January 29, 2019 | By ਸਿੱਖ ਸਿਆਸਤ ਬਿਊਰੋ
ਸੰਪਾਦਕ ਵਲੋਂ : ਫਰਵਰੀ 1986 ਨੂੰ ਵਾਪਰੇ ਨਕੋਦਰ ਸਾਕੇ ਦੀ 33 ਵੀਂ ਵਰ੍ਹੇਗੰਡ ਮੌਕੇ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਵਲੋਂ ਲਿਖਿਆ ਲੇਖ “ਜ਼ੁਲਮ ਅਤੇ ਅਨਿਆ ਦੀ ਰੱਤ-ਰੱਤੀ ਦਾਸਤਾਨ : ਸਾਕਾ ਨਕੋਦਰ” ਆਪਣੇ ਸਤਿਕਾਰਯੋਗ ਪਾਠਕਾਂ ਦੇ ਲਈ ਛਾਪ ਰਹੇ ਹਾਂ। ਧੰਨਵਾਦ…….
ਬਾਪੂ ਬਲਦੇਵ ਸਿੰਘ*
ਅੱਜ ਤੋਂ 33 ਸਾਲ ਪਹਿਲਾਂ 4 ਫਰਵਰੀ 1986 ਨੂੰ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆਂ ਬਲਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਚਾਰ ਨਿਹੱਥੇ ਗੁਰਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਚਾਰੇ ਨੌਜਵਾਨ:
ਭਾਈ ਰਵਿੰਦਰ ਸਿੰਘ ਲਿੱਤਰਾਂ,
ਭਾਈ ਬਲਧੀਰਸਿੰਘ ਰਾਮਗੜ੍ਹ,
ਭਾਈ ਝਲਮਣ ਸਿੰਘ ਗੋਰਸੀਆਂ,
ਭਾਈ ਹਰਮਿੰਦਰ ਸਿੰਘ ਚਲੂਪਰ
ਸਿੱਖ ਸੰਗਤ ਸਮੇਤ ਸ਼ਾਂਤਮਈ ਰੋਸ ਮਾਰਚ ਵਿਚ ਸ਼ਾਮਿਲ ਸਨ।ਇਹ ਇਕੱਤਰਤਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸੀ ।
ਇਸ ਘਟਨਾ ਦਾ ਮੁੱਢ 2 ਫਰਵਰੀ 1986 ਨੂੰ ਸ਼੍ਰੀ ਗੁਰੂ ਨਾਨਕ ਪੁਰਾ ਮੁਹੱਲਾ ਨਕੋਦਰ ਵਿਖੇ ਸਥਿਤ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰਦਵਾਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 5 ਪਾਵਨ ਸਰੂਪਾਂ ਨੂੰ ਸਿੱਖ ਪੰਥ ਵਿਰੋਧੀ ਅਨਸਰਾਂ ਵਲੋਂ ਅਗਨ ਭੇਂਟ ਕਰਨ ਤੋਂ ਬੱਝਿਆ। ਇਹ ਮੰਦਭਾਗੀ ਘਟਨਾ ਸਵੇਰ 9:30 ਵਜੇ ਦੇ ਕਰੀਬ ਵਾਪਰੀ। ਮਹਾਰਾਜ ਦੇ ਸਰੂਪ ਪ੍ਰਕਾਸ਼ ਅਸਥਾਨ ਤੇ ਸੁੱਖ ਆਸਨ ਅਸਥਾਨ ਦੋਨੋ ਜਗਾਹ ਅਗਨ ਭੇਂਟ ਹੋਏ ਮਿਲੇਸਨ ।
ਐੱਸ ਡੀ ਐੱਮ ਸੁਰਜੀਤ ਸਿੰਘ ਰਾਜਪੂਤ ਅਤੇ ਡੀ ਐੱਸ ਪੀ ਗੋਪਾਲ ਸਿੰਘ ਘੁੰਮਣ ਦੀ ਮੁਢਲੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਇੱਕ ਚਾਣ-ਚੱਕ ਵਾਪਰੀ ਘਟਨਾ ਨਹੀਂ ਸੀ। ਕਿਓੰਕੇ ਪ੍ਰਕਾਸ਼ ਅਸਥਾਨ ਤੇ ਸੁੱਖ ਆਸਨ ਅਸਥਾਨ ਵਿਚਲੀ ਜਗ੍ਹਾ ਵਿਚਲੀਆਂ ਦਰੀਆਂ ਨੂੰ ਅੱਗ ਨਹੀਂ ਲੱਗੀ ਸੀ, ਨਾ ਹੀ ਬਿਜਲੀ ਦਾ ਕੱਟ ਲੱਗਾ ਸੀ, ਨਾ ਬਿਜਲੀ ਦੀ ਤਾਰ ਕੱਟੀ ਸੀ, ਨਾ ਫਿਊਜ਼ ਉੱਡੇ ਸਨ, ਨਾ ਬਿਜਲੀ ਫੇਲ ਹੋਈ ਸੀ, ਕੋਈ ਮੋਮਬੱਤੀ ਜਾਂ ਅਗਰ-ਬੱਤੀ ਜਾਂ ਜੋਤ ਵੀ ਨਹੀਂ ਜਗਦੀ ਸੀ।
ਇਸ ਜਾਂਚ ਦੇ ਅਧਾਰ ਤੇ ਨਕੋਦਰ ਥਾਣੇ ਵਿੱਚ ਇਸ ਸੰਬੰਧੀ ਐੱਫ ਆਈ ਆਰ ਨੰਬਰ 50 ਉਸੇ ਸਵੇਰ ਦਰਜ਼ ਕਰ ਲਈ ਗਈ । ਰਿਪੋਰਟ ਦਰਜ਼ ਕਰਨ ਦੇ ਬਾਵਜੂਦ ਪੁਲਿਸ ਨੇ ਇਸ ਤੇ ਕੋਈ ਕਾਰਵਾਈ ਕਰਨੀ ਜਰੂਰੀ ਨਾਂ ਸਮਝੀ ਤਾਂ ਇਲਾਕੇ ਦੇ ਐੱਮ ਐੱਲ ਏ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਐੱਸ ਐੱਸ ਪੀ ਇਜ਼ਹਾਰ ਆਲਮ ਅਤੇ ਏ ਡੀ ਸੀ ਦਰਬਾਰਾ ਗੁਰੂ ਗੁਰਦਵਾਰਾ ਸਾਹਿਬ ਵਿਖੇ ਜਾਂਚ ਕਰਨ ਲਈ ਪਹੁੰਚਦੇ ਹਨ ਅਤੇ ਬਿਨਾ ਕਿਸੇ ਦੇ ਬਿਆਨ ਲਏ ਇਸ ਘਟਨਾ ਲਈ ਗੁਰੂ ਘਰ ਦੇ ਗ੍ਰੰਥੀ ਦੀ ਅਣਗਿਹਲੀ ਦੱਸ ਕੇ ਉਸ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੇ ਨੇ । ਇਸ ਕਾਰਨ ਸੰਗਤਾਂ ਰੋਸ ਵਿੱਚ ਆ ਜਾਂਦੀਆਂ ਹਨ ਅਤੇ ਇਲਾਕੇ ਦੀਆ ਸੰਗਤਾਂ ਨੂੰ ਅਗਲੀ ਸਵੇਰ ਗੁਰਦਵਾਰਾ ਸਾਹਿਬ ਆਉਣ ਲਈ ਬੇਨਤੀ ਕਰਦੀਆਂ ਹਨ।
ਉਸੇ ਸ਼ਾਮ ਰਣਜੀਤ ਸਿੰਘ ਭਿੰਡਰ ਡੀਐੱਸਪੀ ਇੰਟੈਲੀਜੇਂਸ ਬਿਓਰੋ , ਉਮਰਾਓ ਸਿੰਘ ਹਾਰਿਆ ਹੋਇਆ ਕਾਂਗਰਸੀ ਐੱਮ ਐੱਲ ਏ , ਰਮਾਂਕਾਂਤਜਲੋਟਾ ਸ਼ਿਵ ਸੈਨਾ ਸੂਬਾ ਪ੍ਰਧਾਨ, ਸ਼ਿਵ ਸੈਨਾ ਦੇ ਸਰਗਰਮ ਅਹੁਦੇਦਾਰ ਤੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਚੋਣ ਦਫਤਰ ਇੰਚਾਰਜ ਪੰਡਿਤ ਨੰਦੋ ਦੇ ਘਰੇ ਮਿਲਦੇ ਹਨ ਕਿਓਂ? ਕਾਂਗਰਸੀ ਉਮਰਾਓ ਸਿੰਘ ਦੀ ਅਕਾਲੀ ਦਲ ਦੇ ਬਲਵੰਤ ਸਿੰਘ ਖਜਾਨਾ ਮੰਤਰੀ ਦੇ ਧੜੇ ਨਾਲ ਸਾਂਝ ਹੈ ਜੋ ਕੇ ਐੱਮ ਐੱਲ ਏ ਵਡਾਲੇ ਦਾ ਵਿਰੋਧੀ ਧੜਾ ਹੈ।
3 ਫਰਵਰੀ 1986 ਨੂੰ ਨਕੋਦਰ ਸ਼ਹਿਰ ਦੀਆਂ ਕਚਿਹਰੀਆਂ, ਸਕੂਲ, ਕਾਲਜ, ਦੁਕਾਨਾਂ ਤੇ ਹੋਰ ਅਦਾਰੇ ਬੰਦ ਹੋ ਗਏ ਤੇ ਸੰਗਤਾਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਗੁਰੂ ਘਰ ਤੋਂ ਥਾਣੇ ਤੱਕ ਇੱਕ ਰੋਸ ਮਾਰਚ ਕੱਢਿਆ ਜਿਸ ਵਿੱਚ ਵਕੀਲਾਂ, ਵਿਦਿਆਰਥੀਆਂ, ਦੁਕਾਨਦਾਰਾਂ, ਬੀਬੀਆਂ, ਬੱਚਿਆਂ, ਬਜ਼ੁਰਗਾਂ, ਮਾਤਾਵਾਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਅਤੇ ਹਰ ਵਰਗ ਦੀਆਂ ਸੰਗਤਾਂ ਨੇ ਹਿੱਸਾ ਲਿਆ। ਮੰਗ ਇੱਕ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗਰਿਫਤਾਰ ਕਰੋ। ਐੱਸ ਐੱਸ ਪੀ ਇਜ਼ਹਾਰ ਆਲਮ ਨੇ ਦੋਸ਼ੀਆਂ ਨੂੰ ਫੜਨ ਤੋਂ ਇਨਕਾਰ ਕਰ ਦਿੱਤਾ । ਵਡਾਲਾ ਸਾਹਿਬ, ਬਾਬਾ ਜੋਗਿੰਦਰ ਸਿੰਘ, ਸਰਕਲ ਜਥੇਦਾਰਾਂ, ਇਥੋਂ ਤੱਕ ਮੌਕੇ ਦੇ ਐੱਸ ਡੀ ਐੱਮ ਦਾ ਸੁਝਾਅ ਵੀ ਨਾ ਮੰਨਿਆ, ਉਲਟਾ ਏ ਡੀਸੀ ਦਰਬਾਰਾ ਗੁਰੂ ਦੀ ਮੌਜੂਦਗੀ ਵਿੱਚ ਅਕਾਲੀ ਲੀਡਰਾਂ ਨੂੰ ਧਮਕੀ ਦਿੱਤੀ ਕਿ ਮੈਂ ਨੇੜਲੇ ਜਿਲਿਆਂ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਸ਼ਹਿਰ ਦੀ ਪੁਲਿਸ , ਸੀ ਆਰ ਪੀ, ਤੇ ਬੀ ਐਸ ਐਫ ਬੁਲਾਵਾਂਗਾ ਮੈਨੂੰ ਸਿੱਖ ਨੌਜਵਾਨਾਂ ਨਾਲ ਨਿਜਿੱਠਣਾ ਆਓਂਦਾ ਹੈ।ਇਹ ਸਭ ਸੁਣ ਕੇ ਲੀਡਰ ਸੰਗਤ ਨੂੰ ਅਗਲੀ ਸਵੇਰ ਫੇਰ ਗੁਰਦਵਾਰਾ ਸਾਹਿਬ ਵਿੱਚ ਇਕੱਤਰ ਹੋਣ ਲਈ ਅਪੀਲ ਕਰਕੇ ਚੰਡੀਗੜ੍ਹ ਮੁੱਖ ਮੰਤਰੀ ਤੇ ਅਕਾਲੀ ਸਰਕਾਰ ਤੱਕ ਪਹੁੰਚ ਕਰਨ ਚਲੇ ਗਏ।
ਫੈਡਰੇਸ਼ਨ ਨੇ ਵੀ ਨੇੜਲੇ ਕਾਲਜਾਂ ਵਿੱਚ ਸੁਨੇਹਾਂ ਭੇਜ ਕੇ ਮੈਂਬਰਾਂ ਨੂੰ ਅਗਲੀ ਸਵੇਰ ਨਕੋਦਰ ਆਉਣ ਦੀ ਅਪੀਲ ਕਰ ਦਿੱਤੀ। ਮੁੱਖ ਮੰਤਰੀ ਬਰਨਾਲੇ ਨੇ ਵਡਾਲਾ ਸਾਹਿਬ ਨੂੰ ਭਰੋਸਾ ਦਿੱਤਾ ਕਿ ਮੈਂ ਡੀ ਆਈ ਜੀ ਜਲੰਧਰ ਨੂੰ ਹਦਾਇਤ ਕਰ ਦਿੱਤੀ ਹੈ ਕਿ ਬੇਅਦਬੀ ਸੰਬੰਧੀ ਕੋਈ ਵੀ ਪੁਲਿਸ ਕਾਰਵਾਈ ਵਡਾਲਾ ਸਾਹਿਬ ਦੀ ਸਹਿਮਤੀਤੋਂਬਿਨਾ ਨਾਹੋਵੇ । ਸ਼ਾਮ ਨੂੰ ਸ਼ਹਿਰ ਵਿੱਚ ਦਫ਼ਾ 144 ਲਗਾ ਦਿੱਤੀ ਗਈ, ਜਿਸਦੀ ਪ੍ਰਵਾਹ ਨਾ ਕਰਦੀਆਂ ਸ਼ਿਵ ਸੈਨਿਕਾਂ ਨੇ ਤਿਰਸ਼ੂਲ, ਬਰਸ਼ੇ ਤੇ ਗੰਡਾਸੀਆਂ ਲੈ ਕੇ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਰਮਾਂਕਾਂਤ ਜਲੋਟਾ ਤੇ ਨਕੋਦਰ ਸ਼ਿਵ ਸੈਨਾ ਦੇ ਪ੍ਰਧਾਨ ਰਮੇਸ਼ ਕੁਮਾਰ “ਖਾਨ” ਦੀ ਅਗਵਾਈ ਹੇਠ ਨਕੋਦਰ ਸ਼ਹਿਰ ਵਿੱਚ ਜਲੂਸ ਕੱਢਿਆ ਅਤੇ ਭੜਕਾਊ ਨਾਹਰੇ “ਸ਼ਿਵ ਸ਼ਕਤੀ ਕਾਜਾ ਪੁਕਰੇਂਗੇ, ਆਪਣੀ ਰੱਖਿਆ ਆਪ ਕਰੇਂਗੇ” ਤੇ “5 ਪਰਸੈਂਟ ਨੂੰ ਦਿਆਂਗੇ ਮਾਰ, ਫੇਰ ਪਿੰਡਾਂ ਨੂੰ ਹੋਵਾਂਗੇ ਤਿਆਰ” ਲਗਾਏ ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ। ਦੇਰ ਰਾਤ ਨਕੋਦਰ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਪਰ ਨੇੜਲੇ ਪਿੰਡਾਂ ਵਿੱਚ ਇਸਦੀ ਜਾਣਕਾਰੀ ਨਾ ਦਿੱਤੀ ਗਈ।
4 ਫਰਵਰੀ 1986 ਨੂੰ ਸਿੱਖ ਸੰਗਤ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਮਿੱਥੇ ਪ੍ਰੋਗਰਾਮ ਅਨੁਸਾਰ ਨਕੋਦਰ ਸ਼ਹਿਰ ਵਿੱਚ ਇਕੱਤਰ ਹੋਣ ਲਈ ਪਹੁੰਚੇ। ਇਸ ਇਕੱਤਰਤਾ ਦਾ ਮੁੱਖ ਮਕਸਦ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਬਾਰੇ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਣ ਬਾਰੇ ਸੀ। ਪਰ ਜਦੋਂ ਕਰਫਿਊ ਲੱਗਣ ਦਾ ਪਤਾ ਲੱਗਿਆ ਤਾਂ ਸੰਗਤਾਂ ਸ਼ਹਿਰ ਦੇ ਬਾਹਰ ਸ਼ੇਰ ਪੁਰਵਾਲੇ ਪੁੱਲ ਤੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ । ਵਿਚਾਰ ਇਹ ਹੋਈ ਕਿ ਪੰਜ ਪਿਆਰੇ ਅਗਨ ਭੇਂਟ ਹੋਏ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਕਰਕੇ ਲੈ ਆਉਣ ਤਾਂ ਕਿ ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਲਿਜਾ ਕੇ ਪੂਰਨ ਮਰਿਆਦਾ ਸਹਿਤ ਜਲ ਪ੍ਰਵਾਹ ਕੀਤਾ ਜਾ ਸਕੇ। ਪਰ ਪੁਲਿਸ ਨੇ ਪੰਜ ਪਿਆਰਿਆਂ ਨੂੰ ਵੀ ਸ਼ਹਿਰ ਵਿੱਚ ਜਾਣ ਦੀ ਇਜ਼ਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮਹਿਤਪੁਰ ਵਾਲੇ ਪਾਸੇ ਤੋਂ ਇੱਕ ਨਿਹੰਗ ਸਿੰਘਾਂ ਦਾ ਜੱਥਾ ਜਦੋਂ ਨਕੋਦਰ ਸ਼ਹਿਰ ਦੀ ਹੱਦ ਤੇ ਪਹੁੰਚਾ ਤਾਂ ਉਨ੍ਹਾਂ ਨੂੰ ਕਰਫਿਊ ਲੱਗਣ ਦੀ ਜਾਣਕਾਰੀ ਮਿਲੀ। ਇਸ ਜੱਥੇ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਸਾਨੂੰ ਸ਼ੇਰਪੁਰ ਪੁੱਲ ਤੇ ਬੈਠੇ ਜੱਥੇ ਕੋਲ ਜਾਣ ਦੀ ਇਜ਼ਾਜ਼ਤ ਮੰਗੀ, ਪੁਲਿਸ ਅਫਸਰਾਂ ਨੇ ਜੱਥੇ ਨੂੰ ਸ਼ਹਿਰ ਦੇ ਬਾਹਰ ਬਾਹਰ ਬਾਈਪਾਸ ਭੇਜਣ ਦੀ ਬਜਾਏ ਕਰਫਿਊ ਲੱਗੇ ਸ਼ਹਿਰ ਦੇ ਵਿੱਚ ਦੀ ਜਾਣ ਦੀ ਆਗਿਆ ਦੇ ਦਿੱਤੀ ।ਜੱਥਾ ਜਦੋਂ ਸਬਜ਼ੀ ਮੰਡੀ ਕੋਲ ਦੀ ਲੰਘਣ ਲੱਗਾ ਤਾਂ ਸੀ ਆਰ ਪੀ ਦੇ ਪਹਿਰੇ ਵਿੱਚ ਘੁੰਮ ਰਹੇ ਸ਼ਿਵ ਸੈਨਿਕ ਨੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜੱਥੇ ਨੇ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਬਲਾਉਣੇ ਸ਼ੁਰੂ ਕਰ ਦਿੱਤੇ ਪੁਲਿਸ ਨੇ ਦਾਖ਼ਲ ਦੇ ਕੇ ਦੋਹਾਂ ਗਰੁੱਪਾਂ ਦਾ ਟਾਕਰਾ ਹੋਣਤੋਂ ਬਚਾ ਦਿੱਤਾ। ਜਦੋਂ ਇਹ ਜੱਥਾ ਸ਼ੇਰਪੁਰ ਪੁੱਲ ਤੇ ਪਹੁੰਚਾ ਤਾਂ ਸੰਗਤਾਂ ਨੂੰ ਪਤਾ ਲੱਗਾ ਕਿ ਸ਼ਹਿਰ ਵਿਚ ਕਰਫਿਊ ਦੇ ਬਾਵਜੂਦ ਸ਼ਿਵ ਸੈਨਿਕ ਖੁੱਲ੍ਹੇਆਮ ਘੁੰਮ ਰਹੇ ਹਨ ਤਾਂ ਸੰਗਤਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਸਿੱਖ ਸੰਗਤਾਂ ਨੂੰ ਵੀ ਪੁਰ ਅਮਨ ਵਾਹਿਗੁਰੂ ਦਾ ਜਾਪੁ ਕਰਦਿਆਂ ਗੁਰਦਵਾਰਾ ਸਾਹਿਬ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਪੁਲਿਸ ਨੇ ਸੰਗਤਾਂ ਨੂੰ ਇਹ ਇਜ਼ਾਜ਼ਤ ਦੇ ਦਿੱਤੀ।
ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਜੱਥਾ ਜਦੋਂ ਥੋੜੀ ਦੂਰੀ ਤੇ ਹੀ ਗਿਆ ਤਾਂ ਸੀ ਆਰ ਪੀ, ਬੀ ਐੱਸ ਐੱਫ, ਅਤੇ ਪੰਜਾਬ ਪੁਲੀਸ ਦੇ ਜਵਾਨਾਂ ਨੇ ਇਸ ਸ਼ਾਂਤਮਈ ਰੋਸ ਮਾਰਚ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪੁਲਿਸ ਦੀ ਬਿਨਾ ਕਿਸੇ ਚਿਤਾਵਨੀ ਦੇ ਕੀਤੀ ਇਸ ਅੰਨੇਵਾਹ ਗੋਲੀਬਾਰੀ ਕਾਰਨ ਪਹਿਲੀ ਸ਼ਹਾਦਤ ਪੰਜ ਪਿਆਰਿਆਂ ਵਿੱਚੋਂ ਇੱਕ ਸਿੰਘ ਭਾਈ ਰਵਿੰਦਰ ਸਿੰਘ ਲਿੱਤਰਾਂ ਦੀ ਮੌਕੇ ਤੀ ਹੀ ਮੌਤ ਹੋ ਗਈ । ਦੂਸਰੇ ਦੋ ਸ਼ਹੀਦ ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ- ਗੋਰਸੀਆਂ ਦੀ ਸ਼ਹਾਦਤ ਘਟਨਾ ਸਥਾਨ ਤੋਂ ਦੂਰ ਪਰੀਤੂ ਬਾਲਮੀਕੀ ਦੇ ਡੇਰੇ ਤੇ ਹੋਈ ਜਿੱਥੇ ਇਹ ਨੌਜਵਾਨ ਬਲਦਾਂ ਦੀ ਖੁੜਲੀ ਪਿੱਛੇ ਸਨ। ਇਸ ਗੋਲਬਾਰੀ ਵਿੱਚ ਬੇਜੁਬਾਨ ਬਲਦ ਵੀ ਮਾਰੇ ਗਏ। ਪਰ ਪੁਲਿਸ ਨੇ ਇੱਥੇ ਹੀ ਬੱਸ ਨਹੀਂ ਕੀਤੀ, ਘੋੜ ਸਵਾਰ ਪੁਲਿਸ ਵਲੋਂ 2 ਕਿਲੋਮੀਟਰ ਤੋਂ ਵੀ ਦੂਰ ਸ਼ੇਰਪੁਰ ਅਤੇ ਹੁਸੈਨਪੁਰ ਤੱਕ ਜਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਪੁਲਿਸ ਵਲੋਂ ਘਰਾਂ ਦੇ ਵਿੱਚ ਜਾ ਕੇ ਗੋਲੀਆਂ ਚਲਾਈਆਂ ਅਤੇ ਘਰਾਂ ਦੇ ਦਰਵਾਜੇ ਤੋੜ ਕੇ ਸਿੱਖ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੇ ਅਣਮਨੁੱਖੀ ਅਤਿਆਚਾਰ ਕੀਤਾ ਗਿਆ।
ਇਸ ਸਾਕੇ ਦੇ ਚੌਥੇ ਸ਼ਹੀਦ ਭਾਈ ਹਰਮਿੰਦਰ ਸਿੰਘ (ਕਨਵੀਨਰ ਸਿੱਖ ਸਟੂਡੈਂਟ ਫੈਡਰੇਸ਼ਨ ਖਾਲਸਾ ਕਾਲਜ ਜਲੰਧਰ) ਨੂੰ ਸਵਰਨ ਘੋਟਣੇ (ਐੱਸਪੀ) ਨੇ ਵਾਲਾਂ ਤੋਂ ਫੜਿਆ ਅਤੇ ਜਸਕੀਰਤ ਨਾਮ ਦੇ ਇੰਸਪੈਕਟਰ ਨੇ ਭਾਈ ਹਰਮਿੰਦਰ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ। ਉਸ ਸਮੇਂ ਭਾਈ ਹਰਮਿੰਦਰ ਸਿੰਘ ਲੱਕੜ ਦੇ ਆਰੇ ਦੇ ਅੰਦਰ ਨਿਹੱਥਾ ਬੈਠਾ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਦੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਭਾਈ ਹਰਮਿੰਦਰ ਸਿੰਘ ਚਲੂਪਰ ਦੀ ਸ਼ਹੀਦੀ ਨੂੰ ਪੁਲਿਸ ਵਲੋਂ ਕੀਤਾ ਨੰਗਾ ਚਿੱਟਾ ਕਤਲ ਦੱਸਿਆ ਹੈ।
5 ਫਰਵਰੀ 1986 ਨੂੰ ਉਸ ਸਮੇਂ ਸਥਿਤੀ ਹੋਰ ਵਿਗੜ ਗਈ ਜਦੋਂ ਫਾਇਰਿੰਗ ਵਿੱਚ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੀ ਅਸਲ ਪਹਿਚਾਣ ਹੋਣ ਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਵਲੋਂ ਇਨ੍ਹਾਂ ਸ਼ਹੀਦਾਂ ਦੇ ਸਰੀਰਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਰਾਰ ਦੇ ਕੇ ਆਪ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। ਮੌਕੇ ਦੇ ਐੱਸ ਡੀ ਐੱਮ ਨੇ ਆਪਣੇ ਬਿਆਨ ਵਿੱਚ ਕਿਹਾ ਕਿ 3 ਮਿਰਤਕ ਸਰੀਰਾਂ ਦੀ ਪਹਿਚਾਣ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਇੱਕ ਸ਼ਾਮ ਪਹਿਲਾਂ ਹੀ ਹੋ ਗਈ ਸੀ। 2 ਪੋਸਟਮਾਰਟਿਮ ਰਿਪੋਰਟਾਂ ਸਿੱਧ ਕਰਦੀਆਂ ਹਨ ਕਿ ਮਿਰਤਕ ਦੇਹਾਂ ਦੀ ਪਹਿਚਾਣ ਬਾਰੇ ਸਰਕਾਰੀ ਅਧਿਕਾਰੀਆਂ ਨੇਂ ਸਰਾਸਰ ਝੂਠ ਬੋਲਿਆ। ਪੋਸਟਮਾਰਟਿਮ ਦੀਆਂ ਰਿਪੋਰਟਾਂ ਤੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਹਨ। ਇੱਥੋਂ ਤੱਕ ਕਿ ਪੋਸਟਮਾਰਟਿਮ ਵੀ ਅੱਧੀ ਰਾਤ ਨੂੰ ਕੀਤੇ ਗਏ।
ਇਸ ਕਾਰਵਾਈ ਵਿਰੁੱਧ ਰੋਸ ਵਜੋਂ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ, ਸ਼੍ਰੀ ਕੇਸ਼ਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮੁਹਾਲੋਂ, ਤਿੰਨ ਅਕਾਲੀ ਵਿਧਾਇਕਾਂ ਸੁਰਜੀਤ ਸਿੰਘ ਮਿਨਹਾਸ, ਕੁਲਦੀਪ ਸਿੰਘ ਵਡਾਲਾ, ਤੇਸ: ਸੁਰਿੰਦਰਪਾਲ ਸਿੰਘ ਥੰਮਣ ਵਾਲ ਅਤੇ ਲੋਕਲ ਜਥੇਦਾਰਾਂ ਨੇ ਥਾਣਾ ਨਕੋਦਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਪੰਜਾਬ ਸਰਕਾਰ ਨੇ ਸੰਗਤਾਂ ਦੇ ਦਬਾਅ ਥੱਲੇ ਝੁਕਦਿਆਂ ਖਜਾਨਾਮੰਤਰੀ ਬਲਵੰਤ ਸਿਓੰ ਨੂੰ ਨਕੋਦਰ ਭੇਜਿਆ ਜਿਸ ਨੇ ਪੁਲਿਸ ਵਲੋਂ ਗਿਰਫ਼ਤਾਰ ਕੀਤੇ ਸਿੰਘਾਂ ਨੂੰ ਰਿਹਾ ਕਰਨ ਅਤੇ ਉਨ੍ਹਾਂ ਤੇ ਪਾਏ ਝੂਠੇ ਮੁਕੱਦਮੇ ਵਾਪਿਸ ਲਏ ਅਤੇ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ।
ਇਸ ਕਮਿਸ਼ਨ ਨੇ 2 ਫਰਵਰੀ ਤੋਂ 5 ਫਰਵਰੀ 1986 ਤੱਕ ਦੀਆਂ ਘਟਨਾਵਾਂ ਦੀ ਜਾਂਚ ਕਰਕੇ ਪੰਜਾਬ ਸਰਕਾਰ ਨੂੰ ਆਪਣੀ ਰਿਪੋਰਟ 31 ਅਕਤੂਬਰ 1986 ਨੂੰ ਸੌਂਪ ਦਿੱਤੀ ਸੀ।
ਪੰਜਾਬ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਵਲੋਂ ਕੀਤੀ ਅਦਾਲਤੀ ਜਾਂਚ ਅਜੇ ਤੱਕ ਵੀ ਜਨਤਕ ਨਹੀਂ ਕੀਤੀ। ਜਿਹੜੇ ਅਨਸਰਾਂ ਨੇ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਜਲਾਈਆਂ ਅਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਅਤੇ ਕਰ ਰਹੇ ਹਨ ਨੂੰ ਕੋਈ ਸਜਾ ਨਹੀਂ ਦਿੱਤੀ ਗਈ।
ਇਸ ਤੋਂ ਵੱਧ ਸ਼ਰਮ ਦੀ ਗੱਲ ਹੋ ਰਕੀ ਹੋ ਸਕਦੀ ਹੈ ਕਿ (ਅ)ਕਾਲੀ ਦਲ ਬਾਦਲ ਜੋ ਕੇ ਆਪਣੇ ਆਪ ਨੂੰ ਅਖੌਤੀ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ ਨੇ ਇਜ਼ਹਾਰ ਆਲਮ ਅਤੇ ਇਸਦੀ ਪਤਨੀ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ। ਇਹ ਓਹੀ ਡੀਜੀਪੀ ਇਜ਼ਹਾਰ ਆਲਮ ਹੈ ਜੋ ਕਿ ਇਸ ਸਾਕੇ ਲਈ ਸਿੱਧੇ ਤੋਰ ਤੇ ਜਿੰਮੇਵਾਰ ਹੈ। ਇਜ਼ਹਾਰ ਆਲਮ ਦੀ ਪਤਨੀ ਨੂੰ ਬਾਦਲ ਦਲ ਨੇ ਮਾਲੇਰਕੋਟਲਾ ਤੋਂ ਐੱਮ ਐਲ ਏ ਦੀ ਟਿਕਟ ਦਿੱਤੀ ਸੀ। ਆਲਮ ਅੱਜ ਕਲ ਅਕਾਲੀ ਦਲ ਬਾਦਲ ਦਾ ਸੀਨੀਅਰ ਮੀਤ ਪ੍ਰਧਾਨ ਹੈ।
