ਸਿਆਸੀ ਖਬਰਾਂ » ਸਿੱਖ ਖਬਰਾਂ

ਨਾਨਕਸ਼ਾਹੀ ਕੈਲੰਡਰ ਸਮੇਤ ਹੋਰ ਮਸਲਿਆਂ ‘ਚ ਪੰਥਕ ਧਿਰਾਂ ਦਾ ਸਹਿਯੋਗ ਲਵਾਂਗੇ: ਪ੍ਰੋ. ਬਡੂੰਗਰ

November 7, 2016 | By

ਪੰਥ ਦੀ ਮਾਣ ਮਰਿਆਦਾ ਮੁਤਾਬਿਕ ਫ਼ੈਸਲੇ ਲੈਣ ਦਾ ਵਾਅਦਾ

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਫੈ਼ਸਲੇ ਲਏ ਜਾਣਗੇ ਉਹ ਸਾਰੇ ਖਾਲਸਾ ਪੰਥ ਦੀ ਮਾਣ ਮਰਿਆਦਾ ਮੁਤਾਬਕ ਹੋਣਗੇ। ਉਹ ਕੱਲ੍ਹ ਗੁਰਦੁਆਰਾ ਦੂਖ ਨਿਵਾਰਨ ਵਿੱਚ ਸ਼ੁਕਰਾਨੇ ਵਜੋਂ ਮੱਥਾ ਟੇਕਣ ਆਏ ਸਨ।

bandugar-sgpc-member

ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਵਿਖੇ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ

ਪ੍ਰਧਾਨ ਬਣਨ ਮਗਰੋਂ ਪਲੇਠੀ ਪ੍ਰੈੱਸ ਕਾਨਫਰੰਸ ਦੌਰਾਨ ਪਿਛਲੇ ਸਾਲ ਚੱਬਾ ਵਿਖੇ ਚੁਣੇ ਗਏ ਜਥੇਦਾਰਾਂ ਨੂੰ ਮਾਨਤਾ ਦੇਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘ਉਹ ਵੀ ਸਾਡੇ ਹੀ ਭਰਾ ਹਨ।’ ਸ਼੍ਰੋਮਣੀ ਕਮੇਟੀ ਅਜਿਹੇ ਮੱਤਭੇਦ ਵਾਲੀਆਂ ਸਾਰੀਆਂ ਪੰਥਕ ਧਿਰਾਂ ਦਾ ਸਹਿਯੋਗ ਲਵੇਗੀ ਅਤੇ ਪੰਥ ਨੂੰ ਇਕਜੁੱਟ ਰੱਖਣ ਲਈ ਹਰ ਵਾਹ ਲਾਏਗੀ। 10 ਨਵੰਬਰ 2016 ਨੂੰ ਸੱਦੇ ਗਏ ‘ਸਰਬੱਤ ਖਾਲਸਾ’ ਬਾਰੇ ਉਨ੍ਹਾਂ ਕਿਹਾ, ‘ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਕੇ ਪੰਥ ਦੇ ਵੱਡਮੁਲੇ ਭਲੇ ਦੀ ਗੱਲ ਕੀਤੀ ਜਾਵੇ।’ ਉਨ੍ਹਾਂ ਇਹ ਵੀ ਕਿਹਾ ਕਿ ਬਤੌਰ ਸ਼ੋ੍ਮਣੀ ਕਮੇਟੀ ਪ੍ਰਧਾਨ ਉਨ੍ਹਾਂ ਅੱਗੇ ਕੁਝ ਚੁਣੌਤੀਆਂ ਵੀ ਹਨ, ਜਿਨ੍ਹਾਂ ਦੇ ਹੱਲ ਲਈ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ।

ਉਨ੍ਹਾਂ ਸਵੀਕਾਰ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਹਿਮ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਮਸਲੇ ਸੰਗਤ ਦੇ ਸਹਿਯੋਗ ਨਾਲ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ‘ਚ ਅਕਾਲੀ ਦਲ ਵੱਡੇ ਬਹੁਮੱਤ ‘ਚ ਹੈ ਅਤੇ ਅਜਿਹੇ ‘ਚ ਅਕਾਲੀ ਦਲ ਦਾ ਸਹਿਯੋਗ ਅਹਿਮ ਰਹੇਗਾ। ਨਾਨਕਸ਼ਾਹੀ ਕੈਲੰਡਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਮੀਖਿਆ ਦੀ ਲੋੜ ਸਮਝੀ ਗਈ ਤਾਂ ਕੋਈ ਹਰਜ਼ ਵੀ ਨਹੀਂ ਹੈ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੋ. ਬੰਡੂਗਰ ਦਾ ਸਨਮਾਨ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,