ਸਿੱਖ ਖਬਰਾਂ

“ਘੱਲੂਘਾਰਾ ਯਾਦਗਾਰੀ ਮਾਰਚ” ਉਤੇ ਅਣ-ਐਲਾਨੀ ਪਾਬੰਦੀ, ਪੰਚ ਪ੍ਰਧਾਨੀ ਦੇ ਕਈ ਮੁੱਖ ਆਗੂ ਵਰਕਰਾਂ ਸਮੇਤ ਗ੍ਰਿਫਤਾਰ

May 31, 2010 | By

ਲੁਧਿਆਣਾ/ਮੋਹਾਲੀ (30 ਮਈ, 2010): ਪੰਜਾਬ ਪੁਲਿਸ ਵੱਲੋਂ ਅੱਜ ਅਚਾਨਕ ਕੀਤੀ ਕਾਰਵਾਈ ਤਹਿਤ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂਆਂ ਭਾਈ ਕੁਲਬੀਰ ਸਿੰਘ ਬੜਾਪਿੰਡ, ਦਇਆ ਸਿੰਘ ਕੱਕੜ, ਬਲਦੇਵ ਸਿੰਘ ਸਿਰਸਾ, ਗੁ: ਗੁਰੂਸਰ ਮਹਿਰਾਜ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਮੀਤ ਸਿੰਘ ਗੋਗਾ, ਨੌਜਵਾਨ ਆਗੂ ਸੰਦੀਪ ਸਿੰਘ ਕਨੇਡੀਅਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆਂ ਪੁਲਿਸ ਵੱਲੋਂ ਅਚਾਨਕ ਕੀਤੀ ਕਾਰਵਾਈ ਵਿੱਚ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਚ ਪ੍ਰਧਾਨੀ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ ਅਤੇ ਅਮਰੀਕ ਸਿੰਘ ਈਸੜੂ ਦੇ ਘਰਾਂ ਉੱਤੇ ਵੀ ਛਾਪੇ ਮਾਰੇ ਗਏ, ਪਰ ਉਕਤ ਆਗੂ ਘਰਾਂ ਵਿੱਚ ਨਾ ਹੋਣ ਕਾਰਨ ਪੁਲਿਸ ਉਨ੍ਹਾਂ ਗ੍ਰਿਫਤਾਰ ਨਹੀਂ ਕਰ ਸਕੀ।

ਜ਼ਿਕਰਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ, ਜੋ ਕਿ ਸਿਆਸੀ ਕਾਰਨਾਂ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਹਨ, ਦੀ ਅਗਵਾਈ ਵਾਲੀ ਇਸ ਪਾਰਟੀ ਨੇ ਸਰਹਿੰਦ ਫਤਹਿ ਤੇ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਅਤੇ ਸਿੱਖ ਇਤਿਹਾਸ ਦੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ‘ਘੱਲੂਘਾਰਾ ਯਾਦਗਾਰੀ ਮਾਰਚ’ 1 ਤੋਂ 6 ਜੂਨ ਤੱਕ ਕਰਨ ਦਾ ਐਲਾਨ ਕੀਤਾ ਸੀ, ਜਿਸ ਉੱਪਰ ਪੰਜਾਬ ਸਰਕਾਰ ਵੱਲੋਂ ਅਣਐਲਾਨੀ ਪਾਬੰਦੀ ਲਗਾਉਂਦਿਆਂ ਉਕਤ ਕਾਰਵਾਈ ਕੀਤੀ ਗਈ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਪੈਦਾ ਹੋਏ ਹਾਲਾਤਾਂ ਬਾਰੇ ਵਿਚਾਰ-ਵਿਟਾਂਦਰਾ ਕਰਨ ਲਈ ਅੱਜ ਪੰਚ ਪ੍ਰਧਾਨੀ ਦੇ ਮੁੱਖ ਆਗੂਆਂ ਦੀ ਹੰਗਾਮੀ ਇਕੱਤਰਤਾ ਹੋਈ ਜਿਸ ਦੇ ਵੇਰਵੇ ਜਾਰੀ ਕਰਦਿਆਂ ਭਾਈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਘੱਲੂਘਾਰਾ ਯਾਦਗਾਰੀ ਸਮਾਗਮ ਮਿੱਥੇ ਪ੍ਰੋਗਰਾਮ ਅਨੁਸਾਰ ਹੋਣਗੇ ਅਤੇ ਯਾਦਗਾਰੀ ਮਾਰਚ ਹਰ ਹੀਲੇ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਕਾਰਵਾਈ ਨੂੰ ਗੈਰ-ਜਮਰੂਹੀ ਦਸੱਦਿਆਂ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤੱਕ ਪੰਚ ਪ੍ਰਧਾਨੀ ਵੱਲੋਂ ਬੀਤੇ ਸਮੇਂ ਵਿੱਚ ਜਿੰਨੇ ਵੀ ਸਮਾਗਮ ਕੀਤੇ ਗਏ ਹਨ ਉਹ ਪੂਰੀ ਤਰ੍ਹਾਂ ਜਾਬਤੇ ਵਿੱਚ ਰਹਿ ਕੇ ਕੀਤੇ ਗਏ ਹਨ ਅਤੇ ਕਦੇ ਵੀ ਕੋਈ ਅਣ-ਸੁਖਾਵੀ ਘਟਨਾ ਨਹੀਂ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਮਾਰਚ ਸਬੰਧੀ ਵੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪੰਜਾਬ ਪੁਲਿਸ ਮੁਖੀ ਨੂੰ ਅਗਾਊਂ ਸੂਚਿਤ ਕਰ ਦਿੱਤਾ ਗਿਆ ਸੀ, ਪਰ ਬਾਦਲ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਪੁਲਿਸ ਵੱਲੋਂ ਪੰਚ ਪ੍ਰਧਾਨੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸਿਆਸੀ ਹਿੱਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਪੰਜਾਬ ਅੰਦਰ ਪੰਚ ਪ੍ਰਧਾਨੀ ਦੇ ਵਧ ਰਹੇ ਅਧਾਰ ਤੋਂ ਬੁਖਲਾਹਟ ਵਿੱਚ ਆ ਕੇ ਅਤੇ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ-ਨਜ਼ਰ ਪਾਰਟੀ ਦੇ ਆਗਆਂ ਅਤੇ ਵਰਕਰਾਂ ਨੂੰ ਜੇਲ੍ਹੀ ਡੱਕ ਰਹੀ ਹੈ।

ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਨਾਂ ਉੱਤੇ ਤਿੰਨ ਵਾਰ ਸੱਤਾ ਹਾਸਿਲ ਕੀਤੀ ਹੈ, ਪਰ ਸ਼ਹੀਦਾਂ ਨੂੰ ਇਸ ਕਦਰ ਵਿਸਾਰ ਦਿੱਤਾ ਹੈ ਕਿ ਉਨ੍ਹਾਂ ਦੀ ਯਾਦ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਹੋਣ ਵਾਲੇ ਮਾਰਚ ਨੂੰ ਰੋਕਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ, ਜੋ ਇਸ ਸਿਆਸੀ ਜਮਾਤ ਦੀ ਪੰਥ ਤੇ ਲੋਕਤੰਤਰ ਵਿਰੋਧੀ ਸੋਚ ਦਾ ਪ੍ਰਤੱਖ ਸਬੂਤ ਹੈ। ਭਾਈ ਚੀਮਾ ਨੇ ਸਮੂਹ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਦ੍ਰਿੜਤਾ ਨਾਲ ਤੇ ਵਧ-ਚੜ੍ਹ ਕੇ ਯੋਗਦਾਨ ਪਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: