ਖਾਸ ਲੇਖੇ/ਰਿਪੋਰਟਾਂ

ਵੱਡੇ ਘੱਲੂਘਾਰੇ ਦੇ ਸਿੱਟੇ

February 9, 2022 | By

ਕੁੱਪ-ਰਹੀੜੇ ਤੇ ਕੁਤਬਾ-ਬਾਹਮਣੀਆਂ ਵਿਚਕਾਰ ਮੈਦਾਨ ਵਿਚ ਵਾਪਰੇ ਘੱਲੂਘਾਰੇ ਵਿੱਚ ਸ਼ਹੀਦ ਹੋਣ ਵਾਲ਼ਿਆਂ ਸਿੰਘਾਂ ਦਾ ਖੂਨ ਅਜਾਈਂ ਨਹੀਂ ਗਿਆ। ਇਹ ਡੁੱਲ੍ਹਿਆ ਖੂਨ ਆਪਣਾ ਰੰਗ ਲ਼ਿਆਇਆ, ਜਿਸ ਦੇ ਹੇਠ-ਲਿਖੇ ਇਤਿਹਾਸਕ ਸਿੱਟੇ ਨਿਕਲੇ

1. ਅਹਿਮਦ ਸ਼ਾਹ ਨੇ ਕੁੱਪ-ਰਹੀੜੇ ਦੇ ਖੁੱਲੇ ਮੈਦਾਨ ਵਿੱਚ ਸਿੱਖਾਂ ਨੂੰ ਸਫਾ-ਏ-ਹਸਤੀ ਤੋਂ ਹਮੇਸ਼ਾਂ ਲਈ ਮਿਟਾ ਦੇਣ ਦਾ ਬੜਾਂ ਯਤਨ ਕੀਤਾ ਸੀ, ਤਾਕਿ ਸਿੱਖਾਂ ਦਾ ਰੋੜਾ ਉਸ ਦੇ ਰਾਹ ਵਿੱਚੋਂ ਹਮੇਸ਼ਾ ਲਈ ਸਾਫ ਹੋ ਜਾਵੇ। ਪਰ ਜਿਸ ਨੂੰ ਰੱਬ ਰੱਖੇ ਉਸ ਨੂੰ ਕੋਣ ਮਾਰੇ।ਸਿੱਖ ਇਹ ਸੱਟ ਖਾ ਕੇ ਮਿਟੇ ਨਹੀਂ, ਸਗੋਂ ਦੂਣੇ-ਚੌਣੇ ਜੋਸ਼ ਤੇ ਰੋਹ ਨਾਲ ਉਭਰੇ ਤੇ ਸੰਗਠਿਤ ਹੋ ਕੇ ਇਕ ਐਸੀ ਸ਼ਕਤੀ ਬਣ ਗਏ ਕਿ ਅਹਿਮਦ ਸ਼ਾਹ ਦੇ ਸਾਰੇ ਸੁਪਨੇ ਧਰੇ ਧਰਾਏ ਹੀ ਰਹਿ ਗਏ।

2. ਅਹਿਮਦ ਸ਼ਾਹ ਪੰਜਾਬ ਨੂੰ ਅਫਗਾਨਿਸਤਾਨ ਦਾ ਇਕ ਸੂਬਾ ਬਣਾਉਣਾ ਚਾਹੁੰਦਾ ਸੀ। ਪਰ ਸਿੰਘਾਂ ਉਸ ਦੀ ਇਹ ਵਿਉਂਤ ਸਿਰੇ ਨਾ ਚੜ੍ਹਨ ਦਿੱਤੀ।

3. ਘੱਲੂਘਾਰੇ ਨੇ ਸਿੱਖਾਂ ਨੂੰ ਐਸਾ ਉਭਾਰਿਆ ਕਿ ਉਸੇ ਸਾਲ ਦੀ ਦੀਵਾਲੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਹਿਮਦ ਸ਼ਾਹ ਨੂੰ ਇਕ ਤਕੜੀ ਹਾਰ ਦਿੱਤੀ ਤੇ ਥਾਇ ਤੇ ਬਦਲਾ ਲੈ ਲਿਆ।ਉਸ ਦੇ ਅਨੁਸਾਰੀਆਂ ਭੀਖਣ ਖਾਂ ਮਲੇਰਕੋਟਲੀਏ ਤੇ ਜੈਨ ਖਾਂ ਸੂਬੇਦਾਰ ਸਰਹੰਦ ਵਰਗਿਆਂ ਤੋਂ ਗਿਣ-ਗਿਣ ਕੇ ਬਦਲੇ ਲਏ।

4. ਇਸ ਸਾਕੇ ਨੇ ਸਿੰਘਾਂ ਵਿੱਚ ਐਸੀ ਸ਼ਕਤੀ ਪੈਦਾ ਕੀਤੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਅਜਿੱਤ ਹੋਣ ਦੇ ਹਊਏ ਦਾ ਭਾਂਡਾ ਦੁਆਬਾ ਬਿਸਤ-ਦੁਆਬ ਵਿਚ ਚੂਰ-ਚੂਰ ਹੁੰਦਾ ਇਸ ਦੁਨੀਆਂ ਨੇ ਵੇਖਿਆ। ਉਸਦਾ ਡਰ ਤੇ ਰੋਹਬ ਹਿੰਦੁਸਤਾਨੀਆਂ ਦੇ ਦਿਲਾਂ ਵਿਚੋਂ ਹਮੇਸ਼ਾ ਲਈ ਕੱਢ ਦਿੱਤਾ।

5. ਮੁਗਲ ਤੁ ਦੁਰਾਨੀ ਹਕੂਮਤ ਸਦਾ ਲਈ ਖਤਮ ਹੋ ਗਈ। ਦਿੱਲੀ ਤੇ ਲਾਹੌਰ ਦੀਆਂ ਹਕੂਮਤਾਂ ਨੇ ਇਕ ਪੁੜ ਬਣ ਕੇ, ਦੂਜਾ ਪੁੜ ਅਹਿਮਦ ਸ਼ਾਹ ਦੀ ਤਾਕਤ ਤੇ ਹਕੂਮਤ ਦਾ ਬਣ ਕੇ, ਸਿੱਖਾਂ ਨੂੰ ਵਿਚਕਾਰ ਲੈ ਕੇ ਪੀਸ ਦੇਣਾ ਚਾਹਿਆ, ਪਰ ਸਿੰਘ ਅੱਗੋਂ ਫੌਲਾਦ ਸਾਬਤ ਹੋਏ। ਸਗੋਂ ਦੋਹਾਂ ਪੁੜਾਂ ਨੂੰ ਭੰਨ-ਤੋੜ ਕੇ, ਆਪਣੇ ਰਾਜ ਦੀ ਬੁਨਿਆਦ ਵਿੱਚ ਸੁੱਟ ਕੇ, ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ।

6. ਘੱਲ਼ੂਘਾਰੇ ਨੇ ਸਾਰੀ ਕੌਮ ਨੂੰ ਸ਼ਸਤਰਧਾਰੀ ਬਣਾ ਦਿੱਤਾ, ਜਿਸ ਨੇ ਸਾਰੇ ਪੰਜਾਬ ਅਤੇ ਪੰਜਾਬੋਂ ਬਾਹਰ ਦੂਰ ਦੂਰ ਤਕ ਆਪਣਾ ਅਧਿਕਾਰ ਜਮਾ ਲਿਆ।

7. ਘੱਲੂਘਾਰੇ ਵਿੱਚ ਸ਼ਹੀਦਾਂ ਦੇ ਡੁੱਲ੍ਹੇ ਖੂਨ ਨੇ ਕੌਮ ਨੂੰ ਉਭਾਰ ਕੇ ਏਨਾ ਬਲਵਾਨ ਤੇ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਪੱਛਮ ਵੱਲੋਂ ਹਮਲਿਆਂ ਦਾ ਸਦੀਆਂ ਤੋਂ ਬੱਝਾ ਹੋਇਆ ਤਾਂਤਾ ਏਕਾ-ਏਕ ਰੋਕ ਦਿੱਤਾ। ਹਰ ਸਾਲ ਸਿਆਲ ਵਿੱਚ ਖੈਬਰ ਵੱਲੋਂ ਪਠਾਣ ਉਤਰਦੇ ਤੇ ਪੰਜਾਬ ਵਿੱਚ ਦੂਰ-ਦੂਰ ਤਕ ਲੁੱਟ-ਮਾਰ ਕਰਦੇ, ਡੰਗਰ-ਵੱਛਾ ਵੱਢ ਕੇ ਖਾਂਦੇ, ਘਰ ਤੇ ਫ਼ਸਲਾਂ ਉਜਾੜ ਜਾਂਦੇ, ਮੁੰਡੇ ਕੁੜੀਆਂ ਬੰਦੀ ਬਣਾ ਕੇ ਲੈ ਜਾਂਦੇ। ਸਿੰਘਾਂ ਐਸਾ ਮੂੰਹ ਭੰਨ ਕੇ ਠੱਲ੍ਹਾ ਪਾਇਆ ਕਿ ਮੁੜ ਕੇ ਹਿੰਦੁਸਤਾਨ ਵੱਲ ਮੈਲੀ ਅੱਖ ਨਾਲ ਵੇਖਣੋਂ ਵੀ ਝਿਜਕਣ ਲੱਗੇ। 1947 ਤਕ ਵਿਚ ਫਿਰ ਕੋਈ ਮਾਈ ਦਾ ਲਾਲ ਇੰਜ ਹਿੰਦੁਸਤਾਨ ਦੀ ਬੇਪਤੀ ਕਰਨ ਲਈ ਖੈਬਰ ਵਿਚਦੀ ਥੱਲੇ ਨਹੀਂ ਉਤਰ ਸਕਿਆ।

8. ਅਹਿਮਦ ਸ਼ਾਹ ਦੇ ਅਨੁਸਾਰੀ ਨਜੀਬ ਦੇ ਇਲਾਕੇ ਤੇ ਜੋ ਗੰਗ-ਦੁਆਬ ਵਿਚ ਸੀ, ਸਿੰਘਾਂ ਦਿਆਂ ਹੱਲ਼ਿਆ ਨਾਲ ਕਹਿਰ ਟੁੱਟਦਾ ਰਿਹਾ।

9. ਸਰਹਿੰਦ ਸ਼ਹਿਰ ਜੋ ਬਾਬਾ ਬੰਦਾ ਸਿੰਘ ਦੇ ਵੇਲੇ ਕਿਸੇ ਕਾਰਨ ਤਬਾਹ ਹੋਣੋਂ ਬਚ ਗਿਆ ਸੀ, ਘੱਲੂਘਾਰੇ ਪਿੱਛੋਂ ਬੁਰੀ ਤਰ੍ਹਾਂ ਮਲੀਆਮੇਟ ਕੀਤਾ ਗਿਆ। ਉਸ ਉੱਤੇ ਖੋਤਿਆਂ ਨਾਲ ਹਲ ਚਲਾਏ ਗਏ।

10. ਇਸ ਘੱਲੂਘਾਰੇ ਨੇ ਸਿੱਖ ਰਾਜ ਦੀ ਸਥਾਪਤੀ ਲਈ ਰਸਤਾ ਸਾਫ ਕਰ ਦਿੱਤਾ।

** ਕਿਤਾਬ – ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ ਵਿੱਚੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।