ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਵਿਜੇ ਸਾਂਪਲਾ ਭਾਜਪਾ ਪੰਜਾਬ ਦੇ ਪ੍ਰਧਾਨ ਬਣੇ

April 10, 2016 | By

ਵਿਜੇ ਸਾਂਪਲਾ

ਵਿਜੇ ਸਾਂਪਲਾ

ਚੰਡੀਗੜ੍ਹ: ਦੋਆਬੇ ਦੇ ਦਲਿਤ ਆਗੂ ਤੇ ਕੇਂਦਰੀ ਰਾਜ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪ੍ਰਧਾਨਗੀ ਲਈ ਅੰਤਿਮ ਸਮੇਂ ਸ੍ਰੀ ਸਾਂਪਲਾ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦਾ ਨਾਂ ਵਿਚਾਰ ਅਧੀਨ ਸੀ। ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਦਲਿਤ ਨੇਤਾ ਦੀ ਇਸ ਅਹੁਦੇ ਲਈ ਚੋਣ ਕੀਤੀ ਹੈ। ਉਨ੍ਹਾਂ ਨੂੰ ਕਮਲ ਸ਼ਰਮਾ ਦੀ ਥਾਂ ਲਾਇਆ ਗਿਆ ਹੈ।

ਰਾਜਸੀ ਮਾਹਿਰਾਂ ਅਨੁਸਾਰ ਭਾਜਪਾ ਦੇ ਨਵੇਂ ਸੂਬਾਈ ਪ੍ਰਧਾਨ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅੰਦਰੂਨੀ ਖਹਿਬਾਜ਼ੀ ਕਾਰਨ ਭਗਵਾ ਪਾਰਟੀ ਫੁੱਟ ਦਾ ਸ਼ਿਕਾਰ ਹੈ ਅਤੇ ਹੇਠਲੇ ਪੱਧਰ ’ਤੇ ਵਰਕਰਾਂ ’ਚ ਬਹੁਤ ਜ਼ਿਆਦਾ ਨਿਰਾਸ਼ਾ ਹੈ। ਭਾਜਪਾ ਕੇਡਰ ਦੇ ਹੇਠਲੇ ਪੱਧਰ ’ਤੇ ਅਕਾਲੀਆਂ ਨਾਲ ਵੀ ਸਿੰਗ ਫਸੇ ਹਨ। ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵੀ ਸਿਰ ’ਤੇ ਹਨ। ਪਿਛਲੇ 9 ਸਾਲਾਂ ਤੋਂ ਸੱਤਾ ’ਚ ਹੋਣ ਦੇ ਬਾਵਜੂਦ ਸਿਆਸੀ ਫਰੰਟ ’ਤੇ ਇਸ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਨਹੀਂ ਮੰਨੀ ਜਾਂਦੀ। ਇਸ ਕਰਕੇ ਵਿਧਾਨ ਸਭਾ ਚੋਣਾਂ ’ਚ ਵੱਕਾਰ ਬਹਾਲੀ ਲਈ ਨਵੇਂ ਪ੍ਰਧਾਨ ਨੂੰ ਬਹੁਤ ਮਿਹਨਤ ਕਰਨੀ ਪਵੇਗੀ।

ਸ੍ਰੀ ਸਾਂਪਲਾ ਨੂੰ ਭਾਂਵੇ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ ਪਰ ਉਹ ਕੇਂਦਰੀ ਰਾਜ ਮੰਤਰੀ ਦੇ ਅਹੁਦੇ ’ਤੇ ਵੀ ਕਾਇਮ ਰਹਿਣਗੇ ਹਾਲਾਂਕਿ ਭਾਜਪਾ ਅੰਦਰ ਇੱਕ ਵਿਅਕਤੀ ਇੱਕ ਅਹੁਦੇ ਦਾ ਸਿਧਾਂਤ ਹੈ ਪਰ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਵਿਸ਼ੇਸ਼ ਹਾਲਾਤ ਵਿੱਚ ਛੋਟ ਵੀ ਦਿੱਤੀ ਜਾ ਸਕਦੀ ਹੈ। ਸ੍ਰੀ ਸਾਂਪਲਾ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਪਹਿਲੀ ਵਾਰੀ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਨੇ ਆਪਣਾ ਰਾਜਸੀ ਸਫ਼ਰ ਜਲੰਧਰ ਜ਼ਿਲ੍ਹੇ ਦੇ ਸੋਫ਼ੀ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਉਸ ਬਾਅਦ ਉਹ ਭਾਜਪਾ ਦੇ ਦਲਿਤ ਵਿੰਗ ਦੇ ਪ੍ਰਧਾਨ ਤੇ ਹੋਰ ਕਈ ਅਹੁਦਿਆਂ ’ਤੇ ਰਹੇ। ਭਾਜਪਾ ਵਿੱਚ ਉਹ ਇੱਕ ਅਜਿਹੇ ਆਗੂ ਵਜੋਂ ਸਥਾਪਤ ਹੋਏ, ਜਿਨ੍ਹਾਂ ਨੇ ਮਿਹਨਤ ਮਜ਼ਦੂਰੀ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਅਤੇ ਵੱਡੇ ਅਹੁਦੇ ਹਾਸਲ ਕੀਤੇ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਮਹਿਜ਼ 10 ਕੁ ਮਹੀਨੇ ਰਹਿ ਗਏ ਹਨ। ਇਸ ਸਰਹੱਦੀ ਸੂਬੇ ’ਚ ਸਾਰੀਆਂ ਰਾਜਸੀ ਧਿਰਾਂ ਵੱਲੋਂ ਦਲਿਤਾਂ ਨੂੰ ਰਿਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਨੇ ਵੀ ਇਸ ਨਿਯੁਕਤ ਨਾਲ ਦਲਿਤ ਪੱਤਾ ਖੇਡਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,