀ. ਉੱਤੇ 19 ਜਨਵਰੀ, 2012 ਨੂੰ ਪ੍ਰਸਾਰਤ ਹੋਏ ਇਕ ਪ੍ਰੋਗਰਾਮ ਵਿਚ ਜੇਅ ਲੇਨੋ ਤੇ ਉਸ ਦੇ ਸਾਥੀਆਂ ਨੇ ਮਜਾਕੀਆਂ ਤੇ ਭੱਦੇ ਲਹਿਜੇ ਵਿਚ ਸ਼੍ਰੀ ਦਰਬਾਰ ਸਾਹਿਬ ਨੂੰ ਅਮਰੀਕੀ ਵਪਾਰੀ ਤੇ ਸਿਆਸਤਦਾਨ ਮਿੱਟ ਰੋਮਨੇ ਦਾ ਗਰਮੀਆਂ ਦਾ ਛੁੱਟੀਆਂ ਮਨਾਉਣ ਵਾਲਾ ਮਹਿਲ ਦੱਸਿਆ। ਦਰਬਾਰ ਸਾਹਿਬ ਦੇ ਨਿਆਰੇ ਮਹੱਤਵ ਨੂੰ ਦੇਖਦੇ ਹੋਏ ਇਹ ਟਿੱਪਣੀ ਅਤਿ ਦਰਜੇ ਦੀ ਘਟੀਆ ਟਿੱਪਣੀ ਹੀ ਕਹੀ ਜਾ ਸਕਦੀ ਹੈ।

ਜਿਵੇਂ-ਜਿਵੇਂ ਇਹ ਗੱਲ ਅਮਰੀਕਾ ਦੇ ਸਿੱਖਾਂ ਵਿਚ ਫੈਲਣੀ ਸ਼ੁਰੂ ਹੋਈ ਹੈ ਓਵੇਂ-ਓਵੇਂ ਹੀ ਇਹ ਟਿੱਪਣੀ ਪ੍ਰਸਾਰਤ ਕਰਨ ਵਾਲੇ ਚੈਨਲ ਤੇ ਕਲਾਕਾਰ ਵਿਰੁੱਧ ਰੋਹ ਪੈਦਾ ਹੋਣਾ ਸ਼ੁਰੂ ਹੋ ਗਿਆ। ਹੁਣ ਜਦੋਂ ਇਹ ਖਬਰ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਣੀ ਸ਼ੁਰੂ ਹੋ ਚੁੱਕੀ ਹੈ ਤੇ ਚੈਨਲ ਵਿਰੁੱਧ ਰੋਹ ਵਧਦਾ ਜਾ ਰਿਹਾ ਹੈ। ਅਮਰੀਕਾ ਨਿਵਾਸੀ ਸਿੱਖ ਭਾਈ ਹਰਜੋਤ ਸਿੰਘ ਖਾਲਸਾ ਵੱਲੋਂ ਇਸ ਰੋਸ ਲਹਿਰ ਨੂੰ ਲਾਮਬੰਦ ਕਰਨ ਲਈ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ “ਬਾਈਕਾਟ ਜੇਅ ਲੇਨੋ” ਨਾਮੀ ਗਰੁੱਪ ਕਾਇਮ ਕੀਤਾ ਗਿਆ ਹੈ। ਮਹਿਜ 18 ਘੰਟਿਆਂ ਵਿਚ ਹੀ ਇਸ ਗਰੁੱਪ ਦੇ 900 ਤੋਂ ਵੱਧ ਮੈਂਬਰ ਬਣ ਚੁੱਕੇ ਹਨ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਇਸ ਗੁਰੱਪ ਵਿਚ ਮੈਂਬਰਾਂ ਨੂੰ ਮਸਲੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਐਨ. ਬੀ. ਸੀ. ਚੈਨਲ ਦੇ ਟੈਲੀਫੋਨ ਨੰਬਰ ਦਿੱਤੇ ਗਏ ਹਨ, ਜਿਥੇ ਲਗਾਤਾਰ ਫੋਨ ਕਰਕੇ ਸਿੱਖ ਆਪਣਾ ਰੋਹ ਚੈਨਲ ਦੇ ਪ੍ਰਬੰਧਕਾਂ ਤੱਕ ਪਹੁੰਚਾ ਹਰੇ ਹਨ।

ਭਾਈ ਹਰਜੋਤ ਸਿੰਘ ਖਾਲਸਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁਰੂ ਵਿਚ ਚੈਨਲ ਦੇ ਪ੍ਰਬੰਧਕ ਇਹ ਕਹਿ ਕੇ ਸਾਡੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਇਸਾਈ ਗਿਰਜਾਘਰਾਂ ਬਾਰੇ ਵੀ ਅਜਿਹੀਆਂ ਟਿੱਪਣੀਆਂ ਕਰਦੇ ਰਹੇ ਹਨ, ਪਰ ਹੁਣ ਜਦੋਂ ਹੋਰ ਵੱਧ ਸਿੱਖਾਂ ਨੇ ਆਪਣਾ ਰੋਹ ਚੈਨਲ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਹੁਣ ਪ੍ਰਬੰਧਕਾਂ ਨੂੰ ਮਸਲੇ ਦੀ ਗੰਭੀਰਤਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਚੈਨਲ ਦੀ ਇਕ ਕਾਰਕੁੰਨ ਨੇ ਇਕ ਸਿੱਖ ਸਿਕਾਇਤਕਰਤਾ ਨੂੰ ਕਿਹਾ ਕਿ ਲਗਦਾ ਹੈ ਕਿ ਸਾਡੇ ਕੋਲੋਂ ਕੋਈ ਭਾਰੀ ਗਲਤੀ ਹੋ ਗਈ ਹੈ।

ਇਸ ਮਸਲੇ ਉੱਤੇ ਉੱਠ ਰਹੇ ਰੋਹ ਨੂੰ ਲਾਮਬੱਧ ਕਰਨ ਵਿਚ ਪੰਜਾਬੀ ਰੇਡੀਓ ਯੂ. ਐਸ. ਏ. ਵੱਲੋਂ ਵੀ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: