ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਸਾਕਾ ਬਲੈਕ ਹੋਲ-2 ਦੀ ਗਵਾਹ ਹੈ ਢਾਹੀ ਜਾਣ ਵਾਲ਼ੀ ਇਹ ਸਰਾਂ; 50 ਜਣੇ ਸਰਾਂ ਦੇ ਇੱਕ ਕਮਰੇ ਤਾੜ ਕੇ ਮਾਰੇ ਸੀ ਫੌਜ ਨੇ

August 3, 2021 | By

ਕੱਲਕੱਤੇ ਦੇ ਫੋਰਟ ਵਿਲੀਅਮ ਕਿਲੇ ਚ 1756 ਨੂੰ ਇੱਕ ਅਜਿਹੀ ਘਟਨਾ ਵਾਪਰੀ ਜੀਹਦੀ ਦੁਨੀਆਂ ਦੇ ਜੰਗੀ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਸੀ ਲੱਭਦੀ।146 ਅੰਗਰੇਜ਼ ਜੰਗੀ ਕੈਦੀਆਂ ਨਾਲ ਜੋ ਸਲੂਕ ਬੰਗਾਲ ਦੇ ਨਵਾਬ ਸਿਰਾਜਉੱਲ ਦੌਲਾ ਦੀ ਫੌਜ ਨੇ ਕੀਤਾ ਸੀ ਉਹਨੂੰ ਅੰਗਰੇਜ਼ੀ ਇਤਿਹਾਸ ਵਿੱਚ “ਬਲੈਕ ਹੋਲ” ਦਾ ਨਾਂ ਦਿੱਤਾ ਗਿਆ ਹੈ।ਦੁਨੀਆਂ ਭਰ ਚ ਇਸ ਵਾਅਕੇ ਦੀ ਨਿੰਦਿਆ ਕੀਤੀ ਗਈ।ਬਰਤਾਨਵੀ ਜੰਗੀ ਇਤਿਹਾਸ ਨਾਲ ਮਾੜਾ ਮੋਟਾ ਵੀ ਵਾਸਤਾ ਰੱਖਣ ਵਾਲਾ ਹਰੇਕ ਸ਼ਖਸ ਬਲੈਕ ਹੋਲ ਤੋਂ ਵਾਕਫ਼ ਹੈ।ਪਰ ਸਿੱਖ ਇਤਿਹਾਸ ਦੀ ਸਿਤਮ ਜਰੀਫੀ ਹੈ ਕਿ ਫੋਰਟ ਵਿਲੀਅਮ ਵਾਲੀ ਘਟਨਾ ਨਾਲ ਹੂ ਬ ਹੂ ਮੇਲ ਖਾਂਦਾ ਸਾਕਾ ਗੁਰੂ ਰਾਮਦਾਸ ਸਰਾਂ ਵਿਚ ਵੀ ਵਾਪਰਿਆਂ ਸੀ 6 ਜੂਨ 1984 ਨੂੰ ਜੀਹਦਾ ਕੋਈ ਉੱਭਰਵਾਂ ਜ਼ਿਕਰ ਤੱਕ ਵੀ ਨਹੀਂ ਹੈ ਜੂਨ ਚੁਰਾਸੀ ਵਾਲੇ ਘੱਲੂਘਾਰੇ ਦੇ ਇਤਿਹਾਸ ਚ।ਕੱਲਕੱਤੇ ਦੇ ਫੋਰਟ ਵਿਲੀਅਮ ਚ ਇਹਦੀ ਯਾਦਗਾਰ ਵੀ ਬਣੀ ਹੋਈ ਹੈ ਪਰ ਗੁਰੂ ਰਾਮਦਾਸ ਸਰਾਂ ਚ ਇਹਦੇ ਨਾਂ ਅੱਡੀ ਕੋਈ ਤਖ਼ਤੀ ਵੀ ਨਹੀਂ ਲੱਭਦੀ।ਇਸ ਸਰਾਂ ਦੇ ਮਲੀਆਮੇਟ ਹੋਣ ਤੋਂ ਬਾਅਦ ਇੱਥੇ ਤਖ਼ਤੀ ਲੱਗਣ ਦੀ ਗੁੰਜਾਇਸ਼ ਵੀ ਖਤਮ ਹੋ ਜਾਣੀ ਹੈ।

ਸ੍ਰੀ ਗੁਰੂ ਰਾਮਦਾਸ ਜੀ ਨਿਵਾਸ (ਇੱਕ ਪੁਰਾਣੀ ਤਸਵੀਰ)

ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ ਪਰ ਇੱਕ ਘਟਨਾ ਜੋ ਕਿ ਫੋਰਟ ਵਿਲੀਅਮ ਕਿਲੇ ਦੇ ਬਲੈਕ ਹੋਲ ਵਾਲੇ ਵਾਅਕੇ ਨਾਲ ਮੇਲ ਖਾਂਦੀ ਹੈ ਉਹ ਅਜੇ ਤੱਕ ਕਿਸੇ ਲਿਖਤ ਵਿੱਚ ਸਾਹਮਣੇ ਨਹੀਂ ਆਈ। 1756 ਦੀ 20 ਜੂਨ ਨੂੰ ਵਾਪਰਿਆ ਇਹ ਸਾਕਾ ਅੰਗਰੇਜ਼ ਇਤਿਹਾਸ ਦਾ ਇੱਕ ਅਹਿਮ ਕਾਂਡ ਹੈ।

ਬੰਗਾਲ ਦੇ ਨਵਾਬ ਸਿਰਾਜਉਲ ਦੌਲਾ ਨੇ ਕਲਕੱਤੇ ਬੰਦਰਗਾਹ ਨੇੜੇ ਬਣੇ ਕਿਲੇ ਫੋਰਟ ਵਿਲੀਅਮ ਵਿੱਚ ਬੈਠੀ ਈਸਟ ਇੰਡੀਆ ਕੰਪਨੀ ਦੀ ਫੌਜ ਤੇ 50 ਹਜ਼ਾਰ ਦੀ ਕੁਮਕ ਨਾਲ ਹਮਲਾ ਕਰ ਦਿੱਤਾ। ਕੰਪਨੀ ਦੀ ਬਹੁਤੀ ਫੌਜ ਨੇ ਸਮੁੰਦਰ ਵਿੱਚ ਖੜੇ ਬੇੜੇ ਵਿੱਚ ਲੁੱਕ ਕੇ ਜਾਨ ਬਚਾਈ ਜਦਕਿ 170 ਅੰਗਰੇਜ਼ ਸਿਪਾਹੀ ਨਵਾਬੀ ਫੌਜ ਦੇ ਕਾਬੂ ਆ ਗਏ। ਇਹਨਾਂ ਵਿੱਚੋਂ 146 ਨੂੰ ਕਿਲੇ ਵਿੱਚ ਬਣੀ ਇੱਕ ਹਵਾਲਾਤ ਵਿੱਚ ਸ਼ਾਮ ਵੇਲੇ ਤਾੜ ਦਿੱਤਾ। ਇਹਨਾਂ ਵਿੱਚ 2 ਔਰਤਾਂ ਤੇ ਕੁਝ ਜ਼ਖ਼ਮੀ ਵੀ ਸਨ। 18 ਫੁੱਟ ਲੰਮੀ ਅਤੇ 14 ਫੁੱਟ ਚੌੜੀ ਇਸ ਹਵਾਲਾਤ ਵਿੱਚ ਸਿਰਫ਼ ਦੋ ਨਿੱਕੀਆਂ-ਨਿੱਕੀਆਂ ਖਿੜਕੀਆਂ ਸਨ। ਅੱਤ ਦੀ ਗਰਮੀ ਅਤੇ ਹੁੰਮਸ ਵਾਲੇ ਮਾਹੌਲ ਵਿੱਚ ਤੂੜੀ ਵਾਂਗ ਤੁੰਨੇ ਕੈਦੀਆਂ ਦਾ ਜਦੋਂ ਬੁਰਾ ਹਾਲ ਹੋਣ ਲੱਗਿਆ ਤਾਂ ਉਹਨਾਂ ਨੇ ਪਹਿਰੇਦਾਰਾਂ ਮੂਹਰੇ ਬਾਹਰ ਕੱਢਣ ਲਈ ਹਾੜੇ ਕੱਢੇ। ਪਰ ਪਹਿਰੇਦਾਰ, ਅੰਗਰੇਜ਼ਾਂ ਉੱਤੇ ਹੱਸਦੇ ਤੇ ਮਸ਼ਕਰੀਆਂ ਕਰਦੇ ਰਹੇ। ਦਿਨ ਚੜੇ ਜਦੋਂ ਹਵਾਲਾਤ ਦਾ ਬੂਹਾ ਖੋਲਿਆਂ ਤਾਂ ਇਹਨਾਂ ਵਿੱਚੋਂ 23 ਜਾਣੇ ਹੀ ਜਿਉਂਦੇ ਬਚੇ ਸੀ। ਦੁਨੀਆਂ ਦੇ ਇਤਿਹਾਸ ਵਿੱਚ ਇਸ ਘਟਨਾ ਨੂੰ ਹਿੰਦੋਸਤਾਨੀਆਂ ਦੀ ਕਮੀਨੀ ਹਰਕਤ ਵਜੋਂ ਭੰਡਿਆ ਗਿਆ ਹੈ ਜਦਕਿ ਹਿੰਦੋਸਤਾਨੀ ਇਤਿਹਾਸਕਾਰ ਇਹਤੋਂ ਸੰਗ ਮੰਨਦਿਆਂ ਇਸਨੂੰ ਹਰ ਪੱਖੋਂ ਛੋਟਾ ਪਾਉਣ ਦਾ ਯਤਨ ਕਰਦੇ ਰਹੇ ਅਤੇ ਉਹਨਾਂ ਨੇ ਨਵਾਬ ਨੂੰ ਬਰੀ ਕੀਤਾ ਹੈ ਜਦਕਿ ਬਹੁਤੇ ਹਿੰਦੋਸਤਾਨੀ ਇਤਿਹਾਸਕਾਰ ਤਾਂ ਇਸ ਸਾਕੇ ਤੋਂ ਉੱਕਾ ਹੀ ਮੁਕਰਨ ਵਾਲੀ ਹੱਦ ਤੱਕ ਜਾਂਦੇ ਹੋਏ ਇੱਥੋਂ ਤੱਕ ਆਖ ਗਏ ਨੇ ਅਜਿਹਾ ਸਾਕਾ ਵਾਪਰਿਆ ਹੀ ਨਹੀਂ। ਹਵਾਲਤ ਦੀ ਕੋਠੜੀ ਹਨੇਰੀ ਹੋਣ ਅਤੇ ਕਾਲੀ ਰਾਤ ਦਾ ਮੌਕਾ ਹੋਣ ਕਰਕੇ ਇਸਨੂੰ ਬਲੈਕ ਹੋਣ ਦਾ ਨਾਅ ਦਿੱਤਾ ਗਿਆ। ਕਿਸੇ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਨਾਲ ਅਜਿਹੇ ਕਾਇਰਤਾ ਵਾਲੇ ਜ਼ਾਲਮ ਸਲੂਕ ਦੀ ਮਿਸਾਲ ਇਸਤੋਂ ਵੱਧ ਦੁਨੀਆਂ ਦੇ ਜੰਗੀ ਇਤਿਹਾਸ ‘ਚ ਕਿਤੇ ਨਹੀਂ ਮਿਲਦੀ।

ਕਲਕੱਤੇ ਵਾਲੇ ਬਲੈਕ ਹੋਲ ਘਟਨਾ ਨਾਲ ਮਿਲਦੇ ਇੱਕ ਵਾਅਕੇ ਬਾਰੇ ਮੈਂ ਖੁਦ ਇੱਕ ਚਸ਼ਮਦੀਦ ਗਵਾਹ ਦੀ ਜੁਬਾਨੀ ਸੁਣਿਆ ਹੈ ਪਰ ਇਹ ਗੱਲ ਕਿਸੇ ਲਿਖਤ ਰਾਹੀਂ ਸਾਡੇ ਸਾਹਮਣੇ ਨਹੀਂ ਆਈ। ਇਹ ਗੱਲ ਬਲੂ ਸਟਾਰ ਸਾਕੇ ਮੌਕੇ ਭਾਰਤੀ ਫੌਜ ਦੇ ਸਰਾਵਾਂ ਵਾਲੇ ਪਾਸੇ ਕਬਜ਼ੇ ਮੌਕੇ ਦੀ ਹੈ। ਗੁਰੂ ਰਾਮਦਾਸ ਸਰਾਂ ਦੇ ਮੁੱਖ ਗੇਟ ਦੇ ਠੀਕ ਸੱਜੇ ਪਾਸੇ (ਗੁਰੂ ਨਾਨਕ ਨਿਵਾਸ ਵੱਲ) ਵਾਲੇ ਇੱਕ ਕਮਰੇ ਵਿੱਚ ਜਿੱਥੇ ਅੱਜ-ਕੱਲ ਡਿਸਪੈਂਸਰੀ ਬਣੀ ਹੋਈ ਹੈ ਲਗਭਗ 55-60 ਬੰਦੇ ਸਾਰੀ ਰਾਤ ਤਾੜੀ ਰੱਖੇ ਅਗਲੇ ਦਿਨ ਜਦੋਂ ਕਮਰਾ ਖੋਲਿਆ ਤਾਂ ਇਹਨਾਂ ਵਿੱਚੋਂ ਮਸਾਂ 4-5 ਬੰਦੇ ਜਿਉਂਦੇ ਬਚੇ। ਇਹਨਾਂ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ (ਸੇਵਾਦਾਰ) ਵੀ ਜਿਉਂਦਾ ਬਚਿਆ ਸੀ। ਇਸ ਬਿਰਧ ਸੇਵਾਦਾਰ ਮੁਲਾਜ਼ਮ ਦਾ ਮੈਨੂੰ ਨਾਅ ਨਹੀਂ ਪਤਾ ਪਰ ਉਹਨੇ ਉਸ ਕਮਰੇ ਵਿੱਲ ਇਸ਼ਾਰਾ ਕਰਕੇ ਵੀ ਦੱਸਿਆ ਸੀ ।ਇਹ ਗੱਲ ਨਵੰਬਰ 1984 ਦੀ ਹੈ ਜਿਸ ਦਿਨ ਜੇਲ ਵਿੱਚ ਬੰਦ ਗੁਰਚਰਨ ਸਿੰਘ ਟੌਹੜਾ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ । ਉਸ ਦਿਨ ਰਾਤ ਨੂੰ ਮੇਰਾ ਗੁਰੂ ਰਾਮਦਾਸ ਸਰਾਂ ਵਿੱਚ ਰਹਿਣ ਦਾ ਸਬੱਬ ਬਣਿਆ ਸੀ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮੇਰੀ ਚੰਗੀ ਜਾਣ-ਪਛਾਣ ਸੀ ਉਹਨਾ ਨੇ ਹੀ ਸਾਨੂੰ ਸਰਾਂ ਵਿੱਚ ਕਮਰਾ ਲੈ ਕੇ ਦਿੱਤਾ ਸੀ। ਸ਼ਾਇਦ ਸੇਖੋਂ ਸਾਹਿਬ ਵੀ ਸਾਡੇ ਕਮਰੇ ਵਿੱਚ ਜਾਂ ਨਾਲ ਦੇ ਕਮਰੇ ਵਿੱਚ ਠਹਿਰੇ ਸਨ। ਨਵੰਬਰ ਦਾ ਆਖਰੀ ਹਫਤਾ ਸੀ ਦਿਨ ਢਲੇ ਅਸੀਂ ਸੇਖੋ ਸਾਹਿਬ ਨਾਲ ਟਾਇਮ ਪਾਸ ਕਰਨ ਖ਼ਾਤਰ ਸਰਾਂ ਦੇ ਇੰਚਾਰਜ ਵਾਲੇ ਦਫ਼ਤਰ ਵਿੱਚ ਜਾ ਬੈਠੇ। ਉੱਥੇ ਡਿਊਟੀ ਤੇ ਹਾਜ਼ਰ ਉਸ ਬਜ਼ੁਰਗ ਸੇਵਾਦਾਰ ਨੇ ਸਾਨੂੰ ਦੱਸਿਆ ਕਿ ਵਿੱਚ ਫੌਜ ਨੇ ਸਣੇ ਮੈਨੂੰ ਇਸ ਕਰਮੇ ਵਿੱਚ ਸਾਰੀ ਰਾਤ ਤਾੜੀ ਰੱਖਿਆ ਸੀ। ਬਾਹਰੋਂ ਦਰਵਾਜ਼ੇ ਨੂੰ ਕੁੰਡਾ ਮਾਰ ਦਿੱਤਾ। ਫੌਜੀ ਸਾਡੇ ਵੱਲੋਂ ਦਰਵਾਜ਼ਾ ਖੜਕਾਉਣ ਤੇ ਫਾਇਰ ਦਾ ਬਰੱਸਟ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਗੱਲਾਂ ਕੱਢਦੇ ਸੀ। ਇਹ ਕਮਰਾ ਮਸਾਂ 12 ਫੁੱਟ ਲੰਮਾ ਅਤੇ 12 ਫੁੱਟ ਚੌੜਾ ਹੋਵੇਗਾ 55 ਬੰਦੇ ਇੱਕ ਇਹੋ ਜੇਹੀ ਕੋਠੜੀ ਵਿੱਚ ਬੰਦ ਸਨ ਜਿਹੜੀ ਚਾਰ ਚੁਫ਼ੇਰਿਓ ਬੰਦ ਸੀ। ਜੂਨ ਦੀ ਗਰਮੀ ਵਿੱਚ ਸਾਹ ਘੁਟਣ ਕਰਕੇ 4-5 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਮਾਰੇ ਗਏ। ਸੇਵਾਦਾਰ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਜੋ ਹੁਣ ਚੇਤੇ ਨਹੀਂ। ਉਦੋਂ ਮੇਰੀ ਉਮਰ 24 ਸਾਲ ਦੀ ਸੀ। ਉਦੋਂ ਇਹ ਨਹੀਂ ਸੀ ਚੱਜ ਕਿ ਸੇਵਾਦਾਰ ਦੀਆਂ ਸਾਰੀਆਂ ਗੱਲਾਂ ਨੋਟ ਕਰਾਂ ਅਤੇ ਉਹਦਾ ਨਾ ਪਤਾ ਵੀ ਲਿਖ ਲਵਾਂ। ਉਦੋਂ ਇਊਂ ਜਾਪਦਾ ਸੀ ਕਿ ਜਿੱਥੇ ਐਡਾ ਵੱਡਾ ਘੱਲੂਘਾਰਾ ਹੋਇਆ, ਤਾਂ ਇਹ ਵਾਅਕਾ ਉਸ ਵਿੱਚ ਇੱਕ ਛੋਟੀ ਘਟਨਾ ਹੀ ਹੈ। ਪਰ ਇੱਕ ਦਿਨ ਫੋਰਟ ਵਿਲੀਅਮ ਵਾਲੇ ਬਲੈਕ ਹੋਲ ਸਾਕੇ ਦੀ ਇਤਿਹਾਸਕ ਅਹਿਮੀਅਤ ਬਾਰੇ ਪੜਦਿਆਂ ਮੇਰੇ ਜਿਹਨ ਵਿੱਚ ਆਇਆ ਕਿ ਇਸਦੇ ਨਾਲ ਦਾ ਬਲੈਕ ਹੋਲ ਸਾਕਾ ਤਾਂ ਸਾਡੀ ਗੁਰੂ ਰਾਮਦਾਸ ਸਰਾਂ ਵਿੱਚ ਵੀ ਜੂਨ 1984 ਵੇਲੇ ਵਾਪਰਿਆ ਹੈ। ਇਸਦਾ ਸਾਕਾ ਬਲੂ ਸਟਾਰ ਦੇ ਇਤਿਹਾਸ ਵਿੱਚ ਜ਼ਿਕਰ ਨਾ ਹੋਣ ਦੀ ਹੈਰਾਨੀ ਵੀ ਹੋਈ।ਨਾਲੇ ਬਲੈਕ ਹੋਲ ਕਾਂਡ ਤਾਂ ਇੱਕ ਜੇਤੂ ਫੌਜ ਵੱਲੋਂ ਹਾਰੀ ਹੋਈ ਫੌਜ ਦੇ ਜਵਾਨਾਂ ਨਾਲ ਵਾਪਰਿਆ ਸੀ ਜੋ ਕਿ ਬਾਕਾਇਦਾ ਜੰਗੀ ਕੈਦੀ ਵੀ ਸਨ। ਪਰ ਗੁਰੂ ਰਾਮਦਾਸ ਸਰਾਂ ਵਾਲਾ ਕਾਂਡ ਭਾਰਤੀ ਫੌਜ ਵੱਲੋਂ ਆਪਣੇ ਹੀ ਮੁਲਕ ਦੇ ਸਿਵਲੀਅਨਾਂ ਨਾਲ ਵਰਤਾਇਆ ਗਿਆ ਸੀ ਜੋ ਲੜਾਕੂ ਵੀ ਨਹੀਂ ਸਨ।ਜਦੋਂ ਕਿਸੇ ਪਹਿਲੇ ਵਾਅਕੇ ਨਾਲ ਮਿਲਦਾ ਦੁਬਾਰਾ ਦੁਹਰਾਇਆ ਜਾਵੇ ਤਾਂ ਪਹਿਲੇ ਨੂੰ ‘1’ ਤੇ ਦੂਜੇ ਨੂੰ ‘2’ ਆਖਿਆ ਜਾਂਦਾ ਹੈ ਜਿਵੇਂ ਸੰਸਾਰ ਜੰਗ-1 ਤੇ ਸੰਸਾਰ ਜੰਗ-2. ਇਸ ਹਿਸਾਬ ਨਾਲ ਭਾਰਤੀ ਫੌਜ ਵੱਲੋਂ ਸਰਾਂ ਦੇ ਜੇਹੜੇ ਕਮਰੇ ਚ ਸਿੱਖਾਂ ਨੂੰ ਤਾੜ ਕੇ ਮਾਰਿਆ ਗਿਆ ਉਸ ਕਮਰੇ ਦਾ ਨੌਮਨਕਲੀਏਚਰ “ਬਲੈਕ ਹੋਲ-2” ਬਣਦਾ ਹੈ

ਜਿਵੇਂ ਭਾਰਤ ਸਰਕਾਰ ਦਾ ਪੱਖਪੂਰਨ ਵਾਲੇ ਲਿਖਾਰੀਆਂ ਨੇ ਬਲੂ ਸਟਾਰ ਮੌਕੇ ਫੌਜ ਵੱਲੋਂ ਕੀਤੇ ਜ਼ੁਲਮਾਂ ਨੂੰ ਛੋਟਾ ਕਰਨ ਜਾਂ ਫੌਜ ਨੂੰ ਉੱਕਾ ਹੀ ਬਰੀ ਕਰਨ ਤੇ ਜ਼ੌਰ ਲਾਇਆ ਹੈ ਉਵੇ ਹੀ 1756 ਈਸਵੀਂ ਵਾਲੀ ਬਲੇਕ ਹੋਲ ਘਟਨਾ ਨੂੰ ਛੋਟੀ ਕਰਨ ਅਤੇ ਨਵਾਬ ਨੂੰ ਬਰੀ ਕਰਨ ਲਈ ਬਹੁਤੇ ਇਤਿਹਾਸਕਾਰਾਂ ਨੇ ਜ਼ੋਰ ਲਾਇਆ ਹੈ। ਇੱਕ ਬੰਗਾਲੀ ਪ੍ਰੋਫੈਸਰ ਬਰਜੇਨ ਗੁਪਤਾ ਨੇ 1950 ਵਿਚੱ ਲਿਖਿਆ ਹੈ ਕਿ ਬਲੈਕ ਹੋਲ ਵਿੱਚ 146 ਨਹੀਂ ਬਲਕਿ ਕੇਵਲ 64 ਅੰਗਰੇਜ਼ ਸਿਪਾਹੀ ਸੀਗੇ ਜਿਹਨਾਂ ਵਿੱਚੋਂ 21 ਜਿਉਂਦੇ ਬਚ ਗਏ ਸੀ।ਇਸੇ ਤਰਾਂ ਇੱਕ ਹੋਰ ਬੰਗਾਲੀ ਇਤਿਹਾਸਕਾਰ ਪ੍ਰੋਫੈਸਰ ਮਜੂਮਦਾਰ ਨੇ ਕਿਹਾ ਕਿ 18 ਜਰਬ 14 ਫੁੱਟ ਵਾਲੇ ਕਮਰੇ ਵਿੱਚ 65 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਵਰਗੀਆਂ ਤਕਨੀਕੀ ਘੁਣਤਰਾਂ ਨਾਲ ਘਟਨਾ ਨੂੰ ਛੋਟੀ ਕਰਨ ਦਾ ਜਤਨ ਕੀਤਾ ਹੈ। ਇਸੇ ਤਰਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਜਿਹਾ ਕੋਈ ਵਾਅਕਾ ਹੋਇਆ ਹੀ ਨਹੀਂ ਜਦਕਿ ਕਈਆਂ ਨੇ ਇਸਨੂੰ ਝੂਠੀ ਘਟਨਾ ਕਹਿੰਦਿਆਂ ਇਹਨੂੰ ਇਤਿਹਾਸ ਦਾ ਇੱਕ ਘੋਟਾਲਾ ਕਰਾਰ ਦੇ ਦਿੱਤਾ ਹੈ।

ਸਰਾਂ ਵਾਲੇ ਇਸ ਵਾਅਕੇ ਦੇ ਇਤਿਹਾਸ ਦਾ ਕਿਤੇ ਉਭਰਵਾ ਜ਼ਿਕਰ ਨਾਂ ਹੋਣ ਕਰਕੇ ਭਲਕੇ ਇਸ ਭਾਣੇ ਦੇ ਵਾਪਰਨ ਤੇ ਹੀ ਸਵਾਲ ਖੜੇ ਹੋਣਗੇ।ਇਸ ਭਾਣੇ ਦੇ ਚਸ਼ਮਦੀਦ ਗਵਾਹ ਅਜੇ ਵੀ ਜਿਉਂਦੇ ਹੋ ਸਕਦੇ ਨੇ। ਇਸਨੂੰ ਸਾਹਮਣੇ ਲਿਆਉਣ ਵਿੱਚ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਲਾਜ਼ਮੀ ਹੈ। ਉਸ ਸੇਵਾਦਾਰ ਨੇ ਇਹ ਘਟਨਾ ਹੋਰ ਵੀ ਬਹੁਤ ਬੰਦਿਆਂ ਨੂੰ ਸੁਣਾਈ ਹੋਣੀ ਹੈ ਘੱਟੋ-ਘੱਟ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਅਜੇ ਵੀ ਨੌਕਰੀ ਤੇ ਹੋਣਗੇ ਜਿਹਨਾ ਨੇ ਇਸ ਘਟਨਾ ਬਾਰੇ ਸੁਣਿਆ ਹੋਵੇਗਾ। ਅਜਿਹੇ ਮੁਲਾਜ਼ਮ ਉਸ ਚਸ਼ਮਦੀਦ ਸੇਵਾਦਾਰ ਦਾ ਨਾਅ ਪਤਾ ਦੱਸ ਸਕਦੇ ਨੇ। ਜੇ ਉਹ ਸੇਵਾਦਾਰ ਠੀਕ-ਠਾਕ ਹੋਵੇ ਤਾਂ ਖੈਰ ਹੈ। ਨਹੀਂ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਸਾਰੇ ਹਾਲਾਤ ਦਾ ਪਤਾ ਕਰਨਾ ਚਾਹੀਦਾ ਹੈ। ਨਹੀਂ ਤਾਂ ਕੱਲ੍ਹ ਨੂੰ ਜੇ ਇਸ ਘਟਨਾ ਦਾ ਜ਼ਿਕਰ ਕਰੇਗਾ ਤਾਂ ਕੋਈ ਹੋਰ ਗੁਪਤਾ ਜਾਂ ਮਜ਼ੂਮਦਾਰ ਵਰਗਾ ਇਸ ਤੋਂ ਇਤਿਹਾਸ ਦਾ ਝੂਠ ਵਾਲਾ ਲੇਬਲ ਲਾਊਗਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਇਸ ਕਮਰੇ ਨੂੰ ਯਾਦਗਾਰ ਵੱਜੋਂ ਸੰਭਾਲਦੀ ਤੇ ਘੱਟੋ ਘੱਟ ਉੱਥੇ ਇੱਕ ਤਖਤੀ ਹੀ ਲਾਈ ਜਾਂਦੀ ਪਰ ਕਮੇਟੀ ਤਾਂ ਗੁਰੂ ਰਾਮਦਾਸ ਸਰਾਂ ਨੂੰ ਹੀ ਮਲੀਆ ਮੇਟ ਕਰਨ ਦੇ ਰਾਹ ਪਈ ਹੋਈ ਹੈ।ਸਰਾਂ ਦੇ ਅੰਦਰਲੇ ਵਿਹੜੇ ਦੀ ਡੂੰਘਿਆਈ ਖਤਮ ਕਰ ਕੇ ਸਰਾਂ ਦਾ ਹੁਲੀਆ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਹੁਣ ਪੰਥਕ ਹਲਕਿਆਂ ਨੂੰ ਚਾਹੀਦਾ ਹੈ ਕਿ ਗੁਰੂ ਰਾਮਦਾਸ ਸਰਾਂ ਜਿਥੇ ਜਲਿਆਂ ਵਾਲੇ ਬਾਗ ਵਰਗਾ ਸਾਕਾ ਭਾਰਤੀ ਫੌਜ ਨੇ ਵਰਤਾਇਆ ਹੈ ਉਹਨੂੰ ਜਲਿਆਂ ਵਾਲੇ ਬਾਗ ਵਾਂਗ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਉਣ।ਘੱਟੋ ਘੱਟ ਸ਼ਰੋਮਣੀ ਕਮੇਟੀ ਨੂੰ ਇਹ ਵੰਗਾਰ ਪਾਉਣ ਕਿ ਕੀ ਕਮੇਟੀ ਸਿਰਫ ਇਕ ਬਿਆਨ ਦੇ ਕੇ ਦਿਖਾ ਸਕਦੀ ਹੈ ਜੀਹਦੇ ਸਰਕਾਰ ਤੋਂ ਇਹ ਮੰਗ ਕੀਤੀ ਹੋਵੇ ਕਿ ਜਲਿਆਂ ਵਾਲੇ ਬਾਗ ਵਾਲੀ ਥਾਂ ਸਾਨੂੰ ਕਮਰੇ ਪਾਉਣ ਖ਼ਾਤਰ ਦੇ ਦਿਓ ਜੀਹਦੇ ਬਦਲੇ ਅਸੀਂ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹਾਂ।

  • ਇਹ ਲਿਖਤ ਮੂਲ ਰੂਪ ਵਿੱਚ ਰੋਜਾਨਾ ਪਹਿਰੇਦਾਰ ਅਖਬਾਰ 3 ਅਗਸਤ 2020 ਵਿੱਚ ਛਪੀ ਹੈ। ਇਹ ਲਿਖਤ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਛਾਪੀ ਜਾ ਰਹੀ ਹੈ। ਅਸੀਂ ਮੂਲ ਪ੍ਰਕਾਸ਼ਕ ਅਤੇ ਲੇਖਕ ਦੇ ਧੰਨਵਾਦੀ ਹਾਂ। ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ ਨਾਲ 08872664000 ਉੱਤੇ ਸੰਪਰਕ ਕੀਤਾ ਕਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: