ਸਿੱਖ ਖਬਰਾਂ

ਸਿੱਖ ਸ਼ਸਤਰ ਵਿੱਦਿਆ ਤੇ ਗੱਤਕਾ ਨੂੰ ਪੇਟੈਂਟ ਕਰਾਉਣਾ ਵਿਰਾਸਤ ’ਤੇ ਕਬਜਾ ਕਰਨ ਦੇ ਤੁੱਲ

March 15, 2019 | By

ਚੰਡੀਗੜ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ.) ਤੇ ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਨੇ ਦਿੱਲੀ ਦੀ ਇੱਕ ਨਿੱਜੀ ਪ੍ਰੋਪਰਾਈਟਰਸ਼ਿੱਪ ਵਾਲੀ ਲਿਮਟਿਡ ਫਰਮ ਵੱਲੋਂ ਸਿੱਖ ਸ਼ਸਤਰ ਵਿੱਦਿਆ ਅਤੇ ਗੱਤਕੇ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਉਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਗੱਤਕਾ ਖੇਡ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵੱਲੋਂ ਵਰੋਸਾਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਅਤੇ ਕੋਈ ਵੀ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ।

ਉਕਤ ਸਬੰਧੀ ਇੱਕ ਬਿਆਨ ਵਿੱਚ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਕੱਤਰ ਤੇਜਿੰਦਰ ਸਿੰਘ ਗਿੱਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇੱਕ ਨਿੱਜੀ ਫਰਮ ਨੇ ਦੋ ਨਾਮ – ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ, ਦੇ ਨਾਵਾਂ ਨੂੰ ਦਿੱਲੀ ਤੋਂ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਇਆ ਹੈ ਜੋ ਕਿ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਅਤੇ ਸਮੁੱਚੀ ਸਿੱਖ ਕੌਮ ਨੂੰ ਚੁਣੌਤੀ ਦੇਣ ਸਮਾਨ ਹੈ। ਇਸ ਧਾਰਮਿਕ ਮੁੱਦੇ ‘ਤੇ ਸਬੰਧਿਤ ਨਿੱਜੀ ਫਰਮ ਨੂੰ ਸਖਤ ਚਿਤਾਵਨੀ ਦਿੰਦਿਆਂ ਚੋਟੀ ਦੀਆਂ ਉਕਤ ਸੰਸਥਾਵਾਂ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦਾ ਮਕਸਦ ਸਿੱਖ ਧਰੋਹਰ ‘ਤੇ ਕਬਜਾ ਕਰਨਾ ਦੇ ਤੁੱਲ ਕਰਾਰ ਦਿੱਤਾ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

ਉਨਾਂ ਕਿਹਾ ਕਿ ਜੇਕਰ ਇਸ ਨਿੱਜੀ ਫਰਮ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੇ ਗੁਨਾਂਹ ਸਬੰਧੀ ਤੁਰੰਤ ਸਿੱਖ ਕੌਮ ਤੋਂ ਮਾਫੀ ਨਾ ਮੰਗੇ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦ ਨਾ ਕਰਾਇਆ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਭਾਰਤੀ ਟਰੇਡ ਮਾਰਕ ਕਾਨੂੰਨ ਤਹਿਤ ਅਨੁਸਾਰ ਕਿਸੇ ਨਵੀਂ ਕਾਢ ਜਾਂ ਨਵੀਂ ਤਕਨੀਕ ਤਿਆਰ ਹੋਣ ’ਤੇ ਹੀ ਪੇਟੈਂਟ ਕਰਾਇਆ ਜਾ ਸਕਦਾ ਹੈ ਜਦਕਿ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਤਾਂ ਪੁਰਾਤਨ ਗੁਰ ਇਤਿਹਾਸ, ਗੁਰਬਾਣੀ, ਸਿੱਖ ਸੱਭਿਆਚਾਰ, ਧਰਮ ਅਤੇ ਵਿਰਸੇ ਦਾ ਅਟੁੱਟ ਅੰਗ ਹੈ ਜਿਸ ‘ਤੇ ਕਬਜਾ ਕਰਨ, ਇਸ ਵਿਰਾਸਤ ਨੂੰ ਵੇਚਣ ਜਾਂ ਇਸ ਰਾਹੀਂ ਪੈਸਾ ਕਮਾਉਣ ਦੀ ਖੁੱਲ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।

ਇਸੇ ਵੇਲੇ ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਦਿੱਲੀ ਵਿਖੇ ਇਸੇ ਨਿੱਜੀ ਫਰਮ ਵੱਲੋਂ ਕਰਵਾਈ ਜਾ ਰਹੀ ‘ਵਰਲਡ ਗੱਤਕਾ ਲੀਗ’ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਇਸ ਗੱਤਕਾ ਲੀਗ ਨੂੰ ਉਨਾਂ ਵੱਲੋਂ ਕੋਈ ਵੀ ਮਾਨਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਲਿਮਟਿਡ ਤੇ ਨਿੱਜੀ ਫਰਮ ਵੱਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰਕੇ ਗੱਤਕਾ ਖਿਡਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸਥਾਪਤ ਕਾਨੂੰਨ ਤੇ ਨਿਯਮਾਂ ਅਨੁਸਾਰ ਕਿਸੇ ਵੀ ਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਵਿਸ਼ਵ ਖੇਡ ਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਹੇਠ ਹੀ ਕਰਵਾਇਆ ਜਾ ਸਕਦਾ ਹੈ ਜਦ ਕਿ ਇਸ ਲੀਗ ਨੂੰ ਕਰਵਾਉਣ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਜਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਤੋਂ ਕੋਈ ਵੀ ਪ੍ਰਵਾਨਗੀ ਨਹੀਂ ਲਈ ਗਈ ਜੋ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨੈਸ਼ਨਲ ਸਪੋਰਟਸ ਕੋਡ ਅਤੇ ਭਾਰਤੀ ਓਲੰਪਿਕ ਚਾਰਟਰ ਦੀ ਘੋਰ ਉਲੰਘਣਾ ਹੈ।

ਗਰੇਵਾਲ ਨੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੂਹ ਗੱਤਕਾ ਖਿਡਾਰੀਆਂ ਅਤੇ ਉਕਤ ਦੋਹਾਂ ਗੱਤਕਾ ਸੰਸਥਾਵਾਂ ਨਾਲ ਜੁੜੇ ਰੈਫਰੀਆਂ ਅਤੇ ਕੋਚਾਂ ਨੂੰ ਕਿਹਾ ਹੈ ਕਿ ਉਹ ਇੱਕ ਵਿਅਕਤੀ ਵੱਲੋਂ ਨਿੱਜੀ ਤੌਰ ’ਤੇ ਕਰਵਾਈ ਜਾ ਰਹੀ ਅਜਿਹੀ ਲੀਗ ਜਾਂ ਟੂਰਨਾਮੈਂਟ ਵਿੱਚ ਬਿਲਕੁਲ ਭਾਗ ਨਾ ਲੈਣ ਕਿਉਂਕਿ ਅਜਿਹੇ ਗੈਰਮਾਨਤਾ ਪ੍ਰਾਪਤ ਟੂਰਨਾਮੈਂਟ ਦੌਰਾਨ ਮਿਲਣ ਵਾਲੇ ਸਰਟੀਫਿਕੇਟਾਂ ਦੀ ਵੀ ਕੋਈ ਮਾਨਤਾ ਨਹੀਂ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,