September 28, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ੫੫੦ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਏ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਅੰਦਰ ਉਤਸ਼ਾਹ ਲਗਾਤਾਰ ਜਾਰੀ ਹੈ। ਇਸ ਤਹਿਤ ਬੀਤੀ ਰਾਤ ਰਾਜਸਥਾਨ ਦੇ ਉਦੇਪੁਰ ਵਿਖੇ ਪਹੁੰਚਣ ‘ਤੇ ਵੀ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਸੰਗਤਾਂ ਨੇ ਖ਼ਾਲਸਈ ਜੈਕਾਰਿਆਂ ਨਾਲ ਨਗਰ ਕੀਰਤਨ ਨੂੰ ਜੀ-ਆਇਆਂ ਕਿਹਾ। ਇਸ ਤੋਂ ਪਹਿਲਾਂ ਅਹਿਮਦਾਬਾਦ (ਗੁਜਰਾਤ) ਤੋਂ ਉਦੇਪੁਰ ਦੇ ਸਾਰੇ ਰਸਤੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਜੁੜੀਆਂ ਅਤੇ ਸੰਗਤ ਵੱਲੋਂ ਥਾਂ-ਥਾਂ ਸਵਾਗਤੀ ਗੇਟ ਬਣਾਏ ਗਏ ਤੇ ਲੰਗਰ ਵਰਤਾਏ ਗਏ।
ਇਸੇ ਦੌਰਾਨ ਅੱਜ ਉਦੇਪੁਰ ਤੋਂ ਕੋਟਾ ਲਈ ਨਗਰ ਕੀਰਤਨ ਦੀ ਰਵਾਨਗੀ ਸਮੇਂ ਸਥਾਨਕ ਗੁਰਦੁਆਰਾ ਸੱਚਖੰਡ ਦਰਬਾਰ ਸਿੱਖ ਕਲੋਨੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਸੰਗਤਾਂ ਨੂੰ ੫੫੦ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ ਸ਼ਮੂਲੀਅਤ ਕਰਨ ਦੀ ਵੀ ਬੇਨਤੀ ਕੀਤੀ।
ਇਸ ਦੌਰਾਨ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਵੀ ਦਿੱਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਰਾਜਿਸਥਾਨ ਤੋਂ ਮੈਂਬਰ ਸ. ਸੁਰਜੀਤ ਸਿੰਘ ਕੰਗ, ਗੁਰਦੁਆਰਾ ਸੱਚਖੰਡ ਦਰਬਾਰ ਸਿੱਖ ਕਲੋਨੀ ਦੇ ਪ੍ਰਧਾਨ ਸ. ਧਰਮਵੀਰ ਸਿੰਘ, ਸਕੱਤਰ ਸ. ਦਸ਼ਵਿੱਤ ਸਿੰਘ, ਸ. ਅਨੋਖ ਸਿੰਘ, ਸਿੱਖ ਮਿਸ਼ਨ ਰਾਜਿਸਥਾਨ ਦੇ ਇੰਚਾਰਜ ਸ. ਪ੍ਰਵੀਨ ਸਿੰਘ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਤੇਜਿੰਦਰ ਸਿੰਘ, ਪ੍ਰਚਾਰਕ ਭਾਈ ਪਰਮਜੀਤ ਸਿੰਘ, ਸ. ਸ਼ਿਵਤਾਰ ਸਿੰਘ, ਸ. ਸੁਖਬੀਰ ਸਿੰਘ ਆਦਿ ਮੌਜੂਦ ਸਨ।
Related Topics: 550th Parkash Gurpurab of Guru Nanak Ji, Gurdwaras in Pakistan, Nagar Kirtan, SGPC, Sikhs In Pakistan, Sikhs in Rajasthan