ਖੇਤੀਬਾੜੀ

ਜਮੀਨ ਦਾ ਠੇਕਾ ਆਏ ਸਾਲ ਕਿਉਂ ਵੱਧ ਰਿਹਾ ਹੈ ?

November 29, 2023 | By

ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਪੰਜਾਬ ਦੇ ਵਿਚ ਮੁੱਖ ਤੌਰ ਤੇ ਕਣਕ ਤੇ ਝੋਨੇ ਦਾ ਦੋ – ਫ਼ਸਲੀ ਚੱਕਰ ਅਪਣਾਇਆ ਗਿਆ ਹੈ। ਇੱਕ ਮੋਟਾ ਜਿਹਾ ਅੰਦਾਜ਼ਾ ਲਗਾਈਏ ਤਾਂ ਇੱਕ ਕਿੱਲੇ ਵਿੱਚੋਂ ਤਕਰੀਬਨ 28 ਤੋਂ 35 ਕੁਇੰਟਲ ਝੋਨਾ ਅਤੇ 18 ਤੋਂ 25 ਕੁਇੰਟਲ ਕਣਕ ਨਿਕਲਦੀ ਹੈ। ਜਿਸ ਤੋਂ ਕਿਸਾਨ ਨੂੰ ਤਕਰੀਬਨ ਇਕ ਲੱਖ ਦੀ ਆਮਦਨ ਹੁੰਦੀ ਹੈ। ਫਸਲ ਅਤੇ ਠੇਕੇ ਦਾ ਖਰਚਾ ਕੱਢ ਦਈਏ ਤਾਂ ਵਾਹੀ ਕਰਨ ਵਾਲੇ ਕਿਸਾਨ ਦੀ ਆਮਦਨ ਨਾ – ਮਾਤਰ ਰਹਿ ਜਾਂਦੀ ਹੈ। ਪਰ ਫਿਰ ਵੀ ਇਹ ਦੇਖਣ ਵਿੱਚ ਆਉਂਦਾ ਹੈ ਕਿ ਜ਼ਮੀਨ ਦੇ ਠੇਕੇ ਦੀ ਰਕਮ ਆਏ ਸਾਲ ਵੱਧ ਰਹੀ ਹੈ।

ਇੱਥੇ ਸਵਾਲ ਉਠਦਾ ਹੈ ਕਿ ਜੇਕਰ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ ਤਾਂ ਲੋਕ ਖੇਤੀ ਕਿਉਂ ਕਰ ਰਹੇ ਹਨ ਅਤੇ ਜਮੀਨ ਦਾ ਠੇਕਾ ਆਏ ਸਾਲ ਕਿਉਂ ਵੱਧ ਰਿਹਾ ਹੈ ?

ਇਸ ਬਾਬਤ ਕੁਝ ਤੱਥ ਵਿਚਾਰੇ ਜਾ ਸਕਦੇ ਹਨ-
੧. ਮੌਜੂਦਾ ਸਮੇਂ ਵਿੱਚ ਵੱਡੇ ਅਤੇ ਛੋਟੇ ਕਿਸਾਨ ਦਾ ਰਹਿਣ-ਸਹਿਣ ਇੱਕੋ ਜਿਹਾ ਹੋ ਗਿਆ ਹੈ। ਉਕਤ ਰਹਿਣ – ਸਹਿਣ ਨੂੰ ਬਰਕਰਾਰ ਰੱਖਣ ਲਈ ਛੋਟੇ ਕਿਸਾਨ ਦੇ ਖਰਚੇ ਬਹੁਤ ਵੱਧ ਗਏ ਹਨ। ਇਸ ਕਰਕੇ ਉਹ ਖੇਤੀਬਾੜੀ ਨੂੰ ਛੱਡ ਕੇ ਕਿਸੇ ਹੋਰ ਧੰਦੇ ਵਿੱਚ ਆਪਣਾ ਹੁਨਰ ਅਜਮਾਉਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ। ਇਸ ਤੋਂ ਇਲਾਵਾ ਵਧੇਰੇ ਕਿਸਾਨ ਖੇਤੀਬਾੜੀ ਵਿੱਚ ਵੀ ਕੋਈ ਨਵਾਂ ਢੰਗ ਤਰੀਕਾ ਅਪਣਾਉਣ ਤੋਂ ਬਚਦੇ ਰਹਿੰਦੇ ਹਨ। ਕਿਉਂਕਿ ਉਨਾਂ ਦੀ ਮਾੜੀ ਆਰਥਿਕ ਹਾਲਤ ਉਹਨਾਂ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦੀ।

੨. ਘੱਟ ਜਮੀਨ ਵਾਲੇ ਜਾਂ ਬੇਜ਼ਮੀਨੇ ਲੋਕ ਹੀ ਵਧੇਰੇ ਠੇਕੇ ਉੱਤੇ ਜਮੀਨ ਲੈ ਕੇ ਖੇਤੀ ਕਰਦੇ ਹਨ। ਪਿਤਾ ਪੁਰਖੀ ਧੰਦਾ ਹੋਣ ਕਰਕੇ ਉਹਨਾਂ ਨੂੰ ਖੇਤੀ ਕਰਨੀ ਵਧੇਰੇ ਸੌਖੀ ਅਤੇ ਮਾਣ ਵਾਲੀ ਗੱਲ ਲੱਗਦੀ ਹੈ। ਮੌਜੂਦਾ ਸਮੇਂ ਵਿੱਚ ਜਿਆਦਾ ਕਰਕੇ ਖੇਤੀ ਹੀ ਇੱਕ ਇਹੋ ਜਿਹਾ ਵਿਰਾਸਤੀ ਧੰਦਾ ਬਚ ਗਿਆ ਹੈ ਜਿਸ ਨੂੰ ਲੋਕਾਂ ਨੇ ਚਾਹੇ ਅਤੇ ਅਣਚਾਹੇ ਮਨ ਨਾਲ ਅਪਣਾਇਆ ਹੋਇਆ ਹੈ।

੩. ਵੱਧ ਜ਼ਮੀਨ ਉੱਤੇ ਵਾਹੀ ਕਰਨ ਨਾਲ ਇੱਕ ਪੈਸੇ ਦਾ ਚੱਕਰ ਬਣਿਆ ਰਹਿੰਦਾ ਹੈ ਜਿਸ ਕਰਕੇ ਕਿਸਾਨ ਨੂੰ ਲੱਗਦਾ ਹੈ ਕਿ ਉਸਦੀ ਆਈ ਚਲਾਈ ਚੱਲੀ ਜਾਂਦੀ ਹੈ ਭਾਵੇਂ ਕਿ ਉਸਦੇ ਖੱਟਣ ਲਈ ਕੁਝ ਖਾਸ ਨਹੀਂ ਬਚਦਾ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਖੇਤੀ ਦੀ ਜ਼ਮੀਨ ਉੱਤੇ ਕਰਜ਼ਾ ਲੈਣ ਦਾ ਰੁਝਾਨ ਬਹੁਤ ਵੱਧ ਗਿਆ ਹੈ। ਵਧੇਰੇ ਕਰਕੇ ਇਹ ਕਰਜ਼ਾ ਖੇਤੀ ਦੇ ਕੰਮਾਂ ਵਾਸਤੇ ਲਿਆ ਜਾਂਦਾ ਹੈ ਪਰ ਇਸ ਦੀ ਵਰਤੋ ਖੇਤੀ ਨੂੰ ਛੱਡ ਕੇ ਘਰ ਦੇ ਹੋਰ ਖਰਚਿਆਂ ਵਾਸਤੇ ਕਰ ਲਈ ਜਾਂਦੀ ਹੈ । ਸੋ ਵੱਧ ਜ਼ਮੀਨ ਤੇ ਖੇਤੀ ਕਰਨ ਨਾਲ ਪੈਸੇ ਦੇ ਆਉਣ ਜਾਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ।

੪. ਛੇ ਮਹੀਨਿਆਂ ਬਾਅਦ ਖੇਤੀ ਦੀ ਇਕੱਠੀ ਆਮਦਨ ਕਿਸਾਨ ਦੀ ਮਾਨਸਿਕਤਾ ਨੂੰ ਹੁਲਾਰਾ ਦਿੰਦੀ ਹੈ। ਨਵੀਆਂ ਬੀਜਾਂ ਤਕਨੀਕਾਂ ਅਤੇ ਦਵਾਈਆਂ ਦੇ ਨਾਲ ਹਰ ਸਾਲ ਉਤਪਾਦਨ ਵੱਧਦਾ ਜਾ ਰਿਹਾ ਹੈ ਅਤੇ ਸਿੱਟੇ ਵਜੋਂ ਆਮਦਨ ਵੀ ਵੱਧ ਰਹੀ ਹੈ । ਪਰ ਫਸਲ ਉੱਤੇ ਹੋਣ ਵਾਲਾ ਖਰਚ ਵੀ ਵੱਧ ਰਿਹਾ ਹੈ ਜਿਸ ਨਾਲ ਬਚਤ ਘਟ ਰਹੀ ਹੈ। ਆਮਦਨ ਮਿਲਣ ਸਮੇਂ ਉਹ ਸਹਿਜੇ ਹੀ ਖਰਚਿਆਂ ਨੂੰ ਅਣਦੇਖਾ ਕਰਕੇ ਅੱਗੇ ਪੈਰ ਪੱਟਦਾ ਹੈ।

੫. ਪਿੰਡਾਂ ਵਿਚ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਜਿਆਦਾ ਹੁੰਦੀ ਹੈ ਅਤੇ ਠੇਕੇ ਉਤੇ ਲੈਣ ਲਈ ਓਹਨਾ ਵਿਚ ਆਪਸੀ ਮੁਕਾਬਲਾ ਦੇਖਿਆ ਜਾਂਦਾ ਹੈ ਜਿਸ ਕਰਕੇ ਠੇਕੇ ਦੀ ਰਕਮ ਵੱਧ ਜਾਂਦੀ ਹੈ। ਸੋ ਸੁਭਾਵਿਕ ਜਿਹੀ ਗੱਲ ਹੈ ਕਿ ਜਮੀਨ ਦੇ ਜੋ ਠੇਕੇ ਦੀ ਰਕਮ ਇੱਕ ਵਾਰੀ ਵਧ ਗਈ ਉਸ ਦਾ ਘੱਟਣਾ ਮੁਸ਼ਕਿਲ ਹੁੰਦਾ ਹੈ।

੬. ਪੰਜਾਬ ਦੇ ਸੱਭਿਆਚਾਰ ਦੇ ਵਿੱਚ ਖੇਤੀਬਾੜੀ ਦੇ ਵੱਡੇ ਸੰਦਾਂ ਟਰੈਕਟਰ ਅਤੇ ਹੋਰ ਵੱਡੀਆਂ ਮਸ਼ੀਨਾਂ ਖਰੀਦਣ ਨੂੰ ਇਕ ਵੱਡੀ ਕਿਸਾਨੀ ਦਾ ਸੂਚਕ ਮੰਨਿਆ ਜਾਂਦਾ ਹੈ । ਫਿਰ ਏਡਾ ਢਾਂਚਾ ਸਥਾਪਿਤ ਕਰਨ ਤੋਂ ਬਾਅਦ ਖੇਤੀ ਕਰਨਾ ਲਾਜ਼ਮੀ ਬਣ ਜਾਂਦਾ ਹੈ।

੭. ਠੇਕੇ ਉੱਤੇ ਜਮੀਨਾਂ ਦੇਣ ਵਾਲੇ ਵੀ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਹਨ ਅਤੇ ਓਹਨਾ ਦਾ ਲਾਲਚ ਵੀ ਠੇਕੇ ਦੀ ਰਕਮ ਵਧਣ ਦਾ ਕਾਰਨ ਬਣਦਾ ਹੈ।

ਪੰਜਾਬ ਦੀ ਕਿਸਾਨੀ ਪੰਜਾਬ ਦੀ ਆਰਥਿਕਤਾ ਅਤੇ ਸੱਭਿਆਚਾਰ ਦੀ ਰੀੜ ਦੀ ਹੱਡੀ ਹੈ। ਇਸ ਦੀਆਂ ਸਮੱਸਿਆਵਾਂ ਨੂੰ ਸਮਝਣ, ਵਿਚਾਰਨ ਅਤੇ ਯੋਗ ਹੱਲ ਲੱਭਣਾ ਸਮੇਂ ਦੀ ਲੋੜ ਬਣ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,