ਏ ਡੀ ਸੀ ਦਰਬਾਰਾ ਸਿੰਘ ਗੁਰੂ, ਵੀ ਇਸ ਸਾਕੇ ਲਈ ਸਿੱਧੇ ਤੋਰਤੇ ਜਿੰਮੇਵਾਰ ਹੈ ਅਤੇ ਇੱਕ ਪਤਿਤ ਸਿੱਖ ਹੈ ਨੂੰ ਪੰਥਿਕ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਂ ਬਾਦਲ ਦੇ ਹੁਕਮ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਹੈ। ਅੱਜ ਕਲ ਅਕਾਲੀ ਦਲ ਬਾਦਲ ਦਾ ਸੀਨੀਅਰ ਮੀਤ ਪ੍ਰਧਾਨ ਹੈ ਅਤੇ ਇਸ ਨੂੰ ਬਾਦਲ ਦਲ ਨੇ ਬੱਸੀ ਪਠਾਣਾ ਤੋਂ ਐੱਮ ਐਲ ਏ ਦੀ ਟਿਕਟ ਦਿੱਤੀ ਸੀ। ਇਜ਼ਹਾਰ ਆਲਮ ਐੱਸ ਐੱਸ ਪੀ, ਡੀ ਜੀ ਪੀ ਬਣ ਕੇ ਰਿਟਾਇਰ ਹੋਇਆ। ਜਸਕੀਰਤ ਸਿੰਘ ਐੱਸ ਐਚ ਓ, ਐੱਸ ਪੀ ਬਣ ਕੇ ਰਿਟਾਇਰ ਹੋਇਆ।ਸਵਰਨ ਘੋਟਣਾ ਡੀ ਐੱਸ ਪੀ, ਐੱਸ ਐੱਸ ਪੀ ਬਣ ਕੇ ਰਿਟਾਇਰ ਹੋਇਆ।
28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਦੇ ਬੇਅਦਬੀਆਂ ਸੰਬੰਧੀ ਖਾਸ ਸੈਸ਼ਨ ਵਿਚ ਆਮ ਆਦਮੀ ਪਾਰਟੀ ਦੇ ਐੱਮ ਐਲ ਏ ਹਰਵਿੰਦਰ ਸਿੰਘ ਫੂਲਕਾ ਅਤੇ ਕੰਵਰ ਸੰਧੂ ਨੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਅਦਾਲਤੀ ਜਾਂਚ ਵਿਧਾਨ ਸਭਾ ਵਿੱਚ ਰੱਖਣ, ਇਸ ਤੇ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਸੀ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ।
2 ਅਕਤੂਬਰ 2018 ਨੂੰ ਆਮ ਆਦਮੀ ਪਾਰਟੀ ਦੇ ਐੱਮ ਐਲ ਏ ਕੰਵਰ ਸੰਧੂ ਨੇ ਆਪਣੇ ਪੁਰਾਣੇ ਰਿਕਾਰਡ ਵਿਚੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਅਦਾਲਤੀ ਜਾਂਚ ਸੰਬੰਧੀ ਰਿਪੋਰਟ ਜੋ ਕੇ 24 ਮਾਰਚ 1987 ਦੀ ਅੰਗਰੇਜ਼ੀ ਟ੍ਰਿਬਿਊਨ ਅਖਬਾਰ ਵਿੱਚ ਪਹਿਲੇ ਪੰਨੇ ਤੇ ਪ੍ਰਕਾਸ਼ਤ ਹੋਈ ਸੀ ਲੱਭ ਲਈ। ਇਹ ਰਿਪੋਰਟ ਉਨ੍ਹਾਂ ਨੇ ਕਿਸੇ ਉੱਚ ਅਫਸਰ ਦੇ ਦਫਤਰ ਵਿੱਚ ਪੱਤਰਕਾਰ ਹੋਣ ਦੇ ਨਾ ਤੇ ਪ੍ਰਾਪਤ ਕਰਕੇ ਲਿਖੀ ਸੀ। ਉਨ੍ਹਾਂ ਦੀ ਇਸ ਲਿਖਤ ਵਿੱਚ ਬਿਲਕੁਲ ਸਾਫ ਹੈ ਕਿ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਮੰਨਿਆਂ ਹੈ ਕਿ ਪੁਲਿਸ ਦੀ ਕਾਰਵਾਈ ਬਿਲਕੁਲ ਬੇਲੋੜੀ ਅਤੇ ਨਜਾਇਜ਼ ਸੀ । ਪੁਲਿਸ ਅਤੇ ਪ੍ਰਸ਼ਾਸ਼ਨ ਸਿੱਖ ਨੌਜਵਾਨਾਂ ਦੇ ਕਤਲ ਲਈ ਜ਼ਿੰਮੇਵਾਰ ਹੈ। ਐੱਸ ਐੱਸ ਪੀ ਇਜ਼ਹਾਰ ਆਲਮ, ਏ ਡੀ ਸੀ ਦਰਬਾਰਾ ਗੁਰੂ, ਜਸਕੀਰਤ ਸਿੰਘ ਇੰਸਪੈਕਟਰ ਅਤੇ ਏ ਕੇ ਸ਼ਰਮਾ ਐੱਸ ਪੀ (ਅਪ੍ਰੇਸ਼ਨ) ਸੀ ਆਰ ਪੀ ਨੇ ਝੂਠੀਆਂ ਰਿਪੋਰਟਾਂ ਲਿਖੀਆਂ ਸਨ।
ਕੰਵਰ ਸੰਧੂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ, ਫੇਸਬੁੱਕ ਤੇ ਲਾਈਵ ਹੋ ਕੇ ਅਤੇ ਖ਼ਬਰ ਮੀਡਿਆ ਰਾਹੀਂ ਮੰਗ ਕੀਤੀ ਸੀ ਕਿ ਸਰਕਾਰ ਆ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ, ਇਸ ਤੇ ਕੀਤੀ ਕਾਰਵਾਈ ਦੀ ਰਿਪੋਰਟ (Action Taken Report) ਦੇ ਨਾਲ ਰੱਖੇ, ਖਾਸ ਜਾਂਚ ਟੀਮ (Special Investigation Team) ਬਣਾ ਕੇ ਦੋਸ਼ੀ ਪੁਲਿਸ ਅਫਸਰਾਂ ਤੇ ਮੁਕੱਦਮੇ ਦਰਜ ਕਰਕੇ ਬਣਦੀ ਕਾਰਵਾਈ ਕਰੇ, ਪੀੜਿਤ ਪਰਿਵਾਰਾਂ ਤੋਂ ਮੁਆਫੀ ਮੰਗੇ ਅਤੇ ਪਰਿਵਾਰਾਂ ਨੂੰ ਬਣਦਾ ਹਰਜਾਨਾ ਦੇਵੇ।
ਦਸੰਬਰ 2018 ਦੇ ਪਹਿਲੇ ਦੋ ਹਫਤੇ ਲੋਕ ਸਭਾ ਦੀ ਕਾਰਵਾਈ ਲਗਾਤਾਰ ਠੱਪ ਹੋਣ ਅਤੇ ਸਦਨ ਅੰਦਰ ਸਾਕਾ ਨਕੋਦਰ ਸੰਬੰਧੀ ਮੁੱਦਾ ਨਾ ਉਠਾਏ ਜਾਣ ਕਾਰਨ, 19 ਦਸੰਬਰ 2018 ਨੂੰ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਅਦਾਲਤੀ ਜਾਂਚ ਦੀ ਰਿਪੋਰਟ ਅਜੇ ਤੱਕ ਨਸ਼ਰ ਨਾ ਕਰਨ ਅਤੇ ਦੋਸ਼ੀਆਂ ਨੂੰ ਜੁਲਮ ਦੇ ਕਟਿਹਰੇ ਵਿਚ ਖੜ੍ਹਾ ਕਰਕੇ ਸਜਾਵਾਂਨਾਦੇਣਵਿਰੁੱਧ, ਪੰਜਾਬ ਸਰਕਾਰ ਦੀ ਮੁਜ਼ਰਮਾਨਾਂ ਉਦਾਸੀਨਤਾ ਤੇ ਪਹੁੰਚ ਦੇ ਖਿਲਾਫ ਇਨਸਾਫ ਦੀ ਮੰਗ ਕਰਦੇ ਹੋਏ ਇਸ ਸਬੰਧ ਵਿਚ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜਾਵਾਂ ਦੇਣ ਲਈ ਪੰਜਾਬ ਸਰਕਾਰ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ।
ਸ੍ਰੀ ਰਾਜਨਾਥ ਸਿੰਘ ਨੇ ਤੁਰੰਤ ਆਪਣੇ ਸੈਕਟਰੀ ਨੂੰ ਬੁਲਾ ਕੇ ਪੰਜਾਬ ਸਰਕਾਰ ਦੀ ਇਸ ਗੈਰ-ਸੰਜੀਦਗੀ ਨੂੰ ਲੈ ਕੇ ਤੁਰੰਤ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖਣ, ਲਈ ਕਿਹਾ ਅਤੇ ਰਿਪੋਰਟ ਭੇਜਣ ਲਈ ਹੁਕਮ ਦਿੱਤੇ ਸਨ।
ਹੁਣ ਸਰਕਾਰ ਕੋਈ ਕਾਰਵਾਈ ਕਰਦੀ ਹੈ ਕਿ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ।ਪਰਿਵਾਰ ਪਿਛਲੇ 33 ਸਾਲਾਂ ਤੋਂ ਇਨਸਾਫ ਉਡੀਕ ਰਹੇ ਹਨ।
*ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ
Related Topics: All India Sikh Students Federation (AISSF), Badal Dal, Baldev Singh Littran, darbara singh guru, Izhar Alam, Saka Nakodar, Saka Nakodar (4 February 1986), Vadala