December 12, 2017 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਰਤ ਦੇ ਹਿੰਦੂਤਵੀ ਅਤੇ ਫਿਰਕਾਪ੍ਰਸਤ ਮੀਡੀਏ ਵਿੱਚ ਸਿੱਖਾਂ ਨੂੰ ਹਰ ਹੀਲੇ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨ ਦੀ ਹੋੜ ਲੱਗੀ ਹੋਈ ਹੈ। ਇਸ ਵਲੋਂ ਹਿੰਦੂਤਵ ਦੀ ਫਿਰਕਾਪ੍ਰਸਤੀ ਵਾਲੀ ਭਗਤੀ ਕਰਦਿਆਂ-ਕਰਦਿਆਂ ਅਜਿਹੀਆਂ ਗੱਲਾਂ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਕੋਈ ਅਧਾਰ ਨਹੀਂ ਹੁੰਦਾ ਬਲਕਿ ਸੌ ਫੀਸਦੀ ਝੂਠੀਆਂ ਗੱਪਾਂ ਅਤੇ ਮਨਘੜਤ ਕਹਾਣੀਆਂ ਹੁੰਦੀਆਂ ਹਨ। ਜਿਹਨਾਂ ‘ਤੇ ਕੋਈ ਵੀ ਵਿਆਕਤੀ ਯਕੀਨ ਨਹੀਂ ਕਰ ਸਕਦਾ। ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਬੇਬੁਨਿਆਦ ਅਤੇ ਨਜਾਇਜ਼ ਗ੍ਰਿਫਤਾਰੀ ਨੂੰ ਸਹੀ ਠਹਿਰਾਉਣ ਲਈ ਇਹ ਪੱਖਪਾਤੀ ਮੀਡੀਆ ਆਏ ਦਿਨ ਨਵੀਂ ਕਹਾਣੀ ਘੜ੍ਹ ਰਿਹਾ ਹੈ।
ਅਜਿਹਾ ਦੁਨੀਆਂ ਭਰ ਵਿੱਚ ਭਾਰਤ ਦੀ ਹੋ ਰਹੀ ਬਦਨਾਮੀ ਨੂੰ ਰੋਕਣ ਅਤੇ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਬੁਲੰਦ ਹੋ ਚੁੱਕੀ ਲਹਿਰ ਨੂੰ ਪ੍ਰਭਾਵਹੀਣ ਬਣਾਉਣ ਲਈ ਭਾਰਤ ਦੀ ਕੇਂਦਰ ਅਤੇ ਪੰਜਾਬ ਸਰਕਾਰ, ਭਾਰਤ ਦੀਆਂ ਹਿੰਦੂਤਵੀ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਮਿਲੀਭੁਗਤ ਰਾਹੀਂ ਕੀਤਾ ਜਾ ਰਿਹਾ ਹੈ। ਯੁਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਇਸ ਸਭ ਦੀ ਸਖਤ ਨਿਖੇਧੀ ਕੀਤੀ ਗਈ ਹੈ। ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਸ ਸਿੱਖ ਵਿਰੋਧੀ ਝੂਠੇ ਅਤੇ ਬੇਤੁਕੇ ਪ੍ਰਚਾਰ ਦਾ ਮੁੱਢ ਬੰਨ੍ਹਣ ਲਈ ਮੁੱਖ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪਾਕਿਤਸਾਨ ਯਾਤਰਾ ‘ਤੇ ਗਏ ਬ੍ਰਿਟਿਸ਼ ਸਿੱਖ ਅਤੇ ਪੰਥਕ ਸੇਵਾਦਾਰ ਭਾਈ ਸਰਬਜੀਤ ਸਿੰਘ ਹੇਜ਼ (ਯੂ,ਕੇ) ਅਤੇ ਜਥੇਦਾਰ ਰੇਸ਼ਮ ਸਿੰਘ ਜਰਮਨੀ ਸਮੇਤ ਕੁਝ ਸਿੱਖਾਂ ਨੂੰ ਦਿਆਲ ਸਿੰਘ ਮਜੀਠੀਆ ਟਰੱਸਟ ਦੇ ਚੇਅਰਮੈਨ ਅਹਿਸਾਨ ਨਦੀਮ ਵਲੋਂ ਸਨਮਾਨਿਤ ਕੀਤਾ ਗਿਆ ਸੀ ਅਤੇ ਉਹਨਾਂ ਤਸਵੀਰਾਂ ਨੂੰ ਅਧਾਰ ਬਣਾ ਕੇ ਭਾਰਤੀ ਮੀਡੀਏ ਵਲੋਂ ਮਨਘੜਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਬੰਧਤ ਖ਼ਬਰ:
ਦਿਆਲ ਸਿੰਘ ਮਜੀਠੀਆ ਟਰੱਸਟ ਦੇ ਉਸ ਵੇਲੇ ਦੇ ਚੇਅਰਮੈਨ ਅਹਿਸਾਨ ਨਦੀਮ ਪਾਕਿਸਤਾਨ ਦਾ ਨਾਮਵਰ ਲੇਖਕ ਵੀ ਹੈ, ਜਿਸ ਨੇ ਛੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆ ਹਨ। ਭਾਰਤੀ ਮੀਡੀਏ ਵਲੋਂ ਉਸਨੂੰ ਖੂਫੀਆ ਏਜੰਸੀ ਆਈ.ਐੱਸ.ਆਈ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਯੁਨਾਇਟਿਡ ਖ਼ਾਲਸਾ ਦਲ ਦੇ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਪਾਕਿਸਤਾਨ ਸਮੇਤ ਦੁਨੀਆਂ ਦੇ ਹਰ ਦੇਸ਼ ਵਿੱਚ ਜਾਣ ਦਾ ਹੱਕ ਰੱਖਦੇ ਹਨ, ਇਸ ਵਾਸਤੇ ਸਾਨੂੰ ਭਾਰਤੀ ਨਿਜ਼ਾਮ ਜਾਂ ਭਾਰਤ ਸਰਕਾਰ ਦੇ ਜ਼ਰਖਰੀਦ ਫੀਲਿਆਂ ਤੋਂ ਕਿਸੇ ਕਿਸਮ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
Related Topics: Indian Media, Loveshinder Singh Dallewal, United Khalsa Dal U.K