March 8, 2019 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੇ ਅੱਜ ਅਯੁਧਿਆ ਦਾ ਬਾਬਰੀ ਮਸਜਿਦ-ਰਾਮ ਮੰਦਰ ਵਿਵਾਦ ਤਿੰਨ ਵਿਚੋਲਿਆਂ ਦੀ ਇਕ ਟੋਲੀ ਦੇ ਹਵਾਲੇ ਕਰ ਦਿੱਤਾ।
ਅਦਾਲਤ ਵਲੋਂ ਅੱਜ ਲਏ ਗਏ ਫੈਸਲੇ ਮੁਤਾਬਕ ਸੁਪਰੀਮ ਕੋਰਟ ਦੇ ਹੀ ਸਾਬਕਾ ਜੱਜ ਐਫ.ਐਮ. ਇਬਰਾਹਮ ਖਲੀਫਉੱਲਾ, ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਸੀਨੀਅਰ ਵਕੀਲ ਸ਼੍ਰੀਰਾਮ ਪੰਚੂ ਤੇ ਅਧਾਰਤ ਤਿੰਨ ਜਾਣਿਆਂ ਦੀ ਟੋਲੀ ਇਸ ਵਿਵਾਦ ਨਾਲ ਜੁੜੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਰਾਹ ਲੱਭੇਗੀ।
ਜ਼ਿਕਰਯੋਗ ਹੈ ਕਿ ਮਾਮਲੇ ਨਾਲ ਸੰਬੰਧਤ ਸਾਰੀਆਂ ਹੀ ਧਿਰਾਂ ਨੇ ਪਹਿਲਾਂ ਹੀ ਇਸ ਮਸਲੇ ਨੂੰ ਵਿਚੋਲਗੀ ਤੇ ਗੱਲਬਾਤ ਰਾਹੀਂ ਹੱਲ ਕਰਨ ਦੇ ਵਿਚਾਰ ਨੂੰ ਨਾਕਾਰ ਦਿੱਤਾ ਸੀ ਪਰ ਫਿਰ ਵੀ ਖਿੱਤੇ ਦੀ ਉੱਚ ਅਦਾਲਤ ਇਕ ਵਾਰ ਵਿਚੋਲਗੀ ਵਾਲਾ ਅਪਣਾਅ ਦੇ ਵੇਖ ਲੈਣ ਦੇ ਪੱਖ ਵਿਚ ਸੀ। ਸੁਪਰੀਮ ਕੋਰਟ ਦੇ ਮੁੱਖ ਜੱਜ ਰਾਜਨ ਗੋਗੋਈ ਨੇ ਕਿਹਾ ਕੇ ਇਸ ਵਿਚੋਲਗੀ ਦੀ ਸਾਰੀ ਕਾਰਵਾਈ ਜਾਰੀ ਰਹੇਗੀ ਤੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਖਬਰਾਂ ਨਹੀ ਛਾਪੀਆਂ ਜਾ ਸਕਣਗੀਆਂ।
ਜ਼ਿਕਰਯੋਗ ਹੈ ਕਿ ਇਹ ਰੌਲਾ 2.77 ਏਕੜ ਜ਼ਮੀਨ ਨੂੰ ਲੈ ਕੇ ਹੈ ਜਿੱਥੇ ਕਿ 16ਵੀਂ ਸਦੀ ਵਿਚ ਮੁਗਲ ਬਾਦਸ਼ਾਹ ਬਾਬਰ ਵਲੋਂ ਇਕ ਮਸਜਿਦ ਬਣਾਈ ਗਈ ਸੀ। ਬਾਬਰੀ ਮਸਜਿਦ ਦੇ ਨਾਂ ਨਾਲ ਜਾਣੀ ਜਾਂਦੀ ਇਹ ਮਸਜਿਦ ਹਿੰਦੂਤਵੀਆਂ ਨੇ 6 ਦਸੰਬਰ 1992 ਨੂੰ ਢਾਹ ਦਿੱਤੀ ਸੀ। ਹਿੰਦੂ ਜਥੇਬੰਦੀ ਬਾਬਰੀ ਮਸਜਿਦ ਵਾਲੇ ਥਾਂ ਤੇ ਰਾਜਾ ਰਾਮ ਚੰਦਰ ਦਾ ਮੰਦਰ ਬਣਾਉਣਾ ਚਾਹੁੰਦੀਆਂ ਹਨ।
ਇਹ ਮਾਮਲਾ ਬੀਤੇ ਲੰਮੇ ਸਮੇਂ ਤੋਂ ਅਦਾਲਤਾਂ ਵਿਚ ਹੈ। ਇਸ ਤੋਂ ਪਹਿਲਾਂ ਅਲਾਹਾਬਾਦ ਉੱਚ ਅਦਾਲਤ ਨੇ ਮਾਮਲੇ ਵਾਲੀ ਜ਼ਮੀਨ ਨੂੰ ਸੰਬੰਧਤ ਤਿੰਨ ਧਿਰਾਂ ਵਿਚ ਵੰਡਣ ਦਾ ਫੈਸਲਾ ਸੁਣਾਇਆ ਸੀ ਜਿਸ ਨੂੰ ਤਿੰਨਾਂ ਹੀ ਧਿਰਾਂ ਦੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ।
Related Topics: Babri Masjid and Ram Mandir Controversy, Hindutva, Indian Politics, Indian State, SCI