ਲੇਖ » ਸਿੱਖ ਖਬਰਾਂ

ਸਾਖੀ ਕਿਉਂ ਜ਼ਰੂਰੀ ਹੈ ?

August 22, 2022 | By

‘ਸਾਖੀ’ ਨੂੰ ਸਾਡੇ ਲਈ ਕਿਉਂ ਸੁਣਨਾ, ਪੜ੍ਹਨਾ ਤੇ ਜਾਣਨਾ ਜਰੂਰੀ ਹੈ, ਕਿਉਂਕਿ ਇਹ ਸਿੱਖ ਇਤਿਹਾਸ ਲਿਖਣ ਦੀ ਪੁਰਾਤਨ ਰਿਵਾਇਤ ਹੈ, ਜੋ ਚਿਰਾਂ ਤੋਂ ਪੀੜ੍ਹੀ ਦਰ ਪੀੜ੍ਹੀ ਸਾਡੇ ਹਿਰਦਿਆਂ ਵਿਚ ਵੱਸੀ ਹੋਈ ਹੈ। ਸਾਖੀ ਸਹਿਜ ਵਿਚ ਚਲਦੀ ਹੋਈ ਸਾਡੇ ਮਨ-ਮਸਤਕ ‘ਤੇ ਪ੍ਰਭਾਵੀ ਹੁੰਦੀ ਹੈ, ਜਿਸ ਵਿਚ ਇਕੋ ਸਮੇਂ ਇਤਿਹਾਸ, ਗੁਰ-ਗਿਆਨ ਅਤੇ ਸਿਧਾਂਤ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਸਾਖੀ ਦੀ ਬੋਲੀ ਬਹੁਤ ਪਿਆਰ ਵਾਲੀ, ਅਨੰਦਮਈ ਤੇ ਰਸਦਾਇਕ ਹੁੰਦੀ ਹੈ। ਸਾਖੀ ਸੱਚ ਦੀ ਗਵਾਹੀ ਹੁੰਦੀ ਹੈ, ਜੋ ਸ਼ਰਧਾਲੂਆਂ ਦੇ ਅੰਤਰੀਵ ਤੱਕ ਚਿਰਾਂ ਤਾਈਂ ਪਹੁੰਚ ਕਰਦੀ ਹੈ। ਸਾਖੀ ਦੀ ਰੂਹਾਨੀਅਤ ਭਰੀ ਉਡਾਰੀ ਸਹਿਜੇ ਹੀ ਦੈਵੀ ਸਰੂਪ ਦੀ ਵਿਸ਼ਾਲਤਾ ਪ੍ਰਗਟ ਕਰ ਜਾਂਦੀ ਹੈ। ਸਾਖੀ ਇਕ ਸਿੱਖ ਲਈ ਜੀਵਨ ਨਿਰਬਾਹ ਹੈ, ਹਿਰਦਿਆਂ ਦੀ ਅਨੰਦਤਾ, ਨਿਰਭਉ ਅਤੇ ਨਿਰਵੈਰਤਾ ਹੈ। ਸਾਖੀ ਇਕ ਸਿੱਖ ਦੀ ਸ਼ਖ਼ਸੀਅਤ ਉਸਾਰੀ ਦਾ ਅੰਗ ਹੈ, ਸਾਖੀ ਸਾਡੀਆਂ ਕੁਲਾਂ ਲਈ ਮਹਿਫੂਜ਼ ਧਰਾਤਲ ਹੈ, ਜੋ ਹਮੇਸ਼ਾ ਸਾਜਗਾਰ ਭਲਕ ਦੀ ਮਾਰਗ ਦਰਸ਼ਕ ਹੈ। ਅੱਜ ਲੋੜ ਹੈ ਕਿ ਆਪਣੇ ਇਸ ਕੀਮਤੀ ਗਿਆਨ ਦੇ ਖਜ਼ਾਨੇ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਜ਼ਰੂਰ ਪਹੁੰਚਾਈਏ। ਘਰ ਦੇ ਹਰ ਵਡੇਰੇ ਦਾ ਫਰਜ਼ ਹੈ ਕਿ ਆਪਣਿਆਂ ਬੱਚਿਆਂ ਨੂੰ ਸਾਖੀ ਨਾਲ ਜੋੜਿਆ ਜਾਵੇ। ਇਸ ਬਾਬਤ ਗੁਰੂ ਨਾਨਕ ਸਾਹਿਬ ਜੀ ਦੀ ਪਾਂਧੇ ਨਾਲ ਹੋਈ ਗੋਸਟਿ ਵਾਲੀ ਸਾਖੀ ਸਾਂਝੀ ਕਰ ਰਹੇ ਹਾਂ:

ਤਬ ਗੁਰੂ ਨਾਨਕ ਜੀ ਇਕ ਦਿਨ ਪੜ੍ਹਿਆ, ਅਗਲੇ ਦਿਨ ਚੁੱਪ ਕਰ ਰਹਿਆ ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ ‘ਨਾਨਕ’! ਤੂੰ ਪੜ੍ਹਦਾ ਕਿਉਂ ਨਹੀਂ? ਤਬ ਗੁਰੂ ਨਾਨਕ ਕਹਿਆ: ‘ਪਾਂਧਾ’ ਤੂੰ ਕੁਛ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ? ਤਬ ਪਾਂਧੇ ਕਹਿਆ ‘ਮੈਂ ਸਭੋ ਕਿਛ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸ਼ਾਸਤਰ ਪੜ੍ਹਿਆ ਹਾਂ, ਜਮ੍ਹਾਂ ਖਰਚ, ਰੋਜ਼ ਨਾਵਾ, ਖਾਤਾ, ਲੇਖਾ, ਮੈਂ ਸਭ ਕਿਛ ਪੜ੍ਹਿਆ ਹਾਂ’। ਤਬ ਬਾਬੇ ਕਹਿਆ: ‘ਪਾਂਧਾ ਇਨੀ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹ ਜੋ ਪੜ੍ਹਨਾ ਹੈ ਸਭ ਬਾਦ ਹੈ ਤਬ ਗੁਰੂ ਨਾਨਕ ਇਕ ਸਬਦ ਉਠਾਇਆ:

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥
ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰ ਕੀਤੋਸ, ਜੋ ਕੋਈ ਪੂਰਾ ਹੈ, ਜੋ ਤੇਰੇ ਆਤਮੈ ਆਉਂਦੀ ਹੈ, ਸੋ ਕਰ। ਤਬ ਗੁਰੂ ਬਾਬਾ ਜੀ ਘਰਿ ਆਏਕਿ ਬੈਠ ਰਹਿਆ। ਬੋਲੋ ਵਾਹਿਗੁਰੂ।
(ਪੁਰਾਤਨ ਜਨਮਸਾਖੀ)
ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ, ਸ੍ਰੀ ਅੰਮ੍ਰਿਤਸਰ ਸਾਹਿਬ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